ਜਲੰਧਰ ’ਚ ਪੰਜਾਬ ਬੰਦ ਦਾ ਵਿਆਪਕ ਅਸਰ : ਬਾਜ਼ਾਰ ਸੁੰਨੇ, ਨੈਸ਼ਨਲ ਹਾਈਵੇ ’ਤੇ ਚੱਕਾ ਜਾਮ ਕੌਮੀ ਇਨਸਾਫ਼ ਮੋਰਚੇ ਦੇ ਸੱਦੇ 'ਤੇ ਜਲੰਧਰ 'ਚ 'ਪੰਜਾਬ ਬੰਦ' ਦਾ ਵਿਆਪਕ ਅਸਰ: ਬਾਜ਼ਾਰ ਸੁੰਨੇ, ਨੈਸ਼ਨਲ ਹਾਈਵੇਅ 'ਤੇ ਚੱਕਾ ਜਾਮ
Publish Date: Fri, 21 Aug 2026 09:18 PM (IST)
Updated Date: Fri, 21 Aug 2026 09:21 PM (IST)
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਦਿੱਤਾ ਗਿਆ ਸੀ ਬੰਦ ਦਾ ਸੱਦਾ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਸ਼ੁੱਕਰਵਾਰ ਨੂੰ ਜਲੰਧਰ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਕੁਝ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਸ਼ਹਿਰ ਵਿੱਚ ਬੰਦ ਦਾ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ। ਹਾਈਵੇ ’ਤੇ ਲੱਗੇ ਧਰਨਿਆਂ ਤੇ ਚੱਕਾ ਜਾਮ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਜਿਸ ਕਾਰਨ ਆਮ ਲੋਕਾਂ ਅਤੇ ਯਾਤਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਜ਼ਿਆਦਾਤਰ ਲੋਕਾਂ ਨੇ ਘਰੋਂ ਨਿਕਲਣ ਤੋਂ ਗੁਰੇਜ਼ ਕੀਤਾ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਤੇ ਨਿੱਜੀ ਅਦਾਰੇ ਰਹੇ ਬੰਦ ਸਵੇਰ ਤੋਂ ਹੀ ਸ਼ਹਿਰ ਦੇ ਇਤਿਹਾਸਕ ਅਤੇ ਪ੍ਰਮੁੱਖ ਵਪਾਰਕ ਕੇਂਦਰ ਜਿਵੇਂ ਕਿ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਅਟਾਰੀ ਬਾਜ਼ਾਰ, ਗੁੜ ਮੰਡੀ, ਓਲਡ ਜੀਟੀ ਰੋਡ, ਨਕੋਦਰ ਰੋਡ, ਗੜ੍ਹਾ ਰੋਡ, ਲੈਦਰ ਕੰਪਲੈਕਸ, ਲੱਦੇਵਾਲੀ ਅਤੇ ਵਿਸ਼ਵ ਪ੍ਰਸਿੱਧ ਸਪੋਰਟਸ ਮਾਰਕੀਟ ਪੂਰੀ ਤਰ੍ਹਾਂ ਬੰਦ ਰਹੀ। ਦੁੱਧ ਵਿਕ੍ਰੇਤਾਵਾਂ ਅਤੇ ਸਬਜ਼ੀ ਮੰਡੀ ਦੇ ਰਿਟੇਲ ਕਾਰੋਬਾਰੀਆਂ ਨੇ ਵੀ ਆਪਣਾ ਕੰਮਕਾਜ ਠੱਪ ਰੱਖਿਆ। ਜਿਨ੍ਹਾਂ ਥਾਵਾਂ ’ਤੇ ਸ਼ਾਪਿੰਗ ਮਾਲ, ਮੈਡੀਕਲ/ਸ਼ਰਾਬ ਦੇ ਠੇਕੇ ਜਾਂ ਨਿੱਜੀ ਦਫ਼ਤਰ ਖੁੱਲ੍ਹੇ ਸਨ, ਉੱਥੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੌਕੇ ’ਤੇ ਪਹੁੰਚ ਕੇ ਸ਼ਾਂਤੀਪੂਰਨ ਢੰਗ ਨਾਲ ਦੁਕਾਨਾਂ ਬੰਦ ਕਰਵਾਈਆਂ। ਨਗਰ ਨਿਗਮ ਦਾ ਦਫ਼ਤਰ ਪੂਰੀ ਤਰ੍ਹਾਂ ਬੰਦ ਰਿਹਾ, ਜਦਕਿ ਤਹਿਸੀਲ ਕੰਪਲੈਕਸ ਵਿੱਚ ਰਜਿਸਟਰੀਆਂ ਦਾ ਕੰਮ ਮਹਿਜ਼ 25 ਫ਼ੀਸਦੀ ਹੀ ਹੋ ਸਕਿਆ। ਹਾਈਵੇ ’ਤੇ ਲੱਗੇ ਜਾਮ, ਰੂਟ ਡਾਇਵਰਟ ਕਰਨ ਲਈ ਪੁਲਿਸ ਰਹੀ ਤਾਇਨਾਤ ਧਰਨਾਕਾਰੀਆਂ ਵੱਲੋਂ ਸ਼ਹਿਰ ਦੇ ਪ੍ਰਮੁੱਖ ਚੌਕਾਂ ਤੇ ਨੈਸ਼ਨਲ ਹਾਈਵੇ ’ਤੇ ਧਰਨੇ ਦਿੱਤੇ ਗਏ। ਸ਼ਹਿਰ ਦੇ ਗੁਰੂ ਨਾਨਕ ਮਿਸ਼ਨ ਚੌਕ ਵਿਚ ਪ੍ਰਦਰਸ਼ਨਕਾਰੀਆੰ ਨੇ ਕੀਰਤਨ ਕੀਤਾ। ਬੰਦ ਦੀਆਂ ਸਮਰਥਕ ਸਿੱਖ ਜਥੇਬੰਦੀਆਂ ਨੇ ਧਰਨਾ ਲਗਾ ਕੇ ਮਕਸੂਦਾਂ ਰੋਡ ਬਲਾਕ ਕਰ ਦਿੱਤੀ, ਜਿਸ ਕਾਰਨ ਕੈਂਟ ਅਤੇ ਅੰਮ੍ਰਿਤਸਰ-ਲੁਧਿਆਣਾ ਹਾਈਵੇ ਵੱਲ ਜਾਣ ਵਾਲੀ ਆਵਾਜਾਈ ਠੱਪ ਹੋ ਗਈ। ਲੰਮਾ ਪਿੰਡ ਅਤੇ ਪਰਾਗਪੁਰ ਚੌਕ ਹਾਈਵੇ ’ਤੇ ਟਰੱਕਾਂ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪੁਲਿਸ ਨੇ ਖ਼ੁਦ ਬੈਰੀਕੇਡਿੰਗ ਕਰ ਕੇ ਟ੍ਰੈਫਿਕ ਨੂੰ ਡਾਇਵਰਟ ਕੀਤਾ। ਪੁਲਿਸ ਪ੍ਰਸ਼ਾਸਨ ਨੇ ਅੰਬੇਡਕਰ ਚੌਕ, ਪਠਾਨਕੋਟ ਚੌਕ ਤੇ ਸੰਵਿਧਾਨ ਚੌਕ ਵਰਗੀਆਂ ਸੰਵੇਦਨਸ਼ੀਲ ਥਾਵਾਂ ’ਤੇ ਵਾਧੂ ਫੋਰਸ ਤਾਇਨਾਤ ਕਰ ਕੇ ਸਥਿਤੀ ’ਤੇ ਨਜ਼ਰਸਾਨੀ ਕੀਤੀ। ਸਿਹਤ ਸੇਵਾਵਾਂ ’ਤੇ ਪਿਆ ਅਸਰ ਹਾਲਾਂਕਿ ਮੋਰਚੇ ਵੱਲੋਂ ਹਸਪਤਾਲਾਂ ਤੇ ਐਂਬੂਲੈਂਸ ਸੇਵਾਵਾਂ ਨੂੰ ਛੋਟ ਦਿੱਤੀ ਗਈ ਸੀ, ਪਰ ਸੜਕਾਂ ’ਤੇ ਆਵਾਜਾਈ ਠੱਪ ਹੋਣ ਕਾਰਨ ਮਰੀਜ਼ ਹਸਪਤਾਲਾਂ ਤੱਕ ਨਹੀਂ ਪਹੁੰਚ ਸਕੇ ਜਿਸ ਕਾਰਨ ਸਿਵਲ ਹਸਪਤਾਲ ਜਲੰਧਰ ਵਿਚ ਵੀ ਮਰੀਜ਼ਾਂ ਦੀ ਆਮਦ 50 ਫੀਸਦੀ ਹੀ ਰਹੀ। ਆਮ ਦਿਨਾਂ ਵਿੱਚ ਜਿੱਥੇ 1500 ਦੇ ਕਰੀਬ ਦੀ ਓਪੀਡੀ ਹੁੰਦੀ ਹੈ, ਉੱਥੇ ਸ਼ੁੱਕਰਵਾਰ ਨੂੰ ਮਹਿਜ਼ 750 ਦੇ ਕਰੀਬ ਮਰੀਜ਼ ਹੀ ਪਹੁੰਚੇ। ਬੰਦ ਦਾ ਅਸਰ ਨਿੱਜੀ ਹਸਪਤਾਲਾਂ ਵਿਚ ਵੀ ਦੇਖਣ ਨੂੰ ਮਿਲਿਆ। ਉੱਥੇ ਵੀ 50 ਫ਼ੀਸਦੀ ਤੱਕ ਮਰੀਜ਼ਾਂ ਦੀ ਆਮਦ ਘਟੀ। ਇਸ ਦਾ ਅਸਰ ਮੈਡੀਕਲ ਸਟੋਰਾਂ ’ਤੇ ਵੀ ਦੇਖਿਆ ਗਿਆ। ਸਕੂਲਾਂ ਤੇ ਆਵਾਜਾਈ ਦਾ ਹਾਲ ਸਾਰੇ ਪ੍ਰਾਈਵੇਟ ਸਕੂਲ ਬੰਦ ਰਹੇ ਪਰ ਕੁਝ ਸਕੂਲਾਂ ਨੇ ਆਨਲਾਈਨ ਕਲਾਸਾਂ ਲਗਾਈਆਂ। ਸਰਕਾਰੀ ਸਕੂਲ ਖੁੱਲ੍ਹੇ ਹੋਣ ਦੇ ਬਾਵਜੂਦ ਬੱਚਿਆਂ ਦੀ ਹਾਜ਼ਰੀ ਕਾਫ਼ੀ ਘੱਟ ਰਹੀ। ਦੂਜੇ ਪਾਸੇ ਜੇ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਦਾ ਸੰਚਾਲਨ ਪੂਰੀ ਤਰ੍ਹਾਂ ਠੱਪ ਰਿਹਾ। ਬੱਸਾਂ ਨਾ ਮਿਲਣ ਕਾਰਨ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਜਿੱਥੇ ਲੋਕਾਂ ਨੂੰ ਘੰਟਿਆਂਬੱਧੀ ਟ੍ਰੇਨਾਂ ਦਾ ਇੰਤਜ਼ਾਰ ਕਰਨਾ ਪਿਆ। ਮਾਮੂਲੀ ਤਣਾਅ ਦੀਆਂ ਘਟਨਾਵਾਂ ਮਕਸੂਦਾਂ ਰੋਡ ’ਤੇ ਆਪਣੀ ਪਤਨੀ ਦੇ ਡਾਇਲਸਿਸ ਦੀ ਦਵਾਈ ਲੈਣ ਨਿਕਲੇ ਇਕ ਵਿਅਕਤੀ ਨੂੰ ਧਰਨਾਕਾਰੀਆਂ ਵੱਲੋਂ ਰੋਕਣ ’ਤੇ ਬਹਿਸਬਾਜ਼ੀ ਹੋ ਗਈ। ਰਸੀਦ ਦਿਖਾਉਣ ਦੇ ਬਾਵਜੂਦ ਹੋਈ ਹੱਥੋਪਾਈ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਸ਼ਾਂਤ ਕਰਵਾਇਆ। ਇਸੇ ਤਰ੍ਹਾਂ ਰਾਮਾਮੰਡੀ ਵਿਚ ਵਿਆਹ ਲਈ ਜਾ ਰਹੇ ਇਕ ਲਾੜੇ ਦੀ ਗੱਡੀ ਨੂੰ ਧਰਨਾਕਾਰੀਆਂ ਨੇ ਰੋਕਿਆ, ਪਰ ਜਾਣਕਾਰੀ ਮਿਲਣ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਸਤਿਕਾਰਪੂਰਵਕ ਲੰਘਣ ਦਿੱਤਾ ਗਿਆ। ਮੰਡੀਆਂ ਰਹੀਆਂ ਬੰਦ ਪੰਜਾਬ ਬੰਦ ਦੇ ਸੱਦੇ ਦਾ ਸਬਜ਼ੀ ਮੰਡੀ ’ਤੇ ਵੀ ਵਿਆਪਕ ਅਸਰ ਦੇਖਣ ਨੂੰ ਮਿਲਿਆ। ਭਾਵੇਂ ਮਕਸੂਦਾਂ ਦੀ ਸਬਜ਼ੀ ਮੰਡੀ ਵਿਚ ਸਬਜ਼ੀਆਂ ਦੀ ਆਮਦ ਹੋਈ ਪਰ ਰਿਟੇਲ ਲਈ ਪੁਰਾਣੀ ਸਬਜ਼ੀ ਮੰਡੀ ਸਣੇ ਸਾਰੀਆਂ ਮੰਡੀਆਂ 2 ਵਜੇ ਤਕ ਬੰਦ ਰਹੀਆਂ। ਦਿਹਾਤੀ ਇਲਾਕਿਆਂ ਨਕੋਦਰ, ਫਿਲੌਰ, ਆਦਮਪੁਰ, ਕਰਤਾਰਪੁਰ, ਸ਼ਾਹਕੋਟ ਅਤੇ ਗੁਰਾਇਆ ਵਿੱਚ ਵੀ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ, ਜਿੱਥੇ ਸਿੱਖ ਜਥੇਬੰਦੀਆਂ ਨੇ ਰੋਸ ਮਾਰਚ ਕੱਢ ਕੇ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ।