- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਸਪਲਾਈ ਦੇ ਲਗ ਰਹੇ ਕਟਾਂ ਨੂੰ ਲੈਕੇ ਕਿਰਤੀ ਕਿਸਾਨ ਯੂਨੀਅਨ ਵਲੋਂ ਧਰਨਾ ਮੁਜ਼ਾਹਰਾ

ਹਾਈਵੇ ਜਾਮ ਨੂੰ ਅਸਫ਼ਲ ਬਣਾਉਣ ਲਈ ਕਿਸਾਨ ਆਗੂ ਗ੍ਰਿਫ਼ਤਾਰ, ਛਾਪੇਮਾਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਕਿਰਤੀ ਕਿਸਾਨ ਯੂਨੀਅਨ ਸਮੇਤ ਕਿਸਾਨ ਜਥੇਬੰਦੀਆਂ ਵੱਲੋਂ ਹਫ਼ਤੇ ਭਰ ਤੋਂ ਖੇਤੀ ਮੋਟਰਾਂ ਅਤੇ ਘਰਾਂ ਦੀ ਬਿਜਲੀ ਸਪਲਾਈ ਦੇ ਲੱਗ ਰਹੇ ਕੱਟਾਂ ਦੇ ਵਿਰੋਧ ਵਿੱਚ ਫਿਲੌਰ ਵਿਖੇ ਹਾਈਵੇ ਜਾਮ ਕਰਨ ਦੇ ਸੱਦੇ ਨੂੰ ਅਸਫ਼ਲ ਬਣਾਉਣ ਲਈ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਸੋਮਵਾਰ ਤੜਕਸਾਰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਤੇ ਹੋਰ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਤਰਸੇਮ ਸਿੰਘ ਕਡਿਆਣਾ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘਪੁਰ ਨੂੰ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ ਤੇ ਹੋਰ ਕਿਸਾਨ ਆਗੂਆਂ ਨੂੰ ਵੀ ਹਿਰਾਸਤ ਚ ਲਿਆ ਗਿਆ।
ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਪਾਵਰਕਾਮ ਦੇ 66 ਕੇ ਵੀ ਬਿਲਗਾ ਬਿਜਲੀ ਦਫਤਰ ’ਚ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਜ਼ਿਲ੍ਹਾ ਆਗੂ ਗੁਰਨਾਮ ਸਿੰਘ ਤੱਗੜ, ਅਵਤਾਰ ਸਿੰਘ ਸੰਧੂ ਅਤੇ ਹਰਦੀਪ ਸਿੰਘ ਉੱਪਲ ਨੇ ਕੀਤੀ। ਉਨ੍ਹਾਂ ਕਿਹਾ ਕਿ ਹਫ਼ਤੇ ਭਰ ਤੋਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਤੇ ਲੱਗ ਰਹੇ ਭਾਰੀ ਕੱਟਾਂ ਕਾਰਨ ਫਸਲਾਂ ਸੁੱਕ ਰਹੀਆਂ ਹਨ। ਸੂਬਾ ਸਰਕਾਰ ਦੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਇਸ ਧਰਨੇ ਵਿੱਚ ਲਗਭਗ 15 ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਧਰਨਾ ਫਿਲੌਰ ਦਿੱਤਾ ਜਾਣਾ ਸੀ ਪਰ ਅੱਜ ਤੜਕੇ ਤੋਂ ਕਿਸਾਨ ਲੀਡਰਾਂ ਦੇ ਘਰਾਂ ’ਚ ਪੁਲਿਸ ਨੇ ਰੇਡ ਕੀਤੀ ਗਈ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ ਦੇ ਘਰ ਰੇਡ ਕੀਤੀ। ਯੂਨੀਅਨ ਆਗੂ ਜਥੇਦਾਰ ਤਰਸੇਮ ਸਿੰਘ ਕਡਿਆਣਾ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅਮਰੀਕ ਸਿੰਘ ਭਾਰ ਸਿੰਘਪੁਰ ਪੁਲਿਸ ਨੇ ਘਰੇ ਹੀ ਨਜ਼ਰਬੰਦ ਕਰ ਲਿਆ ਗਿਆ ਅਤੇ ਹੋਰ ਬਹੁਤ ਸਾਰੇ ਲੀਡਰਾਂ ਦੇ ਘਰਾਂ ਚ ਛਾਪੇਮਾਰੀ ਹੋਈ। ਇਸ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਇਕੱਠੇ ਹੋ ਕੇ ਬਿਜਲੀ ਦਫਤਰ ਮੂਹਰੇ ਧਰਨਾ ਦਿੱਤਾ ਤੇ ਛੁੱਟੀ ਵਾਲੇ ਦਿਨ ਐੱਸਡੀਓ ਨੇ ਆ ਕੇ ਜਥੇਬੰਦੀ ਦਾ ਮੰਗ ਪੱਤਰ ਲਿਆ ਤੇ ਖੇਤੀ ਮੋਟਰਾਂ ਦੀ 8 ਘੰਟੇ ਅਤੇ ਘਰਾਂ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ। ਜਥੇਬੰਦੀ ਨੇ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਗੱਲ ਕਰਕੇ ਆਪਣੇ ਸਾਰੇ ਸਾਥੀਆਂ ਨੂੰ ਰਿਹਾਅ ਕਰਵਾਇਆ। ਜਿੰਨੀ ਦੇਰ ਗ੍ਰਿਫ਼ਤਾਰ ਆਗੂ ਰਿਹਾਅ ਨਹੀਂ ਕੀਤੇ ਗਏ, ਓਨੀ ਦੇਰ ਤੱਕ ਧਰਨਾ ਜਾਰੀ ਰਿਹਾ। ਇਸ ਦੌਰਾਨ ਉਨਾਂ ਨੇ ਆਪਣੀਆਂ ਮੰਗਾਂ ਰੱਖਦਿਆਂ ਕਿਹਾ ਕਿ ਜਿਹੜੇ ਟਰਾਂਸਫਰ ਸੜ ਜਾਂਦੇ ਆ ਉਨ੍ਹਾਂ ਨੂੰ 24 ਘੰਟੇ ’ਚ ਬਦਲਿਆ ਜਾਵੇ ਤੇ ਜਿਹੜੇ ਚਿੱਪ ਵਾਲੇ ਮੀਟਰ ਹਨ ਉਨ੍ਹਾਂ ਨੂੰ ਬੰਦ ਕੀਤਾ ਜਾਵੇ ਦੀ ਮੰਗ ਵੀ ਕੀਤੀ ਗਈ। ਇਸ ਧਰਨੇ ’ਚ ਮੇਜਰ ਸਿੰਘ ਔਜਲਾ, ਬੂਟਾ ਸਿੰਘ ਤੱਗੜ, ਬਹਾਦਰ ਸਿੰਘ ਪ੍ਰਧਾਨ ਚੀਮਾ ਕਲਾਂ, ਬਾਈ ਜੌਹਲ ਤਲਵਣ, ਹਰਪ੍ਰੀਤ ਸਿੰਘ ਹੈਪੀ ਸੰਧੂ ਲੱਦੜ, ਜਥੇਦਾਰ ਭੁਪਿੰਦਰ ਸਿੰਘ ਬਿਲਗਾ, ਲਖਬੀਰ ਸਿੰਘ ਨੀਨੂ ਬਿਲਗਾ, ਬੂਟਾ ਸਿੰਘ ਖੇਲਾ, ਅਮਰੀਕ ਸਿੰਘ ਬਹਾਦਰਪੁਰ ਤੇ ਜੀਤਾ ਸਿੰਘ ਸੈਦੋਵਾਲ ਆਦਿ ਨੇ ਵੀ ਸੰਬੋਧਨ ਕੀਤਾ।