ਵਿੱਤ ਮੰਤਰੀ ਦੇ ‘ਐਂਟੀ ਸਟੇਟ’ ਬਿਆਨ ਖ਼ਿਲਾਫ਼ PSMSU ਜਲੰਧਰ ਦਾ ਮੋਰਚਾ: ਅੱਜ ਪੂਡਾ ਗਰਾਊਂਡ ਵਿਖੇ ਫੂਕਿਆ ਜਾਵੇਗਾ ਪੁਤਲਾ
ਯੂਨੀਅਨ ਦੇ ਸੂਬਾ ਪੱਧਰੀ ਐਕਸ਼ਨ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਜਲੰਧਰ ਦੇ ਸਮੂਹ ਵਿਭਾਗਾਂ ਦੇ ਆਗੂਆਂ ਅਤੇ ਕਰਮਚਾਰੀਆਂ ਨੂੰ ਅੱਜ, 13 ਅਗਸਤ ਨੂੰ ਬਾਅਦ ਦੁਪਹਿਰ 02:30 ਵਜੇ ਡੀ.ਸੀ. ਦਫ਼ਤਰ ਦੇ ਸਾਹਮਣੇ ਪੂਡਾ ਗਰਾਊਂਡ ਵਿਖੇ ਵਿਸ਼ਾਲ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿੱਥੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਤਿੱਖਾ ਰੋਸ ਦਰਜ ਕਰਵਾਇਆ ਜਾਵੇਗਾ।
Publish Date: Thu, 13 Aug 2026 11:37 AM (IST)
Updated Date: Thu, 13 Aug 2026 11:41 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਰਵੱਈਏ ਅਤੇ ਵਿੱਤ ਮੰਤਰੀ ਪੰਜਾਬ ਵੱਲੋਂ ਰੈਲੀਆਂ ਕਰ ਰਹੀਆਂ ਮੁਲਾਜ਼ਮ ਜਥੇਬੰਦੀਆਂ ਬਾਰੇ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਸੂਬੇ ਭਰ ਦੇ ਕਰਮਚਾਰੀਆਂ ’ਚ ਭਾਰੀ ਰੋਸ ਦੀ ਲਹਿਰ ਫੈਲ ਗਈ ਹੈ।
ਵਿੱਤ ਮੰਤਰੀ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਸੂਬਾ ਵਿਰੋਧੀ ਕਹਿਣ ਦੇ ਵਿਰੋਧ ’ਚ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਜ਼ਿਲ੍ਹਾ ਬਾਡੀ ਜਲੰਧਰ ਵੱਲੋਂ ਅੱਜ ਇੱਕ ਵੱਡਾ ਰੋਸ ਪ੍ਰਦਰਸ਼ਨ ਉਲੀਕਿਆ ਗਿਆ ਹੈ।
ਯੂਨੀਅਨ ਦੇ ਸੂਬਾ ਪੱਧਰੀ ਐਕਸ਼ਨ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਜਲੰਧਰ ਦੇ ਸਮੂਹ ਵਿਭਾਗਾਂ ਦੇ ਆਗੂਆਂ ਅਤੇ ਕਰਮਚਾਰੀਆਂ ਨੂੰ ਅੱਜ, 13 ਅਗਸਤ ਨੂੰ ਬਾਅਦ ਦੁਪਹਿਰ 02:30 ਵਜੇ ਡੀ.ਸੀ. ਦਫ਼ਤਰ ਦੇ ਸਾਹਮਣੇ ਪੂਡਾ ਗਰਾਊਂਡ ਵਿਖੇ ਵਿਸ਼ਾਲ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿੱਥੇ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਤਿੱਖਾ ਰੋਸ ਦਰਜ ਕਰਵਾਇਆ ਜਾਵੇਗਾ।
ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਹੋਈ ਮਹਾ-ਰੈਲੀ ਤੋਂ ਬਾਅਦ ਵਿੱਤ ਮੰਤਰੀ ਵੱਲੋਂ ਮੁਲਾਜ਼ਮ ਜਥੇਬੰਦੀਆਂ ਨੂੰ 'ਐਂਟੀ ਸਟੇਟ' ਗਰਦਾਨਣ ਦੇ ਬਿਆਨ ਨਾਲ ਕਰਮਚਾਰੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜੀ ਹੈ। ਆਗੂਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿਖੇ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋ ਕੇ ਮਹਾ-ਰੈਲੀ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਗਈ।
ਇਸ ਨੂੰ ਲੈ ਕੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੂੰ ਇਕੱਠੇ ਹੋਣ ਦੀ ਅਪੀਲ
PSMSU ਜਲੰਧਰ ਦੀ ਜ਼ਿਲ੍ਹਾ ਬਾਡੀ ਦੇ ਆਗੂ ਸਾਹਿਬਾਨ ਨੇ ਜਲੰਧਰ ਦੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ, ਆਗੂਆਂ ਅਤੇ ਮਨਿਸਟਰੀਅਲ ਸਟਾਫ ਨੂੰ ਢਾਈ ਵਜੇ ਪੁੱਡਾ ਗਰਾਊਂਡ ਪਹੁੰਚਣ ਦੀ ਅਪੀਲ ਕੀਤੀ।
ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਲੜਾਈ ਸਿਰਫ਼ ਹੱਕਾਂ ਦੀ ਹੀ ਨਹੀਂ, ਸਗੋਂ ਮੁਲਾਜ਼ਮ ਵਰਗ ਦੇ ਸਵੈ-ਮਾਣ ਦੀ ਵੀ ਹੈ। ਜੇਕਰ ਪੰਜਾਬ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਅਤੇ ਵਿੱਤ ਮੰਤਰੀ ਨੇ ਆਪਣੇ ਸ਼ਬਦ ਵਾਪਸ ਨਾ ਲਏ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਵੀ ਤਿੱਖਾ ਰੂਪ ਧਾਰਨ ਕਰੇਗਾ।