ਪੁੱਡਾ ਦੇ ਦੋ ਰੂਪ : ਇਕ ਕਾਲੋਨੀ ’ਤੇ ਚਲਾਇਆ ਪੀਲਾ ਪੰਜਾ, ਦੂਜੀ ਨੂੰ ਸਿਰਫ ਨੋਟਿਸ ਪੁੱਡਾ ਦੇ ਦੋ ਰੂਪ, ਇਕ ਕਾਲੋਨੀ ’ਤੇ ਪੀਲਾ ਪੰਜਾ, ਦੂਜੀ ਨੂੰ ਸਿਰਫ ਨੋਟਿਸ
Publish Date: Wed, 18 Nov 2026 06:33 PM (IST)
Updated Date: Wed, 18 Nov 2026 06:33 PM (IST)
-ਨਾਲ ਲੱਗਦੀਆਂ ਦੋ ਨਾਜਾਇਜ਼ ਕਾਲੋਨੀਆਂ ’ਚੋਂ ਇਕ ’ਤੇ ਕਾਰਵਾਈ -ਕਾਲੋਨਾਈਜ਼ਰ ਸ਼ਰੇਆਮ ਵਿਛਾ ਰਿਹਾ ਨਾਜਾਇਜ਼ ਪਾਈਪ ਲਾਈਨ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਬੁਲੰਦਪੁਰ ’ਚ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਪੁੱਡਾ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਇੱਥੇ ਇਕ-ਦੂਜੇ ਦੀਆਂ ਕੰਧਾਂ ਨਾਲ ਲੱਗਦੀਆਂ ਦੋ ਨਾਜਾਇਜ਼ ਕਾਲੋਨੀਆਂ ਵਿੱਚੋਂ ਇਕ ’ਤੇ ਵਿਭਾਗ ਨੇ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾ ਦਿੱਤਾ ਪਰ ਦੂਜੀ ਕਾਲੋਨੀ ’ਚ ਹੋ ਰਹੀ ਉਸਾਰੀ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ। ਜੇ ਦੋਵੇਂ ਕਾਲੋਨੀਆਂ ਗੈਰ-ਮਨਜ਼ੂਰਸ਼ੁਦਾ ਹਨ ਤਾਂ ਇਕ ’ਤੇ ਕਾਰਵਾਈ ਅਤੇ ਦੂਜੀ ਨੂੰ ਨੋਟਿਸ ਤੱਕ ਸੀਮਤ ਰੱਖਣ ਦਾ ਆਧਾਰ ਕੀ ਹੈ। ਮਾਮਲੇ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਦੋਵੇਂ ਕਾਲੋਨੀਆਂ ਇਕ-ਦੂਜੇ ਦੇ ਬਿਲਕੁਲ ਨਾਲ ਲੱਗਦੀਆਂ ਹਨ। ਲੋਕਾਂ ਦਾ ਸਵਾਲ ਹੈ ਕਿ ਜਦੋਂ ਵਿਭਾਗ ਨੂੰ ਦੋਵਾਂ ਥਾਵਾਂ ’ਤੇ ਨਿਯਮਾਂ ਦੀ ਉਲੰਘਣਾ ਦਾ ਪਤਾ ਹੈ ਤਾਂ ਦੂਜੀ ਕਾਲੋਨੀ ’ਚ ਕਾਰਵਾਈ ਲਈ ਹੋਰ ਕਿੰਨੀ ਉਡੀਕ ਕੀਤੀ ਜਾਵੇਗੀ। ---------------------------- ਅਧਿਕਾਰੀਆਂ ਦੀ ਜਵਾਬਦੇਹੀ ਹੋਵੇ ਤੈਅ ਇਸ ਮਾਮਲੇ ’ਚ ਸਿਰਫ਼ ਨਾਜਾਇਜ਼ ਕਾਲੋਨੀ ਕੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਹੀ ਕਾਫ਼ੀ ਨਹੀਂ ਹੋਵੇਗੀ, ਸਗੋਂ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕਾਲੋਨੀ ’ਚ ਉਸਾਰੀ ਕਿਵੇਂ ਸ਼ੁਰੂ ਹੋਈ, ਪਲਾਟਾਂ ਦੀ ਵਿਕਰੀ ਕਿਵੇਂ ਹੋ ਰਹੀ ਹੈ ਤੇ ਵਿਭਾਗ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਵੀ ਕਾਰਵਾਈ ਵਿੱਚ ਦੇਰੀ ਕਿਉਂ ਹੋਈ। ਜੇ ਬਿਨਾਂ ਮਨਜ਼ੂਰੀ ਕਾਲੋਨੀ ਵਿਕਸਿਤ ਕੀਤੀ ਜਾ ਰਹੀ ਹੈ ਤਾਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਵੀ ਜ਼ਰੂਰੀ ਹੈ। ਫਿਲਹਾਲ ਬੁਲੰਦਪੁਰ ਦੀਆਂ ਦੋਵੇਂ ਨਾਲ ਲੱਗਦੀਆਂ ਕਾਲੋਨੀਆਂ ਦਾ ਮਾਮਲਾ ਪੁੱਡਾ ਦੀ ਕਾਰਵਾਈ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਬਾਰੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ---------------------------- ਪਾਈਪ ਲਾਈਨ ਵਿਛਾਉਣ ਦਾ ਕੰਮ ਜ਼ੋਰਾਂ ’ਤੇ ਬੁਲੰਦਪੁਰ ’ਚ ਨਾਜਾਇਜ਼ ਕਾਲੋਨੀ ਦਾ ਮਾਮਲਾ ਪੁੱਡਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲੱਗਾ ਦਿੱਤੇ ਹਨ। ਵਿਭਾਗ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਕਾਲੋਨੀ ਵਿਚ ਪਾਈਪ ਲਾਈਨ ਵਿਛਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਨੋਟਿਸ ਮਿਲਣ ਤੋਂ ਬਾਅਦ ਵੀ ਉਸਾਰੀ ਦਾ ਕੰਮ ਰੁਕਣ ਦੀ ਬਜਾਏ ਜਾਰੀ ਹੈ ਪਰ ਪੁੱਡਾ ਵੱਲੋਂ ਮੌਕੇ ’ਤੇ ਕੰਮ ਬੰਦ ਕਰਵਾਉਣ ਲਈ ਕੋਈ ਪ੍ਰਭਾਵਸ਼ਾਲੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਇਕ ਪਾਸੇ ਨਾਲ ਲੱਗਦੀ ਦੂਜੀ ਕਾਲੋਨੀ ’ਤੇ ਪੁੱਡਾ ਵੱਲੋਂ ਪੀਲਾ ਪੰਜਾ ਚਲਾਇਆ ਜਾ ਚੁੱਕਾ ਹੈ, ਜਦਕਿ ਦੂਜੀ ਕਾਲੋਨੀ ’ਚ ਨੋਟਿਸ ਜਾਰੀ ਕਰਨ ਤੋਂ ਬਾਅਦ ਵੀ ਵਿਕਾਸ ਕਾਰਜ ਜਾਰੀ ਹੋਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। -------------------------- ਦੂਜੀ ਕਾਲੋਨੀ ਨੂੰ ਵੀ ਦਿੱਤਾ ਨੋਟਿਸ : ਏਟੀਪੀ ਉੱਧਰ ਪੁੱਡਾ ਦੇ ਏਟੀਜੀ ਨਿਲੇਸ਼ ਅਰੋੜਾ ਨੇ ਦੱਸਿਆ ਕਿ ਦੂਜੀ ਕਾਲੋਨੀ ਦੇ ਮਾਲਕਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕਾਲੋਨੀ ’ਚ ਕੰਮ ਬੰਦ ਨਹੀਂ ਕੀਤਾ ਗਿਆ ਤਾਂ ਉੱਥੇ ਵੀ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾਇਆ ਜਾਵੇਗਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਵਿਭਾਗ ਆਪਣੇ ਐਲਾਨ ’ਤੇ ਕਦੋਂ ਅਮਲ ਕਰਦਾ ਹੈ।