- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਘੇ ਪੰਜਾਬੀ ਲੇਖਕ ਸੁਖਪਾਲ ਸਿੰਘ ਥਿੰਦ ਨੂੰ ਮਿਲੇਗਾ ਇਸ ਸਾਲ ਦਾ ਪ੍ਰਿੰਸੀਪਲ ਸਜਾਨ ਸਿੰਘ ਯਾਦਗਾਰੀ ਸਨਮਾਨ

-ਅੱਠ ਮੌਲਿਕ ਪੁਸਤਕਾਂ ਦੀ ਸਿਰਜਣਾ ਕੀਤੀ ਜਿਸ ’ਚ ਦੋ ਚਰਚਿਤ ਕਹਾਣੀ ਸੰਗ੍ਰਹਿ ਸ਼ਾਮਲ
-ਕਹਾਣੀਕਾਰ, ਸਫਰਨਾਮਾਕਾਰ, ਆਲੋਚਕ ਤੇ ਸਿੱਖਿਆ ਸ਼ਾਸਤਰੀ ਵਜੋਂ ਰੱਖਦੇ ਹਨ ਵੱਖਰੀ ਪਛਾਣ
ਸੀਨੀਅਰ ਸਟਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਉੱਘੇ ਪੰਜਾਬੀ ਲੇਖਕ ਪ੍ਰੋ. ਸੁਖਪਾਲ ਸਿੰਘ ਥਿੰਦ ਨੂੰ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਇਸ ਵਰ੍ਹੇ ਦਾ 'ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ' ਦਿੱਤਾ ਜਾਵੇਗਾ। ਇਹ ਸਨਮਾਨ ਹਰ ਵਰ੍ਹੇ ਪਿਛਲੇ 33 ਸਾਲ ਤੋਂ ਪੰਜਾਬੀ ਕਹਾਣੀ ਦੇ ਖੇਤਰ ’ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਪੰਜਾਬੀ ਲੇਖਕ ਨੂੰ ਦਿੱਤਾ ਜਾਂਦਾ ਹੈ। ਇਹ ਸਨਮਾਨ ਸਮਾਗਮ 22 ਨਵੰਬਰ ਨੂੰ ਗੁਰਦਾਸਪੁਰ ਦੇ 'ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਹਾਲ' ’ਚ ਹੋਵੇਗਾ। ਇਸ ਸਾਲ ਦੇ ਸਨਮਾਨ ਲਈ ਚੁਣੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰੋ. ਸੁਖਪਾਲ ਸਿੰਘ ਥਿੰਦ ਨੇ ਕਿਹਾ ਕਿ ਪੰਜਾਬੀ ਕਹਾਣੀ ਦੀ ਨੀਂਹ ਮਜਬੂਤ ਕਰਨ ਵਾਲੇ ਵੱਡੇ ਕਹਾਣੀਕਾਰ ਪ੍ਰਿੰ. ਸੁਜਾਨ ਸਿੰਘ ਦੀ ਯਾਦ ’ਚ ਦਿੱਤੇ ਜਾਣ ਵਾਲੇ ਇਸ ਸਨਮਾਨ ਲਈ ਚੁਣੇ ਜਾਣਾ ਮੇਰੇ ਲਈ ਮਾਣਮੱਤੀ ਗੱਲ ਹੈ। ਵਿਸ਼ੇਸ਼ ਜ਼ਿਕਰਯੋਗ ਹੈ ਕਿ ਪ੍ਰੋਫੈਸਰ ਥਿੰਦ ਦੀਆਂ ਹੁਣ ਤੱਕ ਅੱਠ ਮੌਲਿਕ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਸ ’ਚ ਦੋ ਕਹਾਣੀ ਸੰਗ੍ਰਹਿ ਤਿੰਨ ਸਫਰਨਾਮੇ ਤੇ ਤਿੰਨ ਆਲੋਚਨਾ ਦੀਆਂ ਪੁਸਤਕਾਂ ਹਨ। ਉਨ੍ਹਾਂ ਦੀ ਪਹਿਲੀ ਕਹਾਣੀ ਪੁਸਤਕ 'ਫੁੱਲਾਂ ਦੀ ਫਸਲ' ਨੂੰ 'ਦਲਬੀਰ ਚੇਤਨ ਯਾਦਗਾਰੀ ਪੁਰਸਕਾਰ' ਤੇ 'ਜਸਵੰਤ ਸਿੰਘ ਕੰਵਲ ਗਲਪ ਸਨਮਾਨ' ਪ੍ਰਾਪਤ ਹੋ ਚੁੱਕੇ ਹਨ। ਪਿਛਲੇ ਦਿਨਾਂ ’ਚ ਉਨ੍ਹਾਂ ਦੀ ਕਹਾਣੀ ਪੁਸਤਕ 'ਦੇਸੀ ਡਰੀਮਜ਼' ਛਪ ਕੇ ਆਈ ਹੈ ਜੋ ਅੱਜ ਕੱਲ ਖੂਬ ਚਰਚਾ ਵਿੱਚ ਹੈ। ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ’ਚ 35 ਸਾਲ ਤੋਂ ਉੱਪਰ ਦਾ ਅਧਿਆਪਨ ਤਜਰਬਾ ਰੱਖਣ ਵਾਲੇ ਪ੍ਰੋ. ਥਿੰਦ ਦੇਸ਼ ਵਿਦੇਸ਼ ’ਚ ਹੋਈਆਂ ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ ’ਚ ਸ਼ਾਮਲ ਹੋ ਚੁੱਕੇ ਹਨ ਤੇ ਕਈ ਯੂਨੀਵਰਸਿਟੀਆਂ ਲਈ ਉਹ ਵਿਦਿਆਰਥੀਆਂ ਦੇ ਕੰਮ ਆਉਣ ਵਾਲੀ ਪਾਠ-ਸਮੱਗਰੀ ਵੀ ਲਿਖ ਚੁੱਕੇ ਹਨ। ਸਨਮਾਨ ਦਾ ਪਤਾ ਲੱਗਦਿਆਂ ਹੀ ਦੇਸ਼ ਵਿਦੇਸ਼ ਤੋਂ ਵਧਾਈ ਸੰਦੇਸ਼ ਪ੍ਰਾਪਤ ਹੋਏ ਹਨ, ਜਿਨ੍ਹਾਂ ’ਚ ਵਰਿਆਮ ਸਿੰਘ ਸੰਧੂ, ਕਹਾਣੀਕਾਰ ਜਰਨੈਲ ਸਿੰਘ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਸਤੀਸ਼ ਵਰਮਾ, ਡਾ. ਬਲਵਿੰਦਰ ਸਿੰਘ ਥਿੰਦ, ਦਵਿੰਦਰ ਗੁਰਾਇਆ, ਡਾ. ਕਰਮਜੀਤ ਸਿੰਘ ਨਡਾਲਾ, ਮੋਹਨ ਸਿੰਘ ਮੋਤੀ, ਪ੍ਰਿੰ. ਸਤਵਿੰਦਰ ਸਿੰਘ ਥਿੰਦ, ਆਸ਼ੂ ਕੁਮਰਾ, ਪ੍ਰਿੰ ਲਖਬੀਰ ਸਿੰਘ, ਮੁਖਤਿਆਰ ਸਿੰਘ ਚੰਦੀ, ਕੇਵਲ ਸਿੰਘ ਰੱਤੜਾ, ਡਾ. ਆਸਾ ਸਿੰਘ ਘੁੰਮਣ, ਡਾ. ਗੁਰਬਖਸ਼ ਭੰਡਾਲ, ਸ਼ਹਿਬਾਜ਼ ਖਾਨ, ਫਕੀਰ ਸਿੰਘ ਮੱਲ੍ਹੀ, ਬਲਜਿੰਦਰ ਨਸਰਾਲੀ, ਬਲਵਿੰਦਰ ਗਰੇਵਾਲ, ਡਾ. ਹਰਭਜਨ ਸਿੰਘ, ਅਵਤਾਰ ਭੰਡਾਲ, ਮਲਕੀਤ ਮੀਤ ਸਮੇਤ ਵੱਡੀ ਗਿਣਤੀ ’ਚ ਲੇਖਕ ਸ਼ਾਮਲ ਹਨ।