
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੋਧਗਯਾ ਮਹਾਂਵਿਹਾਰ ਦੀ ਮੁਕਤੀ ਲਈ ਦਿੱਲੀ ’ਚ ਧਰਨਾ, ਪੰਜਾਬ ’ਚ 11 ਮੈਂਬਰੀ ਕਮੇਟੀ ਗਠਿਤ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬੋਧਗਯਾ ਮਹਾਂਵਿਹਾਰ ਨੂੰ ਗੈਰ-ਬੋਧਿਸਟਾਂ ਦੇ ਕੰਟਰੋਲ ਤੋਂ ਮੁਕਤ ਕਰਵਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਇਕ ਰੋਜ਼ਾ ਸ਼ਾਂਤਮਈ ਧਰਨਾ ਦਿੱਤਾ ਗਿਆ। ਇਸ ’ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਭਿੱਖੂ ਸੰਘ ਤੇ ਉਪਾਸਕ ਸੰਘ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਬੋਧੀ ਆਗੂਆਂ ਨੇ ਬਿਹਾਰ ਦੇ ਬੋਧਗਯਾ ਮਹਾਂਵਿਹਾਰ ਨਾਲ ਸਬੰਧਤ 1949 ਦੇ ਕਾਨੂੰਨ ਨੂੰ ਰੱਦ ਕਰਕੇ ਮਹਾਂਵਿਹਾਰ ਦਾ ਪੂਰਾ ਕੰਟਰੋਲ ਬੋਧੀਆਂ ਨੂੰ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 12 ਫਰਵਰੀ 2025 ਤੋਂ ਬੋਧਗਯਾ ’ਚ ਇਸ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਜਾਰੀ ਹੈ। ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ 23 ਅਗਸਤ ਤੋਂ ਬਿਹਾਰ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪੰਜ ਦਿਨਾਂ ਦੀ ਭੁੱਖ ਹੜਤਾਲ ਕਰਨ ਦਾ ਐਲਾਨ ਵੀ ਕੀਤਾ ਗਿਆ। ਧਰਨੇ ’ਚ ਪੰਜਾਬ ਵੱਲੋਂ ਰਾਜ ਕੁਮਾਰ ਬੋਧ, ਸੁਰਜੀਤ ਬੋਧ, ਮੁੰਨਾ ਬੋਧ ਸਮੇਤ ਸੱਤ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ’ਚ 11 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ’ਚ ਹਰਭਜਨ ਸਾਪਲਾ, ਗੁਰਦਿਆਲ ਸੰਧੀ, ਬਲਦੇਵ ਭਾਰਦਵਾਜ, ਪ੍ਰੋ. ਬਲਵੀਰ, ਗੁਰਮੀਤ ਸਾਪਲਾ, ਬਲਦੇਵ ਜਸਲ, ਹੁਸਨ ਲਾਲ, ਚੰਚਲ ਬੋਧ ਆਦਿ ਸ਼ਾਮਲ ਹਨ।