ਪਰਵਿੰਦਰ ਝੋਟਾ ਕਤਲ ਕਾਂਡ : ਜਲੰਧਰ ’ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ 'ਝੋਟਾ' ਕਤਲ ਕਾਂਡ ਨੂੰ ਲੈ ਕੇ ਜਲੰਧਰ ਵਿੱਚ ਪ੍ਰਦਰਸ਼ਨ ਅਤੇ ਹਾਈਵੇਅ 'ਤੇ ਧਰਨਾ
Publish Date: Thu, 15 Oct 2026 10:09 PM (IST)
Updated Date: Thu, 15 Oct 2026 10:12 PM (IST)
ਪੰਜਾਬ ਬੰਦ ਦੌਰਾਨ ਜਲੰਧਰ ’ਚ ਅਕਾਲੀ ਆਗੂਆਂ ਸਮੇਤ ਕਈ ਪ੍ਰਦਰਸ਼ਨਕਾਰੀ ਹਿਰਾਸਤ ’ਚ; ਕਿਸਾਨਾਂ ਵੱਲੋਂ ਹਾਈਵੇਅ ਤੇ ਧਰਨਾ ਮੀਂਹ ਦੇ ਬਾਵਜੂਦ ਜਥੇਬੰਦੀਆਂ ਇਨਸਾਫ਼ ਦੀ ਮੰਗ ਲਈ ਸੜਕਾਂ ’ਤੇ ਉਤਰੀਆਂ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਅਸਰ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ। ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਸ਼ਾਮ 4 ਵਜੇ ਤੋਂ ਬਾਅਦ ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋਏ, ਪਰ ਬਹੁਤ ਘੱਟ ਗਤੀਵਿਧੀਆਂ ਸਨ। ਉਦਯੋਗ ਪ੍ਰਭਾਵਿਤ ਨਹੀਂ ਹੋਏ ਅਤੇ ਕੰਮ ਆਮ ਵਾਂਗ ਜਾਰੀ ਰਿਹਾ। ਅਕਾਲੀ ਦਲ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂਆਂ ਨੇ ਪੀੜਤ ਲਈ ਇਨਸਾਫ਼ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤੇ। ਗੁਰੂ ਨਾਨਕ ਮਿਸ਼ਨ ਚੌਕ ਵਿਖੇ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਜਦਕਿ ਕਿਸਾਨ ਜਥੇਬੰਦੀਆਂ ਦੇ ਧਰਨੇ ਕਾਰਨ ਪਰਾਗਪੁਰ ਨੇੜੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਪ੍ਰਭਾਵਿਤ ਹੋਈ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ, ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਹਾਈਵੇਅ ’ਤੇ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ। ਹੋਰ ਕਿਸੇ ਸਿਆਸੀ ਪਾਰਟੀ ਵਲੋਂ ਬੰਦ ਨੂੰ ਸਮਰਥਨ ਦੇ ਬਾਵਜੂਦ ਪ੍ਰਦਰਸ਼ਨ ਨਹੀਂ ਕੀਤਾ ਗਿਆ। ਪੇਂਡੂ ਇਲਾਕਿਆਂ ਦੇ ਬਾਜ਼ਾਰ ਵੀ ਬੰਦ ਰਹੇ। ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ। ਕਿਸਾਨ ਆਗੂਆਂ ਨੇ ਸਵੇਰੇ ਹਾਈਵੇਅ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਸਿਵਲ ਹਸਪਤਾਲ ਦੀ ਓਪੀਡੀ ਵੀ ਪ੍ਰਭਾਵਿਤ ਹੋਈ, ਜਦਕਿ ਬੈਂਕ ਆਮ ਵਾਂਗ ਖੁੱਲ੍ਹੇ ਰਹੇ। ਸਵੇਰੇ 7 ਵਜੇ ਤੋਂ ਹੀ ਸੜਕਾਂ ’ਤੇ ਪੁਲਿਸ ਤਾਇਨਾਤ ਪੰਜਾਬ ਬੰਦ ਦੇ ਮੱਦੇਨਜ਼ਰ ਸਵੇਰ ਤੋਂ ਹੀ ਜਲੰਧਰ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਅਨੁਸਾਰ, ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਪੁਲਿਸ ਕਮਿਸ਼ਨਰ, ਡੀਸੀਪੀ, ਏਡੀਸੀਪੀ ਅਤੇ ਹੋਰ ਅਧਿਕਾਰੀ ਸਵੇਰੇ 7 ਵਜੇ ਦੇ ਕਰੀਬ ਮੌਕੇ ’ਤੇ ਮੌਜੂਦ ਸਨ। ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਕੇ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਯਤਨ ਕੀਤੇ ਗਏ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਆਵਾਜਾਈ ਵਿੱਚ ਵਿਘਨ ਨਾ ਪਾਉਣ। ਪੁਲਿਸ ਨੇ ਕਿਹਾ ਕਿ ਹਾਲਾਂਕਿ ਜਥੇਬੰਦੀਆਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਪਰ ਆਮ ਜਨਤਾ ਦੀ ਆਵਾਜਾਈ ਵਿੱਚ ਰੁਕਾਵਟ ਪਾਉਣ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਰਾਗਪੁਰ ਵਿਖੇ ਕਿਸਾਨਾਂ ਦਾ ਧਰਨਾ; ਹਾਈਵੇਅ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ’ਤੇ ਪਰਾਗਪੁਰ ਨੇੜੇ ਇਕੱਠੇ ਹੋਏ ਅਤੇ ਸੜਕ ਤੇ ਧਰਨਾ ਦਿੱਤਾ। ਇਸ ਨਾਲ ਹਾਈਵੇਅ ’ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਅਨੁਸਾਰ, ਕਿਸਾਨ ਸਮੂਹ ਹਾਈਵੇਅ ਜਾਮ ਕਰਨ ਦੇ ਇਰਾਦੇ ਨਾਲ ਆਏ ਸਨ। ਪੁਲਿਸ ਦੇ ਦਖਲ ਅਤੇ ਗੱਲਬਾਤ ਤੋਂ ਬਾਅਦ ਹਾਈਵੇਅ ਖਾਲੀ ਕਰਵਾ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਯਤਨ ਕੀਤੇ ਗਏ। ਭਾਰੀ ਮੀਂਹ ਦੇ ਬਾਵਜੂਦ ਲੋਕ ਬੰਦ ਦੇ ਸਮਰਥਨ ’ਚ ਨਿੱਤਰੇ ਪੰਜਾਬ ਬੰਦ ਦੇ ਸੱਦੇ ਦੌਰਾਨ ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਇਨਸਾਫ਼ ਪਸੰਦ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਮੀਂਹ ਦੇ ਬਾਵਜੂਦ ਬੰਦ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ। ਉਨ੍ਹਾਂ ਲੋਕਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਇਕਜੁੱਟ ਹੋਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਜਲੰਧਰ ਦੇ ਸਾਰੇ ਬਾਜ਼ਾਰਾਂ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇਸ ਦੌਰਾਨ, ਕੁਝ ਸਕੂਲ ਪ੍ਰਬੰਧਕਾਂ ਨੇ ਸਾਵਧਾਨੀ ਵਜੋਂ ਸਕੂਲ ਬੰਦ ਰੱਖੇ। ਕਰੋੜਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ, ਕਾਰਾਂ ਦੀ ਵਿਕਰੀ ਸਿਰਫ 20 ਫ਼ੀਸਦੀ ਦੁਕਾਨਦਾਰਾਂ ਨੇ ਸਵੈ-ਇੱਛਾ ਨਾਲ ਆਪਣੀਆਂ ਦੁਕਾਨਾਂ ਬੰਦ ਰੱਖੀਆਂ, ਜਿਸ ਨਾਲ ਉਨ੍ਹਾਂ ਦੇ ਕੰਮ ’ਤੇ ਜ਼ਰੂਰ ਅਸਰ ਪਿਆ। ਨਰਾਤੇ ਹੋਣ ਕਾਰਨ ਕਰੋੜਾਂ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਨਰਾਤਿਆਂ ਦੌਰਾਨ ਕਾਰਾਂ ਦੀ ਵਿਕਰੀ ਜ਼ਿਆਦਾ ਹੁੰਦੀ ਹੈ, ਪਰ ਵੀਰਵਾਰ ਨੂੰ, ਕਾਰੋਬਾਰ ਸਿਰਫ 20 ਫੀਸਦੀ ਰਿਹਾ। ਬੱਸ ਆਵਾਜਾਈ ਘੱਟ ਰਹੀ, ਰੇਲ ਆਵਾਜਾਈ ਜਾਰੀ ਰਹੀ ਪੰਜਾਬ ਬੰਦ ਦੌਰਾਨ ਲੋਕ ਘਰਾਂ ਤੋਂ ਘੱਟ ਹੀ ਬਾਹਰ ਨਿਕਲੇ। ਜਿਸ ਕਾਰਨ ਬੱਸਾਂ ਘੱਟ ਚੱਲੀਆਂ ਪਰ ਰੇਲ ਆਵਾਜਾਈ ਆਮ ਵਾਂਗ ਚੱਲੀ। ਇਸ ਤੋਂ ਇਲਾਵਾ ਸਟੇਸ਼ਨ ’ਤੇ ਯਾਤਰੀ ਆਵਾਜਾਈ ਆਮ ਦਿਨਾਂ ਵਾਂਗ ਹੀ ਰਹੀ। ----- ਨਿੱਜੀ ਸਕੂਲ ਬੰਦ ਰਹੇ, ਸਰਕਾਰੀ ਚ ਹਾਜ਼ਰੀ ਘੱਟ ਬੰਦ ਦੇ ਐਲਾਨ ਤੋਂ ਬਾਅਦ ਨਿੱਜੀ ਸਕੂਲਾਂ ਨੇ ਛੁੱਟੀਆਂ ਦਾ ਐਲਾਨ ਕੀਤਾ ਸੀ, ਪਰ ਸਰਕਾਰੀ ਸਕੂਲ ਆਮ ਵਾਂਗ ਖੁੱਲ੍ਹੇ ਰਹੇ। ਸਰਕਾਰੀ ਸਕੂਲਾਂ ਵਿੱਚ ਹਾਜ਼ਰੀ ਆਮ ਨਾਲੋੰ ਕਾਫੀ ਘੱਟ ਰਹੀ। ਇੱਕਾ-ਦੁੱਕਾ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਸਕੂਲ ਬੰਦ ਵੀ ਕਰਵਾਏ।