ਮਹਾਨ ਸਮਰਾਟ ਅਸ਼ੋਕ ਕਿਤਾਬ ਲੋਕ ਅਰਪਣ
ਮਹਾਨ ਸਮਰਾਟ ਅਸ਼ੋਕ ਪੁਸਤਕ ਦਾ ਲੋਕ ਅਰਪਣ ਸਮਾਗਮ ਕਰਵਾਇਆ
Publish Date: Thu, 26 Mar 2026 08:21 PM (IST)
Updated Date: Thu, 26 Mar 2026 08:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਵੱਲੋਂ 13 ਮਾਰਚ 1927 ਨੂੰ ਸਥਾਪਿਤ ਆਲ ਇੰਡੀਆ ਸਮਤਾ ਸੈਨਿਕ ਦਲ ਦੀ ਪੰਜਾਬ ਇਕਾਈ ਵੱਲੋਂ ਮਹਾਨ ਸਮਰਾਟ ਅਸ਼ੋਕਾ ਜੈਅੰਤੀ ਸਬੰਧੀ ਅੰਬੇਡਕਰ ਭਵਨ, ਜਲੰਧਰ ’ਚ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਲ ਦੀ ਕੇਂਦਰੀ ਕਾਰਜਕਾਰਨੀ ਵੱਲੋਂ ਮਹਾਨ ਸਮਰਾਟ ਅਸ਼ੋਕ ਦੇ ਜੀਵਨ, ਸੰਘਰਸ਼ ਤੇ ਬੁੱਧ ਧੰਮ ਨੂੰ ਦਿੱਤੀ ਉਨ੍ਹਾਂ ਦੀ ਵਿਸ਼ਾਲ ਦੇਣ ’ਤੇ ਰੋਸ਼ਨੀ ਪਾਉਂਦੀ ਹਿੰਦੀ ਕਿਤਾਬ ਮਹਾਨ ਸਮਰਾਟ ਅਸ਼ੋਕ ਦਾ ਲੋਕ ਅਰਪਣ ਕੀਤਾ ਗਿਆ। ਇਹ ਪੁਸਤਕ ਦਲ ਦੇ ਪ੍ਰਮੁੱਖ ਡਾ. ਸੰਜੈ ਗਜਭੀਏ ਵੱਲੋਂ ਲਿਖੀ ਗਈ ਹੈ ਤੇ ਦਲ ਦੇ ਚੇਅਰਮੈਨ ਡਾ. ਐੱਚਆਰ ਗੋਇਲ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਸਮਾਗਮ ਦੌਰਾਨ ਪੰਜਾਬ ਇਕਾਈ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ, ਸਕੱਤਰ ਸੰਨੀ ਥਾਪਰ, ਖਜ਼ਾਨਚੀ ਹਰਭਜਨ ਨਿਮਤਾ ਤੇ ਕੇਂਦਰੀ ਕਾਰਜਕਾਰਨੀ ਕਮੇਟੀ ਮੈਂਬਰ ਵਰਿੰਦਰ ਕੁਮਾਰ ਨੇ ਮਹਾਨ ਸਮਰਾਟ ਅਸ਼ੋਕ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਤੇ ਬੁੱਧ ਧੰਮ ਦੇ ਪ੍ਰਸਾਰ ’ਚ ਉਨ੍ਹਾਂ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰਜਿੰਦਰ ਕੁਮਾਰ ਜੱਸਲ, ਨਿਰਮਲ ਬਿੰਝੀ ਤੇ ਅਸ਼ੋਕ ਕੁਮਾਰ ਵੀ ਹਾਜ਼ਰ ਰਹੇ। ਸਮਾਗਮ ਦੌਰਾਨ ਬੁਲਾਰਿਆਂ ਨੇ ਸਮਾਜ ਨੂੰ ਮਹਾਨ ਸਮਰਾਟ ਅਸ਼ੋਕ ਦੇ ਮਨੁੱਖਤਾ, ਸਮਾਨਤਾ ਤੇ ਧੰਮ ਦੇ ਸੰਦੇਸ਼ ਤੇ ਚੱਲਣ ਦੀ ਅਪੀਲ ਕੀਤੀ।