
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਹੜਤਾਲ, ਕਾਰਨ ਕੂੜੇ ਦੀ ਢੁਆਈ ਨਹੀਂ ਹੋਈ

-ਧਰਨੇ ਕਾਰਨ ਕੂੜਾ ਚੁੱਕਣ ਦਾ ਕੰਮ ਹੋਇਆ ਪ੍ਰਭਾਵਿਤ
-ਸੋਮਵਾਰ ਨੂੰ ਕੇਜਰੀਵਾਲ ਤੇ ਮਾਨ ਦਾ ਪੁਤਲਾ ਫੂਕਿਆ ਜਾਵੇਗਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਵੀਰਵਾਰ ਨੂੰ ਕੀਤੀ ਗਈ ਹੜਤਾਲ ਦੌਰਾਨ ਫੈਡਰੇਸ਼ਨ ਦੇ ਆਗੂਆਂ ਤੇ ਵਰਕਰਾਂ ਨੇ ਨਿਗਮ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਸਵੇਰੇ 9 ਵਜੇ ਤੋਂ ਦੁਪਹਿਰ ਸਾਢੇ 12 ਵਜੇ ਤਕ ਧਰਨਾ ਦਿੱਤਾ ਤੇ ਆਪਣੀਆਂ ਮੰਗਾਂ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹੜਤਾਲੀ ਕਰਮਚਾਰੀਆਂ ਨੇ ਜਿਥੇ ਨਗਰ ਨਿਗਮ ਦੇ ਸਾਰੇ ਦਫਤਰ ਬੰਦ ਕਰਵਾਏ ਉਥੇ ਹੇਠੋਂ ਨਿਗਮ ਦਫਤਰ ਜਾਣ ਵਾਲੇ ਰਸਤੇ ਦਾ ਸ਼ਟਰ ਵੀ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਸੰਨੀ ਸਹੋਤਾ ਨੇ ਦੱਸਿਆ ਕਿ ਸੋਮਵਾਰ ਨੂੰ ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕੇਗੀ। ਧਰਨੇ ’ਚ ਡਰਾਈਵਰ ਤੇ ਜੇਸੀਬੀ ਅਪ੍ਰੇਟਰ ਯੂਨੀਆਂ ਦੇ ਪ੍ਰਧਾਨ ਅਨਿਲ ਸਭਰਵਾਲ, ਸ਼ਾਮ ਲਾਲ, ਛੋਟਾ ਰਾਜੂ, ਸਾਜਨ, ਅਮਰ ਕਾਕਾ, ਜੁਗਲ ਕਿਸ਼ੋਰ, ਬਿੱਲਾ ਸਭਰਵਗਾਲ, ਸਨੀ ਸੇਠੀ, ਗੋਲੂ ਆਦਿ ਮੌਜੂਦ ਸਨ।
-----------------------
5.50 ਲੱਖ ਮੀਟ੍ਰਿਕ ਟਨ ਕੂੜੇ ਦੀ ਢੁਆਈ ਨਹੀਂ ਹੋਈ
ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਕੀਤੀ ਗਈ ਹੜਤਾਲ ਕਾਰਨ ਸਹਿਰ ਦੇ ਵੱਖ-ਵੱਖ ਡੰਪਾਂ ਤੋਂ ਕੂੜੇ ਦੀ ਢੁਆਈ ਨਹੀਂ ਹੋਈ, ਜਿਸ ਕਾਰਨ ਸ਼ਹਿਰ ਦੇ ਡੰਪਾਂ ’ਤੇ ਲਗਪਗ 550 ਲੱਖ ਮੀਟ੍ਰਿਕ ਟਨ ਕੂੜੇ ਪਿਆ ਰਹਿ ਗਿਆ। ਇਸ ਤੋਂ ਇਲਾਵਾ ਘਰਾਂ ਤੋਂ ਵੀ ਰੈਗ ਪਿੱਕਰਜ਼ ਵਲੋਂ ਕੂੜਾ ਨਹੀਂ ਚੁਕਿਆ ਗਿਆ।
----------------------
ਬੰਟੂ ਸਭਰਵਾਲ ਵੱਲੋਂ ਅੱਜ ਹੜਤਾਲ ਦਾ ਐਲਾਨ
ਦੂਜੇ ਪਾਸੇ ਨਗਰ ਨਿਗਮ ਦੀ ਬੰਟੂ ਸਭਰਵਾਲ ਦੀ ਅਗਵਾਈ ਵਾਲੀ ਯੂਨੀਅਨ ਨੇ ਵੀ ਸ਼ੁੱਕਰਵਾਰ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਯੂਨੀਅਨ ਦੀ ਹੋਈ ਮੀਟਿੰਗ ’ਚ ਉਕਤ ਫੈਸਲਾ ਕੀਤਾ ਗਿਆ। ਮੀਟਿੰਗ ’ਚ ਸਮੀ ਲੂਥਰ ਤੇ ਹੋਰ ਆਗੂਆਂ ਨੇ ਹਿੱਸਾ ਲਿਆ। ਇਸ ਦੌਰਾਨ ਬੰਟੂ ਸਭਰਵਾਲ ਨੇ ਕਿਹਾ ਹੈ ਕਿ ਹੜਤਾਲ 609 ਕਰੋੜ ਦੇ ਸਾਲਿਡ ਵੇਸਟ ਪ੍ਰਾਜੈਕਟ, 1196 ਮੁਲਾਜ਼ਮਾਂ ਦੀ ਭਰਤੀ ਤੇ ਡੀਏ ਦੀ ਕਿਸ਼ਤ ਦੇਣ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੈ। ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲਟਕਾਉਣਾ ਚਾਹੁੰਦੀ ਹੈ, ਜਿਸ ਨੂੰ ਸਹਿਣ ਨਹੀ ਕੀਤਾ ਜਾਏਗਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਕਤ ਸਾਲਿਡ ਵੇਸਟ ਪ੍ਰਾਜੈਕਟ ਦਾ ਠੇਕਾ ਰੱਦ ਕੀਤਾ ਜਾਏ। ਹੜਤਾਲ ਦੌਰਾਨ ਨਿੱਜੀ ਠੇਕੇਦਾਰਾਂ ਵੱਲੋਂ ਵੀ ਕੂੜੇ ਦੀ ਢੁਆਈ ਲਈ ਟਰਾਲੀਆਂ ਬੰਦ ਰਹਿਣਗੀਆਂ।