ਅਟਾਰੀ ਬਾਰਡਰ ਖੁੱਲ੍ਹਣ ਨਾਲ ਹੀ ਪੰਜਾਬ ਬਣ ਸਕਦਾ ਹੈ ਵਪਾਰਕ ਹੱਬ : ਮਰਵਾਹਾ ਅਟਾਰੀ ਬਾਰਡਰ ਖੁੱਲਣ ਨਾਲ ਹੀ ਪੰਜਾਬ ਬਣ ਸਕਦਾ ਹੈ ਵਪਾਰਕ ਹੱਬ : ਮਰਵਾਹਾ
Publish Date: Sun, 11 Oct 2026 09:54 PM (IST)
Updated Date: Sun, 11 Oct 2026 09:56 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਵੱਲੋਂ ਇੱਕ ਵਪਾਰੀ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀਆਂ ਅਤੇ ਪ੍ਰਤੀਨਿਧਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸੰਮੇਲਨ ਦੌਰਾਨ ਭਾਰਤ ਸਰਕਾਰ ਦੇ ਟਰੇਡਰਜ਼ ਵੈੱਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਜੇ ਸਿੰਘੀ ਦਾ ਮੁੱਖ ਮਹਿਮਾਨ ਵਜੋਂ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਪੰਜਾਬ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਸਮਾਗਮ ਦੇ ਮੇਜ਼ਬਾਨ ਰਜਿੰਦਰ ਸਿੰਘ ਮਰਵਾਹਾ, ਡਾ. ਪਰਮਜੀਤ ਸਿੰਘ ਮਰਵਾਹਾ ਤੇ ਗੌਤਮ ਕੁਕਰੇਜਾ ਸਨ। ਚੇਅਰਮੈਨ ਵਰਲਡ ਸਿੱਖ ਚੈੰਬਰ ਆਫ ਕਾਮਰਸ ਪੰਜਾਬ ਚੈਪਟਰ ਅਤੇ ਚੇਅਰਮੈਨ ਟ੍ਰੇਡ ਐਂਡ ਇੰਡਸਟਰੀ ਐਸੋਸੀਏਸ਼ਨ ਪੰਜਾਬ ਨੇ ਮੰਚ ਤੇ ਵਿਸ਼ੇਸ਼ ਤੌਰ ’ਤੇ ਬੋਲਦਿਆਂ ਕੇਂਦਰ ਸਰਕਾਰ ਅਤੇ ਵੈੱਲਫੇਅਰ ਬੋਰਡ ਅੱਗੇ ਜਲੰਧਰ ਦੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਕਈ ਮਹੱਤਵਪੂਰਨ ਮੰਗਾਂ ਰੱਖੀਆਂ। ਸੰਮੇਲਨ ’ਚ ਉਨਾਂ ਕਿਹਾ ਕਿ ਵਪਾਰੀਆਂ ਨੂੰ ਨਿੱਤ ਮਿਲਦੀਆਂ ਧਮਕੀਆਂ, ਫਿਰੌਤੀ ਕਾਲਾਂ ਅਤੇ ਗੈਂਗਸਟਰਾਂ ਦੇ ਡਰ ਤੋਂ ਮੁਕਤ ਕਰਵਾਇਆ ਜਾਵੇ। ਜਿਸ ਤਰ੍ਹਾਂ ਯੂ.ਪੀ. ਅਤੇ ਜੰਮੂ-ਕਸ਼ਮੀਰ ਵਿੱਚ ਮਾਹੌਲ ਸੁਧਾਰਿਆ ਗਿਆ ਹੈ, ਉਵੇਂ ਹੀ ਪੰਜਾਬ ਵਿੱਚ ਵੀ ਵਪਾਰੀਆਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਸਖ਼ਤ ਕਦਮ ਚੁੱਕੇ। ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵਿਸ਼ੇਸ਼ ਕ੍ਰੈਡਿਟ ਪੈਕੇਜ ਤਿਆਰ ਕੀਤਾ ਜਾਵੇ। ਇਸ ਤੋਂ ਇਲਾਵਾ ਘੱਟ ਵਿਆਜ ਦਰਾਂ ’ਤੇ ਵਰਕਿੰਗ ਕੈਪੀਟਲ/ਟਰਮ ਲੋਨ ਅਤੇ ਜੀਐਸਟੀ ਰਿਫੰਡ ਤੇ ਕੰਪਲਾਇੰਸ ਨਾਲ ਜੁੜੀਆਂ ਸਮੱਸਿਆਵਾਂ ਦਾ ਸੁਖਾਲਾ ਹੱਲ ਕੀਤਾ ਜਾਵੇ। ਇੱਕ ਵਿਸ਼ੇਸ਼ ਟਰੇਡ ਮਿਸ਼ਨ ਦਾ ਗਠਨ ਕੀਤਾ ਜਾਵੇ, ਜਿਸ ਵਿੱਚ ਕੇਂਦਰ ਸਰਕਾਰ, ਉਦਯੋਗਪਤੀ, ਐਕਸਪੋਰਟਰ ਅਤੇ ਟਰੇਡਰ ਸ਼ਾਮਲ ਹੋਣ ਤਾਂ ਜੋ ਜਲੰਧਰ ਦੇ ਉਤਪਾਦਾਂ (ਹੈਂਡ ਟੂਲਜ਼, ਸਰਜੀਕਲ, ਖੇਡ ਸਮਾਨ ਆਦਿ) ਲਈ ਅੰਤਰਰਾਸ਼ਟਰੀ ਮਾਰਕੀਟ ਲੱਭੀ ਜਾ ਸਕੇ। ਜਲੰਧਰ ਵਿੱਚ ਤਿਆਰ ਹੁੰਦਾ ਖੇਡਾਂ ਦਾ ਸਾਮਾਨ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾਂਦਾ ਹੈ। ਇਸ ਲਈ ਕੇਂਦਰ ਸਰਕਾਰ ਜਲੰਧਰ ਨੂੰ ਵਿਸ਼ੇਸ਼ ਸਪੋਰਟਸ ਮੈਨੂਫੈਕਚਰਿੰਗ ਐਂਡ ਐਕਸਪੋਰਟ ਹੱਬ ਵਜੋਂ ਵਿਕਸਿਤ ਕਰਨ ਲਈ ਠੋਸ ਕਦਮ ਚੁੱਕੇ। ਅਟਾਰੀ ਬਾਰਡਰ ਨੂੰ ਸਿਰਫ਼ ਸੀਮਾ ਵਜੋਂ ਨਹੀਂ, ਸਗੋਂ ਭਾਰਤ-ਅਫ਼ਗਾਨਿਸਤਾਨ, ਉਜ਼ਬੇਕਿਸਤਾਨ ਅਤੇ ਮੱਧ ਏਸ਼ਿਆਈ ਦੇਸ਼ਾਂ ਨਾਲ ਵਪਾਰ ਲਈ ‘ਲੈਂਡ ਟਰੇਡ ਕੋਰੀਡੋਰ’ ਵਜੋਂ ਵਿਕਸਿਤ ਕੀਤਾ ਜਾਵੇ ਅਤੇ ਅੰਮ੍ਰਿਤਸਰ-ਜਲੰਧਰ ਨੂੰ ਵੱਡਾ ਵਪਾਰਕ ਗੇਟਵੇ ਬਣਾਇਆ ਜਾਵੇ। ਇਸ ਮੌਕੇ ਭਾਜਪਾ ਜ਼ਿਲਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਲਘੂ ਉਦਯੋਗ ਦੀ ਮੀਤ ਪ੍ਰਧਾਨ ਸੀਮਾ ਧੂਮਲ, ਭਾਜਪਾ ਸੀਨੀਅਰ ਨੇਤਾ ਆਰਤੀ ਰਾਜਪੂਤ, ਉੱਘੇ ਉਦਯੋਗਪਤੀ ਨਰਿੰਦਰ ਸਿੱਘ ਸੱਗੂ, ਤੇਜਿੰਦਰ ਸਿੰਘ ਭਸੀਨ, ਅਮਰਜੀਤ ਸਿੰਘ ਅਮਰੀ, ਹਨੀ ਗੁਪਤਾ, ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ, ਸਪੋਕਸਪਰਸਨ ਮੌਂਟੀ ਸਹਿਗਲ, ਮੋਹਨ ਕੋਲਡ ਡਰਿੰਕ ਦੇ ਐੱਮਡੀ ਇਕਬਾਲ ਸਿੰਘ, ਅਮਬੈਸਡਰ ਹੋਟਲ ਦੇ ਮਾਲਕ ਐਸਪੀ ਅਰੋੜਾ ਸਣੇ ਸ਼ਹਿਰ ਦੇ ਕਰੀਬ 200 ਤੋਂ ਵੱਧ ਉਦਯੋਗਪਤੀ ਤੇ ਵਪਾਰੀ ਹਾਜ਼ਰ ਸਨ। ‘ਮਾਤਾ ਕੀ ਜੈ’ ਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸਮਾਗਮ ਦੀ ਸਮਾਪਤੀ ਹੋਈ।