- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Punjab Politics : ਜਲੰਧਰ ਦੀ ਗੱਲ ਕਰੀਏ ਤਾਂ ਪਾਰਟੀ ਨੇ ਜਿਥੇ ਮੌਜੂਦਾ ਦੋ ਵਿਧਾਇਕਾਂ ਕਰਤਾਰਪੁਰ ਤੋਂ ਬਲਕਾਰ ਸਿੰਘ ਤੇ ਨਕੋਦਰ ਤੋਂ ਇਦਰਜੀਤ ਕੌਰ ਮਾਨ ਨੂੰ ਪਹਿਲੀ ਲਿਸਟ ਵਿਚ ਐਲਾਨ ਕੇ ਆਪਣਾ ਭਰੋਸਾ ਪ੍ਰਗਟਾਇਆ ਉਥੇ ਦੂਜੀ ਲਿਸਟ ਵਿਚ ਜਲੰਧਰ ਕੇਂਦਰੀ ਤੋੰ ਵਿਧਾਇਕ ਰਮਨ ਅਰੋੜਾ ਦੀ ਟਿਕਟ ਕੱਟ ਕੇ ਉੱਘੇ ਕਾਰੋਬਾਰੀ ਨਿਤਿਨ ਕੋਹਲੀ ਤੇ ਭਰੋਸਾ ਜਿਤਾਇਆ ਹੈ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਜਾਰੀ ਦੂਜੀ ਸੂਚੀ ਸਿਆਸੀ ਗਲਿਆਰਿਆਂ ’ਚ ਹਲਚਲ ਤੇਜ਼ ਹੋ ਗਈ ਹੈ। ਖਾਸ ਕਰਕੇ ਦੋਆਬਾ ਖੇਤਰ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਕਈ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਅਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਉੱਠ ਰਹੇ ਸਵਾਲਾਂ ਨੇ ਸਿਆਸੀ ਪਾਰਾ ਗਰਮ ਕਰ ਦਿੱਤਾ ਹੈ। ਪਾਰਟੀ ਵਲੋੰ ਹੁਣ ਤਕ ਐਲਾਨੇ 71 ਉਮੀਦਵਾਰਾਂ ਵਿਚੋੰ ਐਲਾਨੇ ਉਮੀਦਵਾਰਾਂ ਨੂੰ ਮੌਜੂਦਾ ਵਿਧਾਇਕਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਨਾ ਕਰਕੇ, ਐਲਾਨ ਜ਼ਮੀਨੀ ਚੋਣ ਸਰਵੇ ਅਤੇ ਜਿੱਤਣ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ।
ਦੋਆਬਾ ਖੇਤਰ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਦਲਿਤ ਵੋਟ ਬੈਂਕ ਦਾ ਕੇਂਦਰ ਮੰਨਿਆ ਜਾਂਦਾ ਹੈ, ਜਿੱਥੇ ਅਨੁਸੂਚਿਤ ਜਾਤੀਆਂ ਦੀ ਆਬਾਦੀ 42 ਤੋਂ 50 ਫੀਸਦੀ ਤੱਕ ਹੈ। ਇਸ ਖੇਤਰ ’ਚ ਹਰ ਪਾਰਟੀ ਦੀ ਨਜ਼ਰ ਦਲਿਤ ਵੋਟਰਾਂ 'ਤੇ ਹੁੰਦੀ ਹੈ। ਮੌਜੂਦਾ ਸਿਆਸੀ ਹਾਲਾਤ ਵਿੱਚ ਵੋਟ ਬੈਂਕ ਦੇ ਖਿਸਕਣ ਜਾਂ ਕਿਸੇ ਖਾਸ ਧੜੇ ਦੀ ਨਾਰਜ਼ਗੀ ਚੋਣ ਨਤੀਜਿਆਂ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੀ ਹੈ। ਪਾਰਟੀਆਂ ਵੱਲੋਂ ਇਸ ਵੋਟ ਬੈਂਕ ਨੂੰ ਆਪਣੇ ਪੱਖ ਵਿੱਚ ਰੱਖਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਇਸ ਲਈ ਆਮ ਆਦਮੀ ਪਾਰਟੀ ਵੀ ਫੂਕ ਫੂਕ ਕੇ ਕਦਮ ਰੱਖ ਰਹੀ ਹੈ।
ਜਲੰਧਰ ਦੀ ਗੱਲ ਕਰੀਏ ਤਾਂ ਪਾਰਟੀ ਨੇ ਜਿਥੇ ਮੌਜੂਦਾ ਦੋ ਵਿਧਾਇਕਾਂ ਕਰਤਾਰਪੁਰ ਤੋਂ ਬਲਕਾਰ ਸਿੰਘ ਤੇ ਨਕੋਦਰ ਤੋਂ ਇਦਰਜੀਤ ਕੌਰ ਮਾਨ ਨੂੰ ਪਹਿਲੀ ਲਿਸਟ ਵਿਚ ਐਲਾਨ ਕੇ ਆਪਣਾ ਭਰੋਸਾ ਪ੍ਰਗਟਾਇਆ ਉਥੇ ਦੂਜੀ ਲਿਸਟ ਵਿਚ ਜਲੰਧਰ ਕੇਂਦਰੀ ਤੋੰ ਵਿਧਾਇਕ ਰਮਨ ਅਰੋੜਾ ਦੀ ਟਿਕਟ ਕੱਟ ਕੇ ਉੱਘੇ ਕਾਰੋਬਾਰੀ ਨਿਤਿਨ ਕੋਹਲੀ ਤੇ ਭਰੋਸਾ ਜਿਤਾਇਆ ਹੈ। ਇਸ ਦੇ ਨਾਲ ਹੀ ਕਾਂਗਰਸ ਦਾ ਗੜ ਮੰਨੀਆਂ ਜਾਂਦੀਆਂ ਚਾਰ ਵਿਧਾਨ ਸਭਾ ਸੀਟਾਂ, ਜਲੰਧਰ ਕੈੰਟ, ਜਲੰਧਰ ਉਤਰੀ, ਸ਼ਾਹਕੋਟ ਤੇ ਫਿਲੌਰ ਤੋ ਨਵੇੰ ਚਿਹਰਿਆੰ ਨੂੰ ਮੌਕਾ ਦਿੱਤਾ ਹੈ। ਦੀਪਕ ਬਾਲੀ ਨੂੰ ਜਲੰਧਰ ਕੈਂਟ ਤੋਂ, ਵਿਨੀਤ ਧੀਰ ਨੂੰ ਜਲੰਧਰ ਉੱਤਰੀ ਤੋਂ, ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਸ਼ਾਹਕੋਟ ਤੋ ਅਤੇ ਹਰਜੋਤ ਕੌਰ ਲੋਹਟੀਆ ਨੂੰ ਫਿਲੌਰ ਤੋਂ ਉਮੀਦਵਾਰ ਐਲਾਨਿਆ ਹੈ। ਜਦਕਿ ਆਦਮਪੁਰ ਤੋਂ ਤਜਬਰੇਕਾਰ ਸਿਆਸਤਦਾਨ ਪਵਨ ਕੁਮਾਰ ਟੀਨੂੰ ਨੂੰ ਮੈਦਾਨ ’ਚ ਉਤਾਰਿਆ ਹੈ। ਹੁਣ ਸਭ ਦੀਆਂ ਨਜ਼ਰਾਂ ਮੌਜੂਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੀ ਸੀਟ ’ਤੇ ਟਿਕੀਆਂ ਹੋਈਆਂ ਹਨ, ਕਿਉਕਿ ਇਹ ਸੀਟ ਭਾਵੇਂ ਕਿ ਆਮ ਆਦਮੀ ਦੇ ਖਾਤੇ ਵਿਚ ਰਹੀ ਹੈ ਪਰ ਪਹਿਲਾ ਸ਼ੀਤਲ ਅੰਗੂਰਾਲ ਤੇ ਸੁਸ਼ੀਲ ਰਿੰਕੂ ਦਾ ਛੱਡ ਕੇ ਜਾਣਾ ਵੱਡਾ ਝਟਕਾ ਸੀ ਸੋ ਪਾਰਟੀ ਦਲਿਤ ਵੋਟ ਬੈਂਕ ਦੇ ਖਿਸਕਣ ਦੇ ਡਰ ਤੋਂ ਇਸ ਸੀਟ ’ਤੇ ਬਹੁਤ ਚੌਕਸੀ ਨਾਲ ਕਦਮ ਚੁੱਕਣਾ ਚਾਹੁੰਦੀ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਵਿਕਾਸ ਕਾਰਜਾਂ, ਸੜਕਾਂ ਦੀ ਹਾਲਤ, ਟ੍ਰੈਫਿਕ ਵਿਵਸਥਾ ਅਤੇ ਉਦਯੋਗਿਕ ਵਰਗ ਦੀਆਂ ਮੰਗਾਂ ਨੂੰ ਲੈ ਕੇ ਲੋਕਾਂ ਵਿੱਚ ਮਿਲ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਵਪਾਰਕ ਵਰਗ ਅਤੇ ਆਮ ਲੋਕਾਂ ਦਾ ਮੰਨਣਾ ਹੈ ਕਿ ਜ਼ਮੀਨੀ ਪੱਧਰ 'ਤੇ ਪ੍ਰਸ਼ਾਸਨਿਕ ਪਕੜ ਅਤੇ ਬਿਊਰੋਕ੍ਰੇਸੀ ਦੇ ਕੰਮਕਾਜ ਵਿੱਚ ਸੁਧਾਰ ਦੀ ਅਜੇ ਵੀ ਵੱਡੀ ਗੁੰਜਾਇਸ਼ ਹੈ। ਪਾਰਟੀ ਨੂੰ ਚਾਰ ਵਿਧਾਨ ਸਭਾ ਹਲਕਿਆਂ ਵਿਚ ਖਾਸ ਤੌਰ ਤੇ ਜਲੰਧਰ ਕੈਂਟ ਅਤੇ ਜਲੰਧਰ ਨਾਰਥ ’ਚ ਵਧੇਰੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਜਿੱਤ ਵੱਲ ਕਦਮ ਵਧਾਏ ਜਾ ਸਕਣ। ਇਸੇ ਤਰ੍ਹਾਂ ਪਾਰਟੀ ਨੇ ਹੁਸ਼ਿਆਰਪੁਰ ਤੋਂ ਮੌਜੂਦਾ ਐੱਮਪੀ ਡਾ ਰਾਜਕੁਮਾਰ ਚੱਬੇਵਾਲ ਨੂੰ ਫਗਵਾੜੇ ਤੋਂ ਐਲਾਨ ਕੇ ਜਿੱਥੇ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟਾਇਆ ਹੈ ਉੱਥੇ ਨਾਲ ਹੀ ਪਹਿਲੀ ਲਿਸਟ ’ਚ ਚੱਬੇਵਾਲ ਤੋਂ ਡਾਕਟਰ ਰਾਜ ਕੁਮਾਰ ਦੇ ਪੁੱਤਰ ਨੂੰ ਐਲਾਨ ਕੇ ਪਰਿਵਾਰਵਾਦ ਨੂੰ ਪ੍ਰਫੁੱਲਿਤ ਕੀਤਾ ਹੈ। ਇਸ ਦੇ ਨਾਲ ਹੀ ਕਪੂਰਥਲਾ ਤੋਂ ਦਵਿੰਦਰ ਪਾਲ ਸਿੰਘ ਰੰਗਾ ਤੇ ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ, ਮੁਕੇਰੀਆਂ ਸਰਬਜੋਤ ਸਿੰਘ ਸਾਬੀ ਤੇ ਨਵਾਂ ਸ਼ਹਿਰ ਤੋਂ ਰੋਬੀ ਕੰਗ ਨੂੰ ਵਰਗੇ ਨਵੇਂ ਚਿਹਰਿਆਂ ਨੂੰ ਐਲਾਨ ਕੇ ਪਾਰਟੀ ਨੇ ਜਿੱਥੇ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਵਿਧਾਇਕਾਂ ਦੇ ਕੰਮਾਂ ਤੇ ਹੀ ਨਹੀਂ ਨਵੇਂ ਚਿਹਰਿਆਂ ਤੇ ਵੀ ਰਿਸਕ ਲਿਆ ਜਾ ਸਕਦਾ ਹੈ।