- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਦਮਪੁਰ ਪੁਲਸ ਤੇ ਨਜਾਇਜ ਪਰਚੇ ਦਰਜ ਕਰਨ ਦੇ ਦੋਸ਼ ਲਗਾਉਂਦਿਆਂ ਵਿਧਾਇਕ ਕੋਟਲੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ

-ਕਿਹਾ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਖਿਲਾਫ ਕੀਤੇ ਜਾ ਰਹੇ ਮਾਮਲੇ ਦਰਜ
ਅਕਸ਼ੇ ਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ :
ਅੱਜ ਦੇਰ ਸ਼ਾਮ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਪੁਲਿਸ ’ਤੇ ਉਨਾਂ ਦੇ ਵਰਕਰਾਂ ਅਤੇ ਆਮ ਲੋਕਾਂ ਨਾਲ ਧੱਕੇਸ਼ਾਹੀ ਅਤੇ ਨਾਜਾਇਜ਼ ਪਰਚੇ ਦਰਜ ਕਰਨ ਦੇ ਦੋਸ਼ ਲਗਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਤੇ ਆਦਮਪੁਰ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਪੁਲਿਸ ਨੂੰ ਸੱਤਾਧਾਰੀ ਪਾਰਟੀ ਦੀ ਬੀ ਟੀਮ ਵਜੋਂ ਨਾਜਾਇਜ਼ ਪਰਚੇ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਆਦਮਪੁਰ ਪੁਲਿਸ ਪਿਛਲੇ ਕੁੱਝ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਹੱਥ ਠੋਕੂ ਬਣ ਲਗਾਤਾਰ ਜਿੱਥੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਖਿਲਾਫ ਕ਼ਾਨੂਨ ਨੂੰ ਛਿੱਕੇ ਟੰਗ ਅਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਨਾਂ ਇਹ ਮਾਮਲੇ ਖ਼ਾਸਤੌਰ ’ਤੇ ਬੀਤੇ ਦਿਨੀ ਚੋਮੋਂ ਪਿੰਡ ਅੰਦਰ ਸੱਤਾਧਾਰੀਆਂ ਦੀ ਸਹਿ ’ਤੇ ਉਨ੍ਹਾਂ ਦੇ ਵਰਕਰਾਂ ’ਤੇ ਮਾਮਲਾ ਦਰਜ ਕਰ ਉਨ੍ਹਾਂ ਨੂੰ ਤਾਂ ਜਲਦ ਥਾਣਿਆਂ ਅੰਦਰ ਡੱਕ ਲਿਆ ਪਰ ਦੂਜੀ ਧਿਰ ਦੇ ਕਿਸੇ ਵੀ ਬੰਦੇ ਨੂੰ ਥਾਣੇ ਬੁਲਾਇਆ ਤੱਕ ਨਹੀਂ। ਇਸੇ ਤਰ੍ਹਾਂ ਸੰਘਵਾਲ ਵਿਖੇ ਗ਼ਦਰੀ ਬਾਬਿਆਂ ਦੇ ਸਥਾਨ ’ਤੇ ਜਿੱਥੇ ਆਂਗਣਵਾੜੀ ਸੈਂਟਰ ਸਭ ਦੀ ਰਜ਼ਾਮੰਦੀ ਨਾਲ ਚਲਾਇਆ ਜਾ ਰਿਹਾ ਸੀ ਤੇ ਕੁਝ ਆਪ ਹੁਦਰੇ ਲੀਡਰਾਂ ਵੱਲੋਂ ਗ਼ਦਰੀ ਬਾਬਿਆਂ ਦਾ ਨਾਮ ਹੀ ਮਿਟਾ ਦਿੱਤਾ ਗਿਆ ਅਤੇ ਉੱਥੇ ਇੱਕਲਾ ਆਂਗਣਵਾੜੀ ਸੈਂਟਰ ਲਿਖ ਮਾਮਲੇ ਅੰਦਰ ਸਾਡੇ ਕਈ ਸਾਥੀਆਂ ਅਤੇ ਪਿੰਡ ਵਾਸੀਆਂ ਖਿਲਾਫ ਪਰਚੇ ਦਰਜ ਕਰ ਦਿੱਤੇ ਤੇ ਤਾਜ਼ਾ ਮਾਮਲਾ ਅਲਾਵਲਪੁਰ ਦਾ ਹੈ, ਜਿੱਥੇ ਸਾਡੇ ਬਲਾਕ ਪ੍ਰਧਾਨ ਸੁਭਾਸ਼ ਭਨੋਟ ਅਤੇ ਉਨਾਂ ਦੇ ਸਾਥੀਆਂ ਤੇ ਕੁੱਟਮਾਰ ਦਾ ਮਾਮਲਾ ਦਰਜ ਕਰਨ ਵਿੱਚ ਘੰਟਿਆਂ ਦਾ ਸਮਾਂ ਵੀ ਨਹੀਂ ਲਗਾਇਆ ਤੇ ਉਨ੍ਹਾਂ ਵੱਲੋਂ ਦਿੱਤੀ ਐੱਮ.ਐੱਲ.ਆਰ ਦੇ ਬਾਵਜੂਦ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਣ ਉਨ੍ਹਾਂ ਨੂੰ ਅੱਜ ਵਿਰੋਧ ਪ੍ਰਦਰਸ਼ਨ ਤੇ ਮਜਬੂਰ ਹੋਣਾ ਪਿਆ। ਉਨਾਂ ਸਾਫ ਕਿਹਾ ਕਿ ਉਹ ਪੁਲਿਸ ਦੀ ਕਿਸੇ ਵੀ ਖਿਲਾਫ ਗ਼ਲਤ ਢੰਗ ਨਾਲ ਕੀਤੀ ਕਾਰਵਾਈ ਖ਼ਾਸ ਤੌਰ ’ਤੇ ਉਨ੍ਹਾਂ ਦੇ ਵਰਕਰਾਂ ਖਿਲਾਫ ਧੱਕੇ ਦਾ ਡੱਟ ਕੇ ਵਿਰੋਧ ਕਰਨਗੇ।
ਇਸ ਮੌਕੇ ਥਾਣਾ ਮੁਖੀ ਆਦਮਪੁਰ ਪੰਕਜ ਕੁਮਾਰ ਭਨੋਟ ਥਾਣੇ ਦੇ ਬਾਹਰ ਆਏ ਤੇ ਕਾਫੀ ਗਹਿਮਾ ਗਹਿਮੀ ਤੋਂ ਬਾਅਦ ਉੱਚ ਅਧਿਕਾਰੀਆਂ ਨਾਲ ਗੱਲ ਕਰ ਭਰੋਸਾ ਦਿੱਤਾ ਕਿ ਜਲਦ ਇਨ੍ਹਾਂ ਸਾਰੇ ਮਾਮਲਿਆਂ ’ਚ ਖਿਲਾਫ ਕਾਰਵਾਈ ਵੀ ਅਮਲ ’ਚ ਲਿਆਂਦੀ ਜਾਵੇਗੀ ਤੇ ਅਲਾਵਲਪੁਰ ਵਾਲਾ ਸਾਰਾ ਮਾਮਲਾ ਆਹਲਾ ਅਧਿਕਾਰੀਆਂ ਦੇ ਧਿਆਨ ’ਚ ਹੈ ਤੇ ਮਾਮਲੇ ਸਬੰਧੀ ਜਲਦ ਹੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।