- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਬਜੁਰਗਾਂ ਦੀ ਸੰਭਾਲ ਤੇ ਭਲਾਈ ਲਈ ਵਚਨਬੱਧ-ਮੋਹਿੰਦਰ ਭਗਤ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਵਿਸ਼ੇ ’ਤੇ ਰੈੱਡ ਕਰਾਸ ਭਵਨ ’ਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਪੰਜਾਬ ਦੇ ਬਾਗਬਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਇਸ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਸਰਕਾਰ ਦੀ ਸੂਬਾ ਭਰ ਦੇ ਬਜ਼ੁਰਗਾਂ ਦੀ ਭਲਾਈ, ਸਿਹਤ ਸੰਭਾਲ ਤੇ ਮਾਣ-ਸਨਮਾਨ ਦੀ ਰਾਖੀ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਭਗਤ ਨੇ ਦੱਸਿਆ ਕਿ ਇਹ ਸਮਾਗਮ ਬਜ਼ੁਰਗਾਂ ਤੇ ਭਲਾਈ ਸਕੀਮਾਂ ਵਿਚਲੀ ਦੂਰੀ ਨੂੰ ਖ਼ਤਮ ਕਰਨ ਲਈ ਕਰਵਾਇਆ ਜਾ ਰਿਹਾ ਹੈ ਤਾਂ ਜੋ ਬਜ਼ੁਰਗ ਬਿਨਾਂ ਕਿਸੇ ਰੁਕਾਵਟ ਦੇ ਵੱਖ-ਵੱਖ ਸਕੀਮਾਂ ਦਾ ਲਾਭ ਹਾਸਲ ਕਰ ਸਕਣ। ਬਜ਼ੁਰਗ ਸਾਡੇ ਪਰਿਵਾਰ ਦਾ ਅਣਮੁੱਲ ਸਰਮਾਇਆ ਹਨ ਤੇ ਉਨ੍ਹਾਂ ਦੀ ਸੇਵਾ ਤੇ ਸਨਮਾਨ ਕਰਨਾ ਸਾਡਾ ਸਭ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਭਰ ’ਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਉਣ ਦਾ ਮਕਸਦ ਪਰਿਵਾਰਾਂ ਤੇ ਸਮਾਜ ’ਚ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਉਹ ਬਜ਼ੁਰਗਾਂ ਨੂੰ ਪੂਰਾ ਮਾਣ-ਸਮਾਨ ਦੇ ਸਕਣ। ਉਨ੍ਹਾਂ ਦੱਸਿਆ ਕਿ ਬਜੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਅਨੇਕਾਂ ਪਹਿਲਕਦਮੀਆਂ ਜਿਨ੍ਹਾਂ ’ਚ ਸਿਹਤ ਸੰਭਾਲ ਤੇ ਜਾਂਚ ਕੈਂਪ, ਡਿਜੀਟਲ ਸਾਖਰਤਾ ਕੈਂਪ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਤੇ ਸਵੈ ਸਹਾਇਤਾ ਗਰੁੱਪ ਪ੍ਰਦਰਸ਼ਨੀਆਂ ਸ਼ਾਮਲ ਹਨ। ਇਸ ਮੌਕੇ ਅਧਿਕਾਰੀਆ ਵੱਲੋਂ ਯੋਗ ਬਜ਼ੁਰਗਾਂ ਨੂੰ ਪੈਨਸ਼ਨ ਪ੍ਰਵਾਨ ਪੱਤਰ ਸੌਂਪਣ ਦੇ ਨਾਲ-ਨਾਲ ‘ਇਕ ਰੁੱਖ ਮਾਂ ਦੇ ਨਾਮ’ ਤਹਿਤ ਪੌਦੇ ਵੀ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੁਲ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ, ਸਕੱਤਰ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਤੇ ਵੱਖ-ਵੱਖ ਵਿਭਾਗਾਂ ਤੋਂ ਉੱਚ ਅਧਿਕਾਰੀ ਹਾਜ਼ਰ ਸਨ।