ਅੱਜ ਸੀਲ ਹੋਣਗੀਆਂ ਟੈਕਸ ਡਿਫਾਲਟਰਾਂ ਦੀਆਂ ਜਾਇਦਾਦਾਂ
ਟੈਕਸ ਡਿਫਾਲਟਰਾਂ ਦੀਆਂ ਪ੍ਰਾਪਰਟੀਆਂ ਦੀ ਅੱਜ ਹੋਵੇਗੀ ਸੀਲਿੰਗ
Publish Date: Tue, 24 Mar 2026 08:32 PM (IST)
Updated Date: Tue, 24 Mar 2026 08:34 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀਆਂ ਵੱਖ-ਵੱਖ ਬ੍ਰਾਂਚਾਂ ਵੱਲੋਂ ਆਪਣੇ ਸਾਲ 2025=26 ਦੇ ਬਜਟ ਟੀਚਿਆਂ ਨੂੰ ਪੂਰਾ ਕਰਨ ਲਈ ਵਸੂਲੀ ਦੇ ਯਤਨ ਜਾਰੀ ਹਨ ਤੇ ਇਸ ਸਬੰਧੀ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਟੈਕਸ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਅੱਜ ਵੱਡੀ ਪੱਧਰ ’ਤੇ ਪ੍ਰਾਪਰਟੀਆਂ ਸੀਲਿੰਗ ਕਰਨ ਦੀ ਤਿਆਰੀ ਕਰ ਲਈ ਹੈ। ਪ੍ਰਾਪਰਟੀ ਟੈਕਸ ਦੀ ਟੀਮ 3 ਸੁਪਰਡੈਂਟਾਂ ਮਹੀਪ ਸਰੀਨ, ਰਾਜੀਵ ਰਿਸ਼ੀ ਤੇ ਭੁਪਿੰਦਰ ਸਿੰਘ ਬੜਿੰਗ ਦੀ ਅਗਵਾਈ ’ਚ ਅੱਜ ਸਵੇਰ ਤੋਂ ਹੀ ਨਿਕਲੇਗੀ ਤੇ ਡਿਫਾਲਟਰਾਂ ਦੀ ਬਣਾਈ ਗਈ ਲਿਸਟ ਅਧੀਨ ਰੂਟ ਬਣਾ ਕੇ ਪ੍ਰਾਪਰਟੀਆਂ ਦੀ ਸੀਲਿੰਗ ਕਰੇਗੀ। ਟੈਕਸ ਬ੍ਰਾਂਚ ਦੇ ਸੁਪਰਡੈਂਟ ਭੁਪਿੰਦਰ ਬੜਿੰਗ ਅਨੁਸਾਰ ਮੰਗਲਵਾਰ ਨੂੰ ਕਿਸੇ ਕਾਰਨ ਕਰਕੇ ਸੀਲਿੰਗ ਦਾ ਕੰਮ ਮੁਲਤਵੀ ਕਰ ਦਿੱਤਾ ਗਿਆ ਤੇ ਹੁਣ ਬੁੱਧਵਾਰ ਹਰ ਕੀਮਤ ’ਤੇ ਬਣੀ ਲਿਸਟ ਦੇ ਅਨੁਸਾਰ ਸੀਲਿੰਗ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਪ੍ਰਾਪਰਟੀ ਟੈਕਸ ਬ੍ਰਾਂਚ ਦਾ ਸਾਲ 2025-26 ਦਾ ਬਜਟ ਟੀਚਾ 75 ਕਰੋੜ ਦੇ ਲਗਪਗ ਹੈ ਤੇ ਉਸ ਨੇ ਅਜੇ ਤੱਕ 49.15 ਕਰੋੜ ਦੀ ਵਸੂਲੀ ਕੀਤੀ ਹੈ। ਮੰਗਲਵਾਰ ਨੂੰ ਲੋਕਾਂ ਵੱਲੋਂ ਲਗਭਗ 15 ਲੱਖ ਦਾ ਟੈਕਸ ਜਮ੍ਹਾਂ ਕਰਵਾਇਆ ਗਿਆ।