ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਅਸਥਾਨਾਂ ਦੇ ਵੀ ਦਰਸ਼ਨ ਕਰਵਾਏ ਸੂਬਾ ਸਰਕਾਰ : ਰਾਮ ਸਿੰਘ ਬੋਲੀਨਾ ਤੇ ਸੁਨੀਲ ਬਾਘਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਦੇ ਵੀ ਦਰਸ਼ਨ ਕਰਵਾਏ ਪੰਜਾਬ ਸਰਕਾਰ - ਰਾਮ ਸਿੰਘ ਬੋਲੀਨਾ ਤੇ ਸੁਨੀਲ ਬਾਘਾ
Publish Date: Sun, 02 Aug 2026 06:42 PM (IST)
Updated Date: Sun, 02 Aug 2026 06:43 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੀਨੀਅਰ ਆਗੂ ਤੇ ਪੰਚਾਇਤ ਯੂਨੀਅਨ ਜਲੰਧਰ ਦੇ ਪ੍ਰਧਾਨ ਰਾਮ ਸਿੰਘ ਬੋਲੀਨਾ ਤੇ ਜਲੰਧਰ ਕੇਂਦਰੀ ਵਿਧਾਨ ਸਭਾ ਦੇ ਸਾਬਕਾ ਜਨਰਲ ਸੈਕਟਰੀ ਸੁਨੀਲ ਬਾਘਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਲਈ ਵੀ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਕ ਸ਼ਲਾਘਾਯੋਗ ਕਦਮ ਹੈ ਪਰ ਇਸ ’ਚ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਦਾ ਵੀ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ। ਬਸਪਾ ਆਗੂਆਂ ਨੇ ਤਿੰਨ ਪ੍ਰਮੁੱਖ ਇਤਿਹਾਸਕ ਅਸਥਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਬੱਸਾਂ ਦੇ ਰੂਟਾਂ ’ਚ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ, ਜਿੱਥੇ ਸੰਗਤਾਂ ਦੀ ਅਥਾਹ ਸ਼ਰਧਾ ਹੈ ਸ੍ਰੀ ਖੁਰਾਲਗੜ੍ਹ ਸਾਹਿਬ (ਗੜ੍ਹਸ਼ੰਕਰ), ਚੱਕ ਹਕੀਮ (ਫਗਵਾੜਾ) ਤੇ ਗੁਰੂਘਰ ਸੀਰ ਗੋਵਰਧਨਪੁਰ (ਬਨਾਰਸ/ਵਾਰਾਣਸੀ) ਜਿੱਥੇ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਅਸਥਾਨ ਹੈ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਲ ਕਰਨਾ ਚਾਹੀਦਾ ਹੈ। ਰਾਮ ਸਿੰਘ ਬੋਲੀਨਾ ਤੇ ਸੁਨੀਲ ਬਾਘਾ ਨੇ ਸਾਂਝੇ ਬਿਆਨ ’ਚ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਤੇ ਇੱਥੇ ਹਰ ਵਰਗ ਤੇ ਧਰਮ ਦੇ ਲੋਕ ਆਪਸੀ ਪਿਆਰ ਨਾਲ ਰਹਿੰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ’ਚ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਹਰ ਲੋਕ-ਭਲਾਈ ਸਕੀਮ ਜਾਂ ਯੋਜਨਾ ਦਾ ਲਾਭ ਸਾਰੇ ਵਰਗਾਂ ਨੂੰ ਬਰਾਬਰ ਰੂਪ ’ਚ ਵੰਡੇ। ਉਨ੍ਹਾਂ ਕਿਹਾ ਕਿ ਜਦੋਂ ਹਰ ਧਰਮ ਦੇ ਸ਼ਰਧਾਲੂਆਂ ਨੂੰ ਆਪਣੇ ਰਹਿਬਰਾਂ ਦੇ ਦਰਸ਼ਨਾਂ ਦਾ ਮੌਕਾ ਮਿਲੇਗਾ, ਤਾਂ ਇਸ ਨਾਲ ਸਮਾਜ ’ਚ ਆਪਸੀ ਸਾਂਝ, ਏਕਤਾ ਤੇ ਭਾਈਚਾਰਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗਰੀਬ ਸ਼ਰਧਾਲੂ ਆਰਥਿਕ ਤੰਗੀ ਕਾਰਨ ਬਨਾਰਸ ਜਾਂ ਦੂਰ-ਦੁਰਾਡੇ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ, ਇਹੋ ਜਿਹੇ ’ਚ ਸਰਕਾਰੀ ਬੱਸ ਸੇਵਾ ਇਨ੍ਹਾਂ ਪਰਿਵਾਰਾਂ ਲਈ ਇੱਕ ਵੱਡਾ ਸਹਾਰਾ ਬਣੇਗੀ। ਬਸਪਾ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਇਸ ਮੰਗ ਨੂੰ ਪ੍ਰਵਾਨ ਕਰਨ।