ਪੰਜਾਬ ਬੰਦ ਦੇ ਸੱਦੇ ਨੂੰ ਜਲੰਧਰ ’ਚ ਮਿਲਿਆ ਭਰਵਾਂ ਹੁੰਗਾਰਾ ਪੰਜਾਬ ਬੰਦ ਦੇ ਸੱਦੇ ਨੂੰ ਜਲੰਧਰ ਵਿੱਚ ਮਿਲਿਆ ਭਰਵਾਂ ਹੁੰਗਾਰਾ
Publish Date: Mon, 27 Jul 2026 08:58 PM (IST)
Updated Date: Mon, 27 Jul 2026 09:00 PM (IST)
-ਕੁਝ ਥਾਵਾਂ ’ਤੇ ਖੁੱਲੀਆਂ ਦੁਕਾਨਾਂ ਨੂੰ ਕਰਵਾਇਆ ਬੰਦ -ਵਾਲਮੀਕਿ ਭਾਈਚਾਰੇ ਦੇ ਆਗੂਆਂ ਦੀ ਏਸੀਪੀ ਨਾਲ ਹੋਈ ਬਹਿਸ -ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ --- ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਬਰਨਾਲਾ ’ਚ ਸਫਾਈ ਕਰਮਚਾਰੀਆਂ ਉੱਪਰ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਵਾਲਮੀਕਿ ਭਾਈਚਾਰੇ ਵੱਲੋਂ ਸੋਮਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਜਲੰਧਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਕੁਝ ਨਿੱਕੀਆਂ ਝੜਪਾਂ ਤੋਂ ਇਲਾਵਾ ਜਲੰਧਰ ਬੰਦ ਸ਼ਾਂਤੀਪੁਰਨ ਢੰਗ ਨਾਲ ਸੰਪੰਨ ਹੋਇਆ। ਇੱਕ ਥਾਂ ’ਤੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨਾਲ ਏਸੀਪੀ ਵੈਸਟ ਦੀ ਬਹਿਸ ਹੋ ਗਈ, ਜਿਨ੍ਹਾਂ ਨੂੰ ਸਮਝਾਉਣ ਤੋਂ ਬਾਅਦ ਮਾਮਲਾ ਸੁਲਝ ਗਿਆ। ਬੁੱਧਵਾਰ ਸਵੇਰੇ ਭਗਵਾਨ ਵਾਲਮੀਕਿ ਚੌਕ ਵਿੱਚ ਆਗੂਆਂ ਅਤੇ ਸਿਆਸੀ ਆਗੂਆਂ ਦੀ ਇਕ ਬੈਠਕ ਹੋਈ, ਜਿਸ ਵਿੱਚ ਸਫਾਈ ਕਰਮਚਾਰੀਆਂ ਉੱਪਰ ਹੋਏ ਲਾਠੀਚਾਰਜ ਦੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਤੋਂ ਇਲਾਵਾ ਪੀੜਤ ਕਰਮਚਾਰੀਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਵੇਰ ਤੋਂ ਹੀ ਵਾਲਮੀਕਿ ਭਾਈਚਾਰੇ ਦੇ ਲੋਕ ਸੜਕਾਂ ’ਤੇ ਉਤਰ ਆਏ। ਦੁਕਾਨਦਾਰਾਂ ਵੱਲੋਂ ਇਸ ਕਾਲ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਤੋਂ ਇਲਾਵਾ ਅਰਬਨ ਸਟੇਟ ਇਲਾਕੇ ’ਚ ਤੇ ਮਕਸੂਦਾਂ ਇਲਾਕੇ ਵਿੱਚ ਦੁਕਾਨਾਂ ਖੁੱਲ੍ਹੀਆਂ ਪਾਈਆਂ ਗਈਆਂ, ਜਿਨ੍ਹਾਂ ਨੂੰ ਭਾਈਚਾਰੇ ਦੇ ਨੁਮਾਇੰਦਿਆਂ ਨੇ ਹੱਥ ਜੋੜ ਕੇ ਬੰਦ ਕਰਵਾ ਦਿੱਤਾ। ਕਈ ਥਾਵਾਂ ’ਤੇ ਨੁਮਾਇੰਦਿਆਂ ਦੀ ਕੁਝ ਦੁਕਾਨਦਾਰਾਂ ਦੇ ਕਰਿੰਦਿਆਂ ਨਾਲ ਬਹਿਸ ਵੀ ਹੋ ਗਈ ਪਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦੇਣ ਕਾਰਨ ਮਸਲਾ ਸੁਲਝ ਗਿਆ। ਇਲਾਕੇ ਵਿਚ ਇੱਕ-ਦੋ ਥਾਵਾਂ ’ਤੇ ਬੈਂਕ ਖੁੱਲ੍ਹੇ ਪਾਏ ਗਏ, ਉਹ ਨੂੰ ਵੀ ਬੰਦ ਕਰਵਾ ਦਿੱਤੇ ਗਏ। ਬਸਤੀ ਇਲਾਕੇ ’ਚ ਡੋਮੀਨੋ ਪੀਜ਼ਾ ਖੁੱਲ੍ਹਿਆ ਹੋਇਆ ਸੀ, ਜਿਸ ਨੂੰ ਵਾਲਮੀਕਿ ਭਾਈਚਾਰੇ ਵੱਲੋਂ ਹੱਥ ਜੋੜ ਕੇ ਬੰਦ ਕਰਵਾਇਆ ਗਿਆ। ਇਸ ਤੋਂ ਇਲਾਵਾ ਮਾਡਲ ਟਾਊਨ ’ਚ ਸਥਿਤ ਇਕ ਸ਼ੋਅਰੂਮ ਬੰਦ ਕਰਵਾਉਣ ਗਏ ਵਾਲਮੀਕਿ ਆਗੂਆਂ ਨਾਲ ਇਕ ਮੁਲਾਜ਼ਮ ਦੀ ਬਹਿਸ ਹੋਣ ਕਾਰਨ ਹਫੜਾ-ਦਫੜੀ ਦਾ ਮਾਹੌਲ ਵੀ ਪੈਦਾ ਹੋ ਗਿਆ। ਇਸ ਤੋਂ ਬਾਅਦ ਉਸ ਸ਼ੋਅਰੂਮ ਨੂੰ ਵੀ ਬੰਦ ਕਰਵਾ ਦਿੱਤਾ ਗਿਆ। ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਧੰਨਵਾਦ ਕੀਤਾ ਤੇ ਕਿਹਾ ਕਿ ਜਿਸ ਤਰ੍ਹਾਂ ਦਾ ਸਹਿਯੋਗ ਸ਼ਹਿਰ ਵਾਸੀਆਂ ਨੇ ਉਹਨਾਂ ਨੂੰ ਦਿੱਤਾ ਹੈ ਉਸ ਲਈ ਉਹਨਾਂ ਦੇ ਸ਼ੁਕਰਗੁਜ਼ਾਰ ਹਨ। --- ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ ਪੰਜਾਬ ਬੰਦ ਦੇ ਮੱਦੇਨਜ਼ਰ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਸਵੇਰ ਤੋਂ ਹੀ ਡੀਸੀਪੀ, ਏਡੀਸੀਪੀ, ਏਸੀਪੀ ਅਤੇ ਥਾਣਿਆਂ ਦੇ ਐੱਸਐੱਚਓ ਆਪੋ-ਆਪਣੇ ਇਲਾਕਿਆਂ ’ਚ ਮੁਸਤੈਦੀ ਨਾਲ ਡਿਊਟੀ ਦੇ ਰਹੇ ਸਨ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਪੰਜਾਬ ਬੰਦ ਦੇ ਮੱਦੇਨਜ਼ਰ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪੁਲਿਸ ਕਮਿਸ਼ਨਰ ਖੁਦ ਵੀ ਸ਼ਹਿਰ ਵਿੱਚ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ। --- 30 ਜੁਲਾਈ ਨੂੰ ਫਿਰ ਪੰਜਾਬ ਬੰਦ ਦੀ ਕਾਲ ਵਾਲਮੀਕਿ ਭਾਈਚਾਰੇ ਵੱਲੋਂ 30 ਜੁਲਾਈ ਨੂੰ ਫਿਰ ਤੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। 30 ਜੁਲਾਈ ਨੂੰ ਸਕੂਲ ਤੇ ਬੈਂਕ ਆਦਿ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਹਸਪਤਾਲ ਅਤੇ ਦਵਾਈਆਂ ਦੀ ਦੁਕਾਨਾਂ ਨੂੰ ਵੀ ਪਹਿਲੇ ਵਾਂਗ ਹੀ ਪੰਜਾਬ ਬੰਦ ਤੋਂ ਛੋਟ ਦਿੱਤੀ ਗਈ ਹੈ। ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਅਪੀਲ ਕੀਤੀ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਲੋਕ ਉਨ੍ਹਾਂ ਨੂੰ ਸਹਿਯੋਗ ਦੇਣ ਤੇ ਪੰਜਾਬ ਬੰਦ ’ਚ ਸਾਥ ਦੇਣ ਦੀ ਅਪੀਲ ਕੀਤੀ।