
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਦੇ ਉੱਚ ਅਧਿਕਾਰੀਆਂ ਦੇ ਭਰੋਸੇ ਮਗਰੋਂ ਧਰਨਾ ਸਮਾਪਤ

-ਤਿੰਨ-ਚਾਰ ਦਿਨਾਂ ’ਚ ਚੌਕੀ ਇੰਚਾਰਜ ਨਾ ਬਦਲਿਆ ਤਾਂ ਕਰਾਂਗੇ ਤਿੱਖਾ ਸੰਘਰਸ਼ : ਬੁੱਗਾ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ ਪੁਲਿਸ ਚੌਂਕੀ ਦੇ ਇੰਚਾਰਜ ਬਲਵੀਰ ਸਿੰਘ ਬੁੱਟਰ ਦੀ ਬਦਲੀ ਦੀ ਮੰਗ ਨੂੰ ਲੈ ਕੇ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਬੁੱਗਾ ਦੀ ਅਗਵਾਈ ਹੇਠ ਕਿਸ਼ਨਗੜ੍ਹ ਚੌਕ ਵਿਖੇ ਦਿੱਤਾ ਗਿਆ ਧਰਨਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਮਗਰੋਂ ਸਮਾਪਤ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੰਬੇਡਕਰ ਸੈਨਾ ਵੱਲੋਂ ਕੁਝ ਦਿਨ ਪਹਿਲਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਲਟੀਮੇਟਮ ਦਿੰਦਿਆਂ 28 ਅਗਸਤ ਨੂੰ ਕਿਸ਼ਨਗੜ੍ਹ ਚੌਂਕ ਵਿਖੇ ਸ਼ਾਂਤਮਈ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਚੌਕੀ ਇੰਚਾਰਜ ਦੀ ਬਦਲੀ ਨਾ ਹੋਣ ਕਾਰਨ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਬਲਵਿੰਦਰ ਸਿੰਘ ਬੁੱਗਾ ਦੀ ਅਗਵਾਈ ਹੇਠ ਅੰਬੇਡਕਰ ਸੈਨਾ ਦੇ ਆਗੂਆਂ ਅਤੇ ਵਰਕਰਾਂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਮੋਹਤਬਰਾਂ ਤੇ ਪਤਵੰਤਿਆਂ ਨੇ ਕਿਸ਼ਨਗੜ੍ਹ ਚੌਕ ਵਿਖੇ ਧਰਨਾ ਦਿੱਤਾ। ਧਰਨੇ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਦੰਗਾ ਰੋਕੂ ਦਸਤੇ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਭਾਰੀ ਪੁਲਿਸ ਫੋਰਸ ਮੌਕੇ ’ਤੇ ਤਾਇਨਾਤ ਰਹੀ। ਧਰਨੇ ਦੌਰਾਨ ਬਲਵਿੰਦਰ ਸਿੰਘ ਬੁੱਗਾ ਅਤੇ ਹੋਰ ਪ੍ਰਦਰਸ਼ਨਕਾਰੀਆਂ ਵੱਲੋਂ ਚੌਕੀ ਇੰਚਾਰਜ ਬਲਵੀਰ ਸਿੰਘ ਬੁੱਟਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਖ਼ਿਲਾਫ਼ ਕਥਿਤ ਤੌਰ ’ਤੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਚੌਕੀ ਇੰਚਾਰਜ ਦੀ ਤੁਰੰਤ ਬਦਲੀ ਦੀ ਮੰਗ ਕੀਤੀ। ਇਸ ਦੌਰਾਨ ਮੌਕੇ ’ਤੇ ਪਹੁੰਚੇ ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ, ਡੀਐੱਸਪੀ ਆਦਮਪੁਰ ਰਾਜੀਵ ਕੁਮਾਰ, ਡੀਐੱਸਪੀ (ਡੀ) ਲਖਵਿੰਦਰ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਵੱਲੋਂ ਚੌਕੀ ਇੰਚਾਰਜ ਬਲਵੀਰ ਸਿੰਘ ਬੁੱਟਰ ਨੂੰ ਤਿੰਨ ਤੋਂ ਚਾਰ ਦਿਨਾਂ ਅੰਦਰ ਬਦਲਣ ਦਾ ਭਰੋਸਾ ਦਿੱਤਾ ਗਿਆ, ਜਿਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਬਲਵਿੰਦਰ ਸਿੰਘ ਬੁੱਗਾ ਨੇ ਕਿਹਾ ਕਿ ਜੇ ਤਿੰਨ ਤੋਂ ਚਾਰ ਦਿਨਾਂ ਅੰਦਰ ਚੌਕੀ ਇੰਚਾਰਜ ਦੀ ਬਦਲੀ ਨਾ ਕੀਤੀ ਗਈ ਤਾਂ ਅੰਬੇਡਕਰ ਸੈਨਾ ਵੱਲੋਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ’ਚ ਹਾਈਵੇ ਜਾਮ ਕਰਨ ਦਾ ਫ਼ੈਸਲਾ ਵੀ ਲਿਆ ਜਾ ਸਕਦਾ ਹੈ। ਇਸ ਮੌਕੇ ਆਪ ਆਗੂ ਜਸਪ੍ਰੀਤ ਸਿੰਘ ਜੱਸਾ ਚਾਹਲ, ਮਾਰਕੀਟ ਕਮੇਟੀ ਆਦਮਪੁਰ ਦੇ ਚੇਅਰਮੈਨ ਹਰਕੀਰਤ ਸਿੰਘ ਨੇ ਨਿੱਝਰ, ਤਰਲੋਕ ਵੈਂਡਲ, ਸਾਬਕਾ ਸਰਪੰਚ ਤੇ ਨੰਬਰਦਾਰ ਮਾਸਟਰ ਭਾਗ ਰਾਮ, ਅਮਨ ਚੌਹਾਨ, ਕੁਲਵਿੰਦਰ ਬੈਂਸ, ਬਲਵੀਰ ਸਿੱਧੂ ਤੀਰਥ ਰਹੀਮਪੁਰ, ਵੀਰ ਕੁਮਾਰ ਕਰਤਾਰਪੁਰ, ਗੁਰਪ੍ਰੀਤ, ਪਰਮਜੀਤ, ਜਗਰੂਪ ਚਾਹਲ, ਅਮਰੀਕ, ਬਲਬੀਰ ਅਤੇ ਰਕੇਸ਼ ਸਮੇਤ ਸੈਂਕੜੇ ਲੋਕ ਹਾਜ਼ਰ ਸਨ।