ਨਕੋਦਰ ਬੱਸ ਸਟੈਂਡ 'ਤੇ ਹਾਈ-ਵੋਲਟੇਜ ਡਰਾਮਾ, ਪਰਸ ਚੋਰੀ ਕਰਦੀ ਮਹਿਲਾ ਕਾਬੂ; ਗੁੱਸੇ 'ਚ ਆਏ ਲੋਕਾਂ ਕੀਤੀ ਛਿੱਤਰ ਪਰੇਡ
ਜਲੰਧਰ ਦੇ ਨਕੋਦਰ ਬੱਸ ਸਟੈਂਡ 'ਤੇ ਉਸ ਸਮੇਂ ਹਾਈ-ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਬੱਸ ਦਾ ਇੰਤਜ਼ਾਰ ਕਰ ਰਹੀਆਂ ਮਹਿਲਾ ਯਾਤਰੀਆਂ ਦਾ ਪਰਸ ਚੋਰੀ ਕਰ ਕੇ ਭੱਜ ਰਹੀਆਂ ਦੋ ਸ਼ੱਕੀ ਮਹਿਲਾਵਾਂ ਵਿੱਚੋਂ ਇੱਕ ਨੂੰ ਲੋਕਾਂ ਅਤੇ ਪੀੜਤਾਂ ਨੇ ਮੌਕੇ 'ਤੇ ਦਬੋਚ ਲਿਆ। ਇਸ ਦੌਰਾਨ ਰੋਹ ਵਿੱਚ ਆਏ ਲੋਕਾਂ ਨੇ ਫੜੀ ਗਈ ਮਹਿਲਾ ਦੀ ਜੰਮ ਕੇ ਛਿੱਤਰ ਪਰੇਡ ਕੀਤੀ, ਜਦਕਿ ਉਸ ਦੀ ਦੂਸਰੀ ਸਾਥਣ ਭੀੜ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਈ।
Publish Date: Fri, 23 Oct 2026 04:15 PM (IST)
Updated Date: Fri, 23 Oct 2026 04:18 PM (IST)
ਪੱਤਰ ਪ੍ਰੇਰਕ, ਨਕੋਦਰ : ਜਲੰਧਰ ਦੇ ਨਕੋਦਰ ਬੱਸ ਸਟੈਂਡ 'ਤੇ ਉਸ ਸਮੇਂ ਹਾਈ-ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਬੱਸ ਦਾ ਇੰਤਜ਼ਾਰ ਕਰ ਰਹੀਆਂ ਮਹਿਲਾ ਯਾਤਰੀਆਂ ਦਾ ਪਰਸ ਚੋਰੀ ਕਰ ਕੇ ਭੱਜ ਰਹੀਆਂ ਦੋ ਸ਼ੱਕੀ ਮਹਿਲਾਵਾਂ ਵਿੱਚੋਂ ਇੱਕ ਨੂੰ ਲੋਕਾਂ ਅਤੇ ਪੀੜਤਾਂ ਨੇ ਮੌਕੇ 'ਤੇ ਦਬੋਚ ਲਿਆ। ਇਸ ਦੌਰਾਨ ਰੋਹ ਵਿੱਚ ਆਏ ਲੋਕਾਂ ਨੇ ਫੜੀ ਗਈ ਮਹਿਲਾ ਦੀ ਜੰਮ ਕੇ ਛਿੱਤਰ ਪਰੇਡ ਕੀਤੀ, ਜਦਕਿ ਉਸ ਦੀ ਦੂਸਰੀ ਸਾਥਣ ਭੀੜ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਈ।
ਕੀ ਹੈ ਪੂਰਾ ਮਾਮਲਾ? ਮਿਲੀ ਜਾਣਕਾਰੀ ਮੁਤਾਬਕ, ਕਰੀਬ 50 ਸਾਲ ਦੀਆਂ ਦੋ ਮਹਿਲਾ ਯਾਤਰੀ ਬੱਸ ਸਟੈਂਡ 'ਤੇ ਬੱਸ ਦੀ ਉਡੀਕ ਕਰ ਰਹੀਆਂ ਸਨ। ਇਸੇ ਦੌਰਾਨ ਉੱਥੇ ਪਹੁੰਚੀਆਂ ਦੋ ਹੋਰ ਸ਼ੱਕੀ ਮਹਿਲਾਵਾਂ ਨੇ ਚਲਾਕੀ ਨਾਲ ਉਨ੍ਹਾਂ ਦੇ ਬੈਗ ਵਿੱਚੋਂ ਪਰਸ ਉਡਾ ਲਿਆ ਅਤੇ ਮੌਕੇ ਤੋਂ ਨੌਂ ਦੋ ਗਿਆਰਾਂ ਹੋਣ ਲੱਗੀਆਂ।
ਜਿਵੇਂ ਹੀ ਪੀੜਤ ਮਹਿਲਾਵਾਂ ਨੂੰ ਪਰਸ ਚੋਰੀ ਹੋਣ ਦਾ ਅਹਿਸਾਸ ਹੋਇਆ, ਉਨ੍ਹਾਂ ਨੇ ਬਿਨਾਂ ਘਬਰਾਏ ਹਿੰਮਤ ਦਿਖਾਈ ਅਤੇ ਭੱਜ ਰਹੀਆਂ ਚੋਰਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਪੀੜਤਾਂ ਨੇ ਬੱਸ ਸਟੈਂਡ ਦੇ ਅੰਦਰ ਹੀ ਕਪੂਰਥਲਾ ਕਾਊਂਟਰ ਕੋਲ ਇੱਕ ਮਹਿਲਾ ਨੂੰ ਘੇਰ ਕੇ ਕਾਬੂ ਕਰ ਲਿਆ, ਜਿਸ ਦੇ ਪਰਸ ਵਿੱਚ ਕਰੀਬ 5,000 ਰੁਪਏ ਨਕਦ ਸਨ।
ਲੋਕਾਂ ਦਾ ਗੁੱਸਾ ਅਤੇ ਪੁਲਿਸ ਦੀ ਗੈਰ-ਹਾਜ਼ਰੀ
ਪਕੜੀ ਗਈ ਮਹਿਲਾ ਨੇ ਆਪਣਾ ਨਾਂ-ਪਤਾ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਆਏ ਲੋਕਾਂ ਅਤੇ ਪੀੜਤਾਂ ਨੇ ਉਸ ਦੀ ਚੰਗੀ ਖਿਚਾਈ ਕੀਤੀ। ਹਾਲਾਂਕਿ ਕੁਝ ਲੋਕਾਂ ਦੇ ਵਿਚਾਰ ਦੌਰਾਨ ਹੋਈ ਖਿੱਚੋਤਾਣ ਦਾ ਫਾਇਦਾ ਚੁੱਕ ਕੇ ਉਹ ਮਹਿਲਾ ਵੀ ਉੱਥੋਂ ਨੌ ਦੋ ਗਿਆਰਾਂ ਹੋ ਗਈ।
ਮੌਕੇ 'ਤੇ ਮੌਜੂਦ ਯਾਤਰੀਆਂ ਨੇ ਦੋਸ਼ ਲਾਇਆ ਕਿ ਬੱਸ ਸਟੈਂਡ 'ਤੇ ਅਜਿਹੇ ਲੁਟੇਰੇ ਗਰੋਹ (ਮਰਦ ਅਤੇ ਔਰਤਾਂ ਦੋਵੇਂ) ਸਰਗਰਮ ਹਨ, ਜੋ ਖਾਸ ਕਰਕੇ ਬਜ਼ੁਰਗਾਂ ਅਤੇ ਸਧਾਰਨ ਯਾਤਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਲੋਕਾਂ ਦਾ ਦੋਸ਼ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਮੁਲਾਜ਼ਮ ਅੱਧਾ ਘੰਟਾ ਬੀਤ ਜਾਣ ਦੇ ਬਾਵਜੂਦ ਮੌਕੇ 'ਤੇ ਨਹੀਂ ਪਹੁੰਚੇ। ਉੱਥੇ ਹੀ, ਥਾਣਾ ਸਿਟੀ ਦੇ ਮੁਨਸ਼ੀ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਥਾਣੇ ਵਿੱਚ ਕੋਈ ਵੀ ਕਾਲ ਪ੍ਰਾਪਤ ਨਹੀਂ ਹੋਈ ਸੀ।
ਪੀੜਤ ਮਹਿਲਾਵਾਂ ਆਪਣੀ ਬੱਸ ਆਉਣ 'ਤੇ ਪਰਸ ਵਾਪਸ ਲੈ ਕੇ ਉੱਥੋਂ ਰਵਾਨਾ ਹੋ ਗਈਆਂ, ਪਰ ਇਸ ਘਟਨਾ ਨੇ ਬੱਸ ਸਟੈਂਡ 'ਤੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।