ਨਰਾਤਿਆਂ ਕਾਰਨ ਰਜਿਸਟਰੀਆਂ ਨੂੰ ਮਿਲੀ ਰਫ਼ਤਾਰ, ਕੰਮ 35 ਫ਼ੀਸਦੀ ਵਧੀਆ ਨਰਾਤਿਆਂ ਕਾਰਨ ਰਜਿਸਟਰੀਆਂ ਨੂੰ ਮਿਲੀ ਰਫ਼ਤਾਰ, ਕੰਮ 35 ਫ਼ੀਸਦੀ ਵਧੀਆ
Publish Date: Wed, 14 Oct 2026 08:01 PM (IST)
Updated Date: Wed, 14 Oct 2026 08:03 PM (IST)
-ਦੋਵਾਂ ਐੱਸਆਰ ਦਫ਼ਤਰਾਂ ’ਚ ਦਸਤਾਵੇਜਾਂ ਦਾ ਅੰਕੜਾ 250 ਤੋਂ ਪਾਰ, ਆਉਣ ਵਾਲੇ ਦਿਨਾਂ ’ਚ ਕੰਮ ਹੋਰ ਵਧਣ ਦੀ ਸੰਭਾਵਨਾ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਨਰਾਤਿਆਂ ਦੇ ਸ਼ੁਭ ਮੌਕੇ ’ਤੇ ਜਲੰਧਰ ਦੇ ਦੋਵਾਂ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਦੇ ਕੰਮ ਨੇ ਰਫ਼ਤਾਰ ਫੜ ਲਈ। ਦਫ਼ਤਰਾਂ ’ਚ ਰਜਿਸਟਰੀਆਂ ਕਰਵਾਉਣ ਲਈ ਲੋਕਾਂ ਦੀ ਆਮਦ ਦੇਖਣ ਨੂੰ ਮਿਲੀ ਅਤੇ ਦਸਤਾਵੇਜ਼ਾਂ ਦੀ ਗਿਣਤੀ 250 ਦਾ ਅੰਕੜਾ ਪਾਰ ਕਰ ਗਈ। ਦੋਵਾਂ ਦਫ਼ਤਰਾਂ ਵਿੱਚ ਕੁੱਲ 251 ਦਸਤਾਵੇਜ਼ ਰਜਿਸਟਰਡ ਕੀਤੇ ਗਏ। ਉਪਲੱਬਧ ਅੰਕੜਿਆਂ ਅਨੁਸਾਰ ਆਮ ਦਿਨਾਂ ਦੇ ਮੁਕਾਬਲੇ ਕੰਮਕਾਜ ’ਚ ਤਕਰੀਬਨ 35 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਨਰਾਤਿਆਂ ਦੇ ਮੌਕੇ ’ਤੇ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਆਈ ਤੇਜ਼ੀ ਨੂੰ ਲੋਕਾਂ ਦੀਆਂ ਧਾਰਮਿਕ ਮਾਨਤਾਵਾਂ ਅਤੇ ਸ਼ੁਭ ਦਿਨਾਂ ਵਿੱਚ ਮਹੱਤਵਪੂਰਨ ਕੰਮ ਪੂਰੇ ਕਰਨ ਦੇ ਰੁਝਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨਰਾਤਿਆਂ ਨੂੰ ਧਾਰਮਿਕ ਪੱਖੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਦੌਰਾਨ ਕਈ ਲੋਕ ਨਵੇਂ ਕੰਮ ਸ਼ੁਰੂ ਕਰਨ, ਜਾਇਦਾਦ ਖਰੀਦਣ ਤੇ ਮਕਾਨ ਜਾਂ ਪਲਾਟ ਨਾਲ ਜੁੜੇ ਸੌਦਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਇਸੇ ਮਾਨਤਾ ਦਾ ਅਸਰ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਵੀ ਦੇਖਣ ਨੂੰ ਮਿਲਿਆ। ਜਾਇਦਾਦ ਦੀ ਖਰੀਦੋ-ਫਰੋਖ਼ਤ ਨਾਲ ਜੁੜੇ ਦਸਤਾਵੇਜ਼ਾਂ ਤੋਂ ਇਲਾਵਾ ਹੋਰ ਕਾਨੂੰਨੀ ਦਸਤਾਵੇਜ਼ ਵੀ ਰਜਿਸਟਰਡ ਕੀਤੇ ਗਏ। ਲੋਕਾਂ ਲਈ ਜਾਇਦਾਦ ਦੀ ਰਜਿਸਟਰੀ ਸਿਰਫ਼ ਖਰੀਦੋ-ਫਰੋਖ਼ਤ ਦੀ ਪ੍ਰਕਿਰਿਆ ਨਹੀਂ, ਸਗੋਂ ਮਾਲਕੀ ਨਾਲ ਜੁੜਿਆ ਇੱਕ ਅਹਿਮ ਕਾਨੂੰਨੀ ਕਦਮ ਵੀ ਹੈ। --------------------------- ਐੱਸਆਰ-1 ’ਚ 159 ਅਪਾਇੰਟਮੈਂਟਾਂ ‘ਚੋਂ 146 ਦਸਤਾਵੇਜ਼ ਦਰਜ ਸਬ ਰਜਿਸਟਰਾਰ ਦਫ਼ਤਰ-1 ਵਿੱਚ ਕੁੱਲ 159 ਅਪਾਇੰਟਮੈਂਟਾਂ ਲਈਆਂ ਗਈਆਂ ਸਨ, ਜਿਨ੍ਹਾਂ ’ਚੋਂ 146 ਦਸਤਾਵੇਜ਼ ਰਜਿਸਟਰਡ ਹੋਏ। ਇਨ੍ਹਾਂ ’ਚ 75 ਰਜਿਸਟਰੀਆਂ, 22 ਟਰਾਂਸਫਰ ਡੀਡ, 11 ਅਟਾਰਨੀਆਂ, 3 ਵਸੀਅਤਾਂ, 2 ਲੀਜ਼ ਡੀਡ ਅਤੇ 33 ਐੱਮਓਡੀਟੀ ਦਰਜ ਕੀਤੀਆਂ ਗਈਆਂ। --------------------- ਐੱਸਆਰ-2 ’ਚ 105 ਦਸਤਾਵੇਜ਼ ਹੋਏ ਦਰਜ ਇਸੇ ਤਰ੍ਹਾਂ ਸਬ ਰਜਿਸਟਰਾਰ ਦਫ਼ਤਰ-2 ਵਿੱਚ ਕੁੱਲ 119 ਅਪਾਇੰਟਮੈਂਟਾਂ ਲਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 105 ਦਸਤਾਵੇਜ਼ ਰਜਿਸਟਰਡ ਕੀਤੇ ਗਏ। ਦਿੱਤੇ ਗਏ ਵੇਰਵੇ ਅਨੁਸਾਰ ਇਨ੍ਹਾਂ ਵਿੱਚ ਰਜਿਸਟਰੀਆਂ ਅਤੇ ਐੱਮਓਡੀਟੀ ਦੇ ਕੁੱਲ 100 ਦਸਤਾਵੇਜ਼, 1 ਵਸੀਅਤ ਅਤੇ 4 ਅਟਾਰਨੀਆਂ ਦਰਜ ਕੀਤੀਆਂ ਗਈਆਂ। ਇਸ ਤਰ੍ਹਾਂ ਦਫ਼ਤਰ-2 ਵਿੱਚ ਵੀ ਰਜਿਸਟ੍ਰੇਸ਼ਨ ਦਾ ਕੰਮ ਸਰਗਰਮ ਰਿਹਾ ਅਤੇ ਦਸਤਾਵੇਜ਼ਾਂ ਦੀ ਗਿਣਤੀ 100 ਤੋਂ ਪਾਰ ਰਹੀ। ਦੋਵਾਂ ਦਫ਼ਤਰਾਂ ਦੇ ਅੰਕੜਿਆਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਦਫ਼ਤਰ-1 ਵਿੱਚ 146 ਅਤੇ ਦਫ਼ਤਰ-2 ਵਿੱਚ 105 ਦਸਤਾਵੇਜ਼ ਰਜਿਸਟਰਡ ਹੋਏ। ਇਸ ਤਰ੍ਹਾਂ ਕੁੱਲ ਗਿਣਤੀ 251 ਬਣਦੀ ਹੈ। ---------------------- ਸ਼ੁਭ ਮੌਕੇ ’ਤੇ ਜਾਇਦਾਦੀ ਕੰਮਾਂ ਨੂੰ ਤਰਜੀਹ ਜਾਇਦਾਦ ਦੀ ਖਰੀਦੋ-ਫਰੋਖ਼ਤ ਕਰਨ ਵਾਲਿਆਂ ਲਈ ਰਜਿਸਟਰੀ ਇੱਕ ਮਹੱਤਵਪੂਰਨ ਕੰਮ ਹੁੰਦਾ ਹੈ। ਕਈ ਲੋਕ ਧਾਰਮਿਕ ਮਾਨਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਪ੍ਰਕਿਰਿਆ ਨੂੰ ਸ਼ੁਭ ਦਿਨਾਂ ’ਚ ਪੂਰਾ ਕਰਨਾ ਪਸੰਦ ਕਰਦੇ ਹਨ। ਨਰਾਤਿਆਂ ਦੌਰਾਨ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਹੋਈ ਰਜਿਸਟ੍ਰੇਸ਼ਨ ਵੀ ਇਸ ਰੁਝਾਨ ਨੂੰ ਦਰਸਾਉਂਦੀ ਹੈ। ਜਦੋਂ ਲੋਕ ਪਹਿਲਾਂ ਤੋਂ ਅਪਾਇੰਟਮੈਂਟ ਲੈ ਕੇ ਆਪਣੇ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਲਈ ਪਹੁੰਚਦੇ ਹਨ ਤਾਂ ਦਫ਼ਤਰਾਂ ’ਚ ਕੰਮਕਾਜ ਦੀ ਸਰਗਰਮੀ ਵਧ ਜਾਂਦੀ ਹੈ। ਤਿਉਹਾਰਾਂ ਦੇ ਮੌਕੇ ’ਤੇ ਜਾਇਦਾਦੀ ਕੰਮਾਂ ਵਿੱਚ ਦਿਖਾਈ ਦੇਣ ਵਾਲੀ ਇਹ ਸਰਗਰਮੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਹਾਲਾਂਕਿ, ਰਜਿਸਟਰਡ ਦਸਤਾਵੇਜ਼ਾਂ ਦੀ ਗਿਣਤੀ ਵਿੱਚ ਵਾਧੇ ਨੂੰ ਸਿੱਧੇ ਤੌਰ ’ਤੇ ਜਾਇਦਾਦਾਂ ਦੀ ਵਿਕਰੀ ਵਿੱਚ ਵਾਧਾ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਕੁੱਲ ਅੰਕੜਿਆਂ ਵਿੱਚ ਵੱਖ-ਵੱਖ ਕਿਸਮਾਂ ਦੇ ਕਾਨੂੰਨੀ ਦਸਤਾਵੇਜ਼ ਵੀ ਸ਼ਾਮਲ ਹਨ। ਕੁੱਲ ਮਿਲਾ ਕੇ ਨਰਾਤਿਆਂ ਦੇ ਮੌਕੇ ’ਤੇ ਜਲੰਧਰ ਦੇ ਦੋਵਾਂ ਸਬ ਰਜਿਸਟਰਾਰ ਦਫ਼ਤਰਾਂ ਵਿੱਚ 251 ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਹੋਈ। ਉਪਲੱਬਧ ਜਾਣਕਾਰੀ ਅਨੁਸਾਰ ਆਮ ਦਿਨਾਂ ਦੇ ਮੁਕਾਬਲੇ ਕੰਮਕਾਜ ਵਿੱਚ ਤਕਰੀਬਨ 35 ਫ਼ੀਸਦੀ ਵਾਧਾ ਦੇਖਣ ਨੂੰ ਮਿਲਿਆ। ਇਸ ਨਾਲ ਸ਼ੁਭ ਮੌਕਿਆਂ ’ਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਲੋਕਾਂ ਦੀ ਤਰਜੀਹ ਅਤੇ ਦਫ਼ਤਰਾਂ ’ਚ ਵਧੀ ਸਰਗਰਮੀ ਸਾਹਮਣੇ ਆਈ। -------------------------- ਨਹੀਂ ਆਉਣ ਦਿੱਤੀ ਜਾਂਦੀ ਕੋਈ ਦਿੱਕਤ : ਸਿਮਰਨਜੀਤ ਕੌਰ ਰਜਿਸਟਰੀ ਕਲਰਕ-1 ਸਿਮਰਨਜੀਤ ਕੌਰ ਨੇ ਕਿਹਾ ਕਿ ਚਾਹੇ ਆਮ ਦਿਨਾਂ ਨਾਲੋਂ ਕੰਮ ਵਧਿਆ ਹੈ ਪਰ ਦਫ਼ਤਰ ਆਉਣ ਵਾਲੇ ਲੋਕਾਂ ਨੂੰ ਪੂਰੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਹੀ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। -------------------------- ਪਹਿਲਾਂ ਨਾਲੋਂ ਥੋੜ੍ਹਾ ਵਧਿਆ ਕੰਮ : ਅਰੁਣ ਭਟੇਜਾ ਐੱਸਆਰ-2 ਦੇ ਰਜਿਸਟਰੀ ਕਲਰਕ ਅਰੁਣ ਭਟੇਜਾ ਨੇ ਕਿਹਾ ਕਿ ਚਾਹੇ ਪਹਿਲਾਂ ਨਾਲੋਂ ਥੋੜ੍ਹਾ ਕੰਮ ਵਧਿਆ ਹੈ ਪਰ ਨਰਾਤਿਆਂ ਦੌਰਾਨ ਜਿੰਨਾ ਕੰਮ ਹੋਣਾ ਚਾਹੀਦਾ ਸੀ, ਉਹ ਉਮੀਦ ਨਾਲ ਘੱਟ ਮੰਨਿਆ ਜਾ ਰਿਹਾ ਹੈ।