ਮਹਿਤਪੁਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਜਥੇਬੰਦੀਆਂ ਵੱਲੋਂ ਰੋਸ ਰੈਲੀ ਤੇ ਮੁਜ਼ਾਹਰਾ ਮਹਿਤਪੁਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਰੈਲੀ ਸ਼ਹਿਰ ਵਿੱਚ ਮੁਜ਼ਾਹਰਾ
Publish Date: Sat, 28 Nov 2026 07:04 PM (IST)
Updated Date: Sat, 28 Nov 2026 07:07 PM (IST)
ਡੀ.ਐੱਸ.ਪੀ. ਹੈੱਡਕੁਆਰਟਰ ਲਖਵਿੰਦਰ ਸਿੰਘ ਵੱਲੋਂ 2 ਦਿਨਾਂ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੇ ਪੈਂਡਿੰਗ ਮਾਮਲਿਆਂ ਦੇ ਹੱਲ ਦਾ ਭਰੋਸਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਲੰਮੇ ਸਮੇਂ ਤੋਂ ਲਟਕ ਰਹੇ ਵੱਖ-ਵੱਖ ਮਾਮਲਿਆਂ ’ਚ ਇਨਸਾਫ਼ ਨਾ ਮਿਲਣ ’ਤੇ ਥਾਣਾ ਮਹਿਤਪੁਰ ਦੀ ਪੁਲਿਸ ਦੀ ਨਾਂਹ-ਪੱਖੀ ਕਾਰਗੁਜ਼ਾਰੀ ਵਿਰੁੱਧ ਅੱਜ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਆਏ ਕਿਸਾਨਾਂ ਅਤੇ ਮਜ਼ਦੂਰਾਂ ਨੌਜਵਾਨਾਂ ਨੇ ਮਹਿਤਪੁਰ ਬੱਸ ਸਟੈਂਡ ਵਿਖੇ ਰੋਸ ਰੈਲੀ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਮੁੱਖ ਬਾਜ਼ਾਰ ’ਚ ਰੋਸ ਮੁਜ਼ਾਹਰਾ ਕਰਦਿਆਂ ਥਾਣਾ ਮਹਿਤਪੁਰ ਅੱਗੇ ਧਰਨਾ ਦਿੱਤਾ। ਇਸ ਰੋਸ ਪ੍ਰਦਰਸ਼ਨ ਦਾ ਸਫ਼ਾਈ ਸੇਵਕ ਯੂਨੀਅਨ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਇਸਤਰੀ ਜਾਗਰਤੀ ਮੰਚ ਅਤੇ ਨੌਜਵਾਨ ਭਾਰਤ ਸਭਾ ਸਾਂਝਾ ਸੱਦਾ ਦਿੱਤਾ ਸੀ। ਸੈਂਕੜੇ ਕਾਰਕੁਨਾਂ ਨੇ ਆਪਣੇ ਬੈਨਰਾਂ ਅਤੇ ਝੰਡਿਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਡੀਐੱਸਪੀ ਹੈੱਡਕੁਆਰਟਰ ਲਖਵਿੰਦਰ ਸਿੰਘ ਮੌਕੇ ’ਤੇ ਪੁੱਜੇ ਉਨ੍ਹਾਂ ਨੂੰ ਐੱਸਐੱਸਪੀ ਜਲੰਧਰ ਦਿਹਾਤੀ ਦੇ ਨਾਂ ਇਕ ਮੰਗ ਪੱਤਰ ਸੌਂਪਿਆ ਗਿਆ। ਮੌਕੇ ’ਤੇ ਐੱਸਐੱਚਓ ਮਹਿਤਪੁਰ ਵੀ ਹਾਜ਼ਰ ਸਨ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਸਫ਼ਾਈ ਮਜ਼ਦੂਰਾਂ ਦੇ ਆਗੂ ਸੁਭਾਸ਼ ਵਾਲਮੀਕਿ ਤੇ ਮਹਿਤਪੁਰ ਦੇ ਦੁਕਾਨਦਾਰ ਮੰਗਲ ਸਿੰਘ ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਦਰਜ ਪਰਚਿਆਂ ’ਚ ਜੁਰਮ ਦਾ ਵਾਧਾ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਸੰਗੋਵਾਲ ਕਤਲ ਕਾਂਡ ਦੇ ਦੋਸ਼ੀਆਂ ਦੀ ਫੌਰੀ ਗ੍ਰਿਫ਼ਤਾਰੀ ਕੀਤੀ ਜਾਵੇ। ਪੰਚਾਇਤੀ ਜ਼ਮੀਨਾਂ ਤੇ ਹੋਰ ਥਾਵਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾਣ। ਨਰੇਗਾ ਵਰਕਰਾਂ ਵਿਰੁੱਧ ਦਰਜ ਕੀਤੇ ਗਏ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ। ਪ੍ਰਸ਼ਾਸਨ ਵੱਲੋਂ ਮੌਕੇ ਤੇ ਪੁੱਜੇ ਡੀਐੱਸਪੀ (ਹੈੱਡਕੁਆਰਟਰ) ਲਖਵਿੰਦਰ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲੈਂਦਿਆਂ ਵਿਸ਼ਵਾਸ ਦਿਵਾਇਆ ਕਿ ਸਫ਼ਾਈ ਸੇਵਕ ਯੂਨੀਅਨ ਦੇ ਆਗੂ ਸੁਭਾਸ਼ ਵਾਲਮੀਕਿ ਅਤੇ ਦੁਕਾਨਦਾਰ ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਭਰੋਸਾ ਦਿੱਤਾ ਕਿ ਸੰਗੋਵਾਲ ਔਰਤ ਕਤਲ ਕਰਕੇ ਲਾਸ਼ ਖੁਰਦ ਬੁਰਦ ਕਰਨ ਵਾਲੇ ਮਾਮਲੇ, ਪੰਚਾਇਤੀ ਜ਼ਮੀਨਾਂ ਦੇ ਕਬਜ਼ਿਆਂ, ਮਾਈਕ੍ਰੋ ਫਾਈਨਾਂਸ ਕੰਪਨੀਆਂ ਤੇ ਮਨਰੇਗਾ ਵਰਕਰਾਂ ਦੇ ਝੂਠੇ ਪਰਚਿਆਂ ਸਮੇਤ ਸਾਰੇ ਪੈਂਡਿੰਗ ਮਾਮਲਿਆਂ ਨੂੰ ਐੱਸਐੱਸਪੀ (ਦਿਹਾਤੀ) ਦੇ ਧਿਆਨ ’ਚ ਲਿਆ ਕੇ ਪੀੜਤਾਂ ਨੂੰ ਜਲਦ ਇਨਸਾਫ਼ ਦਿਵਾਇਆ ਜਾਵੇਗਾ। ਇਸ ਇਕੱਠ ਨੂੰ ਸਫ਼ਾਈ ਸੇਵਕ ਯੂਨੀਅਨ ਦੇ ਆਗੂ ਪੱਪੂ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਮੰਡ, ਸਰਬਜੀਤ ਸਿੰਘ ਪੰਨੂ, ਸਾਬਕਾ ਸਰਪੰਚ ਬਚਨ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਨਵੀਨਰ ਤਰਸੇਮ ਪੀਟਰ, ਹੰਸਰਾਜ ਪੱਬਵਾਂ, ਕਸ਼ਮੀਰ ਮੰਡਿਆਲਾ, ਬਖਸ਼ੋ ਕਰਸੈਦਪੁਰ਼, ਇਸਤਰੀ ਜਾਗਰਤੀ ਮੰਚ ਦੀ ਆਗੂ ਅਨੀਤਾ ਸੰਧੂ, ਬਖਸ਼ੋ ਮੰਡਿਆਲਾ, ਨੌਜਵਾਨ ਭਾਰਤ ਸਭਾ ਦੇ ਸੋਨੂ ਅਰੋੜਾ, ਸੁਖਦੇਵ ਸਿੰਘ, ਪੇਂਡੂ ਸਫ਼ਾਈ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਪ੍ਰੇਮ ਸਾਰਸਰ,, ਸਲੀਮ ਮਹਿਤਪੁਰੀ, ਓਮ ਪ੍ਰਕਾਸ਼, ਰਾਮਚਰਨ, ਸੰਦੀਪ ਨਾਗਪਾਲ,ਅਤੇ ਕਮਲ ਕਿਸ਼ੋਰ, ਗੁਰਚਰਨ ਸਿੰਘ ਅਟਵਾਲ, ਭਜਨੋ ਬੱਗਾ, ਬਖਸ਼ੀ ਸਿੰਘ ਮੰਡ, ਮਨਜੀਤ ਸਿੰਘ ਤੋਂ ਇਲਾਵਾ ਮਜ਼ਦੂਰਾਂ ਦੇ ਆਗੂ ਸਿਕੰਦਰ ਸੰਧੂ ਭੱਠਾ ਮਜ਼ਦੂਰ ਸੁਨੀਲ ਕੁਮਾਰ ਨੇ ਸੰਬੋਧਨ ਕੀਤਾ।