ਪੰਜਾਬ ਬੰਦ ਦਾ ਵੱਡਾ ਅਸਰ: ਜਲੰਧਰ ਸ਼ਹਿਰ ਰਿਹਾ ਮੁਕੰਮਲ ਬੰਦ, ਕਸਬਿਆਂ ’ਚ ਜਨ-ਜੀਵਨ ਰਿਹਾ ਆਮ ਵਾਂਗ, ਮੰਗਾਂ ਨਾ ਮੰਨੇ ਜਾਣ 'ਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਬਰਨਾਲਾ ਵਿਖੇ ਸਫਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਸੋਮਵਾਰ ਨੂੰ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਜਲੰਧਰ ਸ਼ਹਿਰ ਵਿੱਚ ਸਵੇਰ ਤੋਂ ਹੀ ਵਿਆਪਕ ਅਸਰ ਦੇਖਣ ਨੂੰ ਮਿਲਿਆ ਜਦ ਕਿ ਨਾਲ ਲੱਗਦੇ ਕਸਬਿਆਂ ’ਚ ਜਨਜੀਵਨ ਆਮ ਵਾਂਗ ਹੈ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਦੇ ਐਲਾਨ ਕਾਰਨ ਸ਼ਹਿਰ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਮਾਰਕੀਟਾਂ ਪੂਰੀ ਤਰ੍ਹਾਂ ਬੰਦ ਹਨ।
Publish Date: Mon, 27 Jul 2026 11:48 AM (IST)
Updated Date: Mon, 27 Jul 2026 11:55 AM (IST)
ਪੰਜਾਬੀ ਜਾਗਰਣ ਟੀਮ, ਜਲੰਧਰ। ਬਰਨਾਲਾ ਵਿਖੇ ਸਫਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਸੋਮਵਾਰ ਨੂੰ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਜਲੰਧਰ ਸ਼ਹਿਰ ਵਿੱਚ ਸਵੇਰ ਤੋਂ ਹੀ ਵਿਆਪਕ ਅਸਰ ਦੇਖਣ ਨੂੰ ਮਿਲਿਆ ਜਦ ਕਿ ਨਾਲ ਲੱਗਦੇ ਕਸਬਿਆਂ ’ਚ ਜਨਜੀਵਨ ਆਮ ਵਾਂਗ ਹੈ। ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਦੇ ਐਲਾਨ ਕਾਰਨ ਸ਼ਹਿਰ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਮਾਰਕੀਟਾਂ ਪੂਰੀ ਤਰ੍ਹਾਂ ਬੰਦ ਹਨ।
ਬੰਦ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਦੇ ਸਮਰਥਕ ਭਗਵਾਨ ਵਾਲਮੀਕਿ ਚੌਂਕ ਦੇ ਨੇੜੇ ਵੱਡੀ ਗਿਣਤੀ ’ਚ ਇਕੱਠੇ ਹਨ। ਮੌਕੇ ’ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਪੁਲਿਸ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਭਾਰੀ ਪੁਲਿਸ ਫੋਰਸ ਤੈਨਾਤ ਹੈ। ਜਲੰਧਰ ਦੇ ਕਈ ਪ੍ਰਾਈਵੇਟ ਸਕੂਲਾਂ ਨੇ ਤਾਂ ਇਹਤਿਆਤ ਦੇ ਤੌਰ ’ਤੇ ਪਹਿਲਾਂ ਹੀ ਛੁੱਟੀ ਕਰ ਦਿੱਤੀ ਸੀ ਪਰ ਕਈ ਸਕੂਲ ਖੋਲ੍ਹੇ ਗਏ ਅਤੇ ਬੱਚਿਆਂ ਦੇ ਸਕੂਲ ਪਹੁੰਚਣ ਤੋਂ ਕੁਝ ਸਮਾਂ ਬਾਅਦ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਜਿਸ ਕਾਰਨ ਮਾਪਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕਿੱਥੇ-ਕਿੱਥੇ ਰਿਹਾ ਬੰਦ ਦਾ ਅਸਰ? ਓਲਡ ਜੀ.ਟੀ. ਰੋਡ, ਸ਼ੇਖਾ ਬਾਜ਼ਾਰ, ਰੈਣਕ ਬਾਜ਼ਾਰ, ਨਵਾਂ ਬਾਜ਼ਾਰ ਅਤੇ ਗੁਰੂ ਨਾਨਕਪੁਰਾ ਰੋਡ ਮਾਰਕੀਟ ਪੂਰੀ ਤਰ੍ਹਾਂ ਬੰਦ ਹਨ। ਇਸ ਤੋਂ ਇਲਾਵਾ ਅਲੀ ਮੁਹੱਲਾ, ਮਾਡਲ ਟਾਊਨ ਸਪੋਰਟਸ ਮਾਰਕੀਟ ਅਤੇ ਬਸਤੀ ਪੀਰਦਾਦ ਰੋਡ ’ਤੇ ਵੀ ਵਪਾਰਕ ਅਦਾਰੇ ਮੁਕੰਮਲ ਤੌਰ ’ਤੇ ਬੰਦ ਦੇਖੇ ਗਏ। ਦੱਸਣਯੋਗ ਹੈ ਕਿ ਨਗਰ ਨਿਗਮ ਯੂਨੀਅਨ ਅਤੇ ਭਾਜਪਾ ਸਮੇਤ ਕਈ ਹੋਰ ਜਥੇਬੰਦੀਆਂ ਨੇ ਵੀ ਇਸ ਬੰਦ ਦਾ ਸਮਰਥਨ ਕੀਤਾ ਸੀ।
ਬੰਦ ਦੇ ਚੱਲਦਿਆਂ ਸ਼ਹਿਰ ’ਚ ਆਵਾਜਾਈ ਤਾਂ ਆਮ ਵਾਂਗ ਚੱਲ ਰਹੀ ਹੈ ਪਰ ਬਾਜ਼ਾਰਾਂ ’ਚ ਸੰਨਾਟਾ ਛਾਇਆ ਹੋਇਆ ਹੈ। ਇਸ ਦੇ ਨਾਲ ਹੀ ਕਰਤਾਰਪੁਰ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਹੈ। ਇਸ ਦੇ ਨਾਲ ਹੀ ਨਕੋਦਰ ਸ਼ਹਿਰ ’ਚ ਲਗਪਗ ਸਾਰੀਆ ਦੁਕਾਨਾਂ ਬੰਦ ਪਰ ਕਈ ਦੁਕਾਨਾਂ ਅਤੇ ਦਫ਼ਤਰ ਖੁੱਲ੍ਹੇ ਹਨ।
ਪੂਰੀ ਜਾਣਕਾਰੀ ਨਾ ਹੋਣ ਕਾਰਨ ਕਈ ਸਕੂਲ ਪ੍ਰਬੰਧਕਾਂ ਨੇ ਪਹਿਲਾਂ ਤਾਂ ਸਕੂਲ ਖੋਲ ਲਏ। ਬੱਚੇ ਸਕੂਲ ਪਹੁੰਚ ਚੁੱਕੇ ਸਨ ਪਰ ਬਾਅਦ ’ਚ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ ਗਿਆ।
ਕੁਝ ਇਲਾਕਿਆਂ 'ਚ ‘ਪੰਜਾਬ ਬੰਦ’ ਦਾ ਅਸਰ ਰਿਹੈ ਬੇਅਸਰ ਇੱਕ ਪਾਸੇ ਜਿੱਥੇ ਜਲੰਧਰ ਸ਼ਹਿਰ 'ਚ ਬੰਦ ਦਾ ਵੱਡਾ ਅਸਰ ਸੀ, ਉੱਥੇ ਹੀ ਜ਼ਿਲ੍ਹੇ ਦੇ ਹੋਰਨਾਂ ਕਸਬਿਆਂ ’ਚ ਬੰਦ ਬੰਦ ਦਾ ਅਸਰ ਘੱਟ ਦੇਖਣ ਨੂੰ ਮਿਲਿਆ। ਫਿਲੌਰ ਸ਼ਹਿਰ ’ਚ ਆਮ ਦਿਨਾਂ ਵਾਂਗ ਦੁਕਾਨਾਂ ਖੁੱਲ੍ਹੀਆਂ ਰਹੀਆਂ ਅਤੇ ਬੰਦ ਦਾ ਕੋਈ ਅਸਰ ਨਹੀਂ ਦਿਸਿਆ। ਗੁਰਾਇਆ ਇਲਾਕੇ ’ਚ ਵੀ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ। ਸ਼ਾਹਕੋਟ ਵਿਖੇ ਵੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਰੱਖੀਆਂ, ਜਿਸ ਕਾਰਨ ਇੱਥੇ ਵੀ ਬੰਦ ਦਾ ਅਸਰ ਜ਼ੀਰੋ ਰਿਹਾ।
ਸੰਘਰਸ਼ ਤਿੱਖਾ ਕਰਨ ਦੀ ਦਿੱਤੀ ਚਿਤਾਵਨੀ ਜਲੰਧਰ ਦੇ ਭਗਵਾਨ ਵਾਲਮੀਕ ਚੌਂਕ ਵਿਖੇ ਵੱਖ-ਵੱਖ ਭਾਈਚਾਰੇ ਦੇ ਲੋਕ ਇਸ ਰੋਸ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਪਹੁੰਚੇ ਹਨ। ਇਸ ਦੌਰਾਨ ਨਗਰ ਨਿਗਮ ਦੇ ਕਰਮਚਾਰੀ ਵੀ ਇਸ ਧਰਨੇ ’ਚ ਪਹੁੰਚ ਚੁੱਕੇ ਹਨ। ਜਿਥੇ ਸਾਰੇ ਸ਼ਹਿਰ ਵਿੱਚ ਤਕਰੀਬਨ ਦੁਕਾਨਾਂ ਬੰਦ ਹਨ, ਉਥੇ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਚੌਕਾਂ ’ਚ ਤੈਨਾਤ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।
ਇਸ ਮੌਕੇ ਵਾਲਮੀਕ ਭਾਈਚਾਰੇ ਤੋਂ ਆਗੂ ਵਿਪਨ ਸੱਭਰਵਾਲ ਨੇ ਕਿਹਾ ਕਿ ਬਰਨਾਲਾ ਵਿਖੇ ਔਰਤਾਂ ’ਤੇ ਲਾਠੀਚਾਰਜ ਕਰਨ ਵਾਲੇ ਡੀ.ਐੱਸ.ਪੀ. ਨੂੰ ਪ੍ਰਸ਼ਾਸਨ ਵੱਲੋਂ ਭਾਵੇਂ ਹੀ ਸਸਪੈਂਡ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਮੰਗ ਮੁਤਾਬਕ ਇਹ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਡੀ.ਐੱਸ.ਪੀ. ਅਤੇ ਇਸ ਮਾਮਲੇ ’ਚ ਸ਼ਾਮਿਲ ਸਾਰੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਬਰਖ਼ਾਸਤ ਕਰਨ ਦੀ ਮੰਗ ਕਰਦੇ ਹਾਂ ਅਤੇ ਇਸ ਘਟਨਾ ਦੌਰਾਨ ਜੋ ਲੋਕ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।