ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਸਮੇਂ ’ਤੇ ਪੂਰਾ ਹੁੰਦਾ ਤਾਂ ਨਿਗਮ ਨੂੰ ਨਵੇਂ ਟਿਊਬਵੈੱਲ ਲਾਉਣ ਦੀ ਜ਼ਰੂਰਤ ਨਾ ਪੈਂਦੀ ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਸਮੇਂ ’ਤੇ ਪੂਰਾ ਹੁੰਦਾ ਤਾਂ ਨਿਗਮ ਨੂੰ ਨਵੇਂ ਨਿਊਬਵੈਲ ਲਾਉਣ ਦੀ ਜ਼ਰੂਰਤ ਨਾ ਪੈਂਦੀ
Publish Date: Sun, 04 Oct 2026 08:29 PM (IST)
Updated Date: Sun, 04 Oct 2026 08:32 PM (IST)
ਸਮਾਰਟ ਸਿਟੀ ਦਾ 800 ਕਰੋੜ ਦਾ ਪ੍ਰਾਜੈਕਟ ਅਜੇ ਵੀ ਲਟਕਿਆ ਪ੍ਰਾਜੈਕਟ ਮੈਨੇਜਮੈਂਟ ਬੋਰਡ ਦੀ ਕਮਿਸ਼ਨਰ ਨਾਲ ਮੀਟਿੰਗ 6 ਅਕਤੂਬਰ ਨੂੰ ਸੂਰਿਆ ਇਨਕਲੇਵ ਦੇ ਇਕ ਟੈਂਕ ਦਾ ਕੰਮ ਲਟਕਿਆ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਸ਼ਹਿਰੀਆਂ ਨੂੰ ਨਿਰਵਿਘਣ ਪਾਣੀ ਦੀ ਸਪਲਾਈ ਦੇਣ ਵਾਲਾ ਸਮਾਰਟ ਸਿਟੀ ਦਾ ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਜੇਕਰ ਤੈਅ ਸਮੇਂ ਸਾਲ 2024 ’ਚ ਪੂਰਾ ਹੋ ਜਾਂਦਾ ਤਾਂ ਨਗਰ ਨਿਗਮ ਨੂੰ ਮੌਜੂਦਾ ਸਮੇਂ ਦੌਰਾਨ ਨਵੇਂ ਟਿਊਬਵੈੱਲ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਸੀ ਤੇ ਉਸ ਦਾ ਟਿਊਬਵੈੱਲਾਂ ਦੀ ਬਿਜਲੀ ਦੇ ਖ਼ਰਚ ਦੀ ਬੱਚਤ ਵੀ ਹੋਣੀ ਸੀ। ਸੀਵਰੇਜ ਬੋਰਡ ਵੱਲੋਂ ਪਾਣੀ ਦੀਆਂ ਪਾਈਆਂ ਜਾ ਰਹੀਆਂ ਅੰਡਰਗਰਾਊਂਡ ਪਾਈਪਾਂ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਹੈ ਕਿਉਂਕਿ ਕਈ ਵਾਰ ਸੀਵਰੇਜ ਬੋਰਡ ਨੂੰ ਪਾਈਪਾਂ ਪਾਉਣ ਲਈ ਨਗਰ ਨਿਗਮ ਦੀ ਬੀਐਂਡਆਰ ਬਰਾਂਚ ਤੋਂ ਐੱਨਓਸੀ ਲੈਣ ’ਚ ਵੀ ਦਿੱਕਤ ਆਉਂਦੀ ਰਹੀ। ਪਾਈਪਾਂ ਪਾਉਣ ਲਈ ਸੜਕ ਪੁੱਟਣ ਦੀ ਐੱਨਓਸੀ ਬੀਐਂਡਆਰ ਬਰਾਂਚ ਤੋਂ ਲੈਣੀ ਹੁੰਦੀ ਹੈ ਤੇ ਉਹ ਦੇਰੀ ਨਾਲ ਮਿਲਣ ਕਾਰਨ ਵੀ ਪ੍ਰਾਜੈਕਟ ਦਾ ਕੰਮ ਅਧੂਰਾ ਚੱਲ ਰਿਹਾ ਹੈ। ------------------------------- ਪ੍ਰਾਜੈਕਟ ਮੈਨੇਜਮੈਂਟ ਬੋਰਡ ਦੀ ਮੀਟਿੰਗ 6 ਅਕਤੂਬਰ ਨੂੰ ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਦੀ ਕਾਰਗੁਜ਼ਾਰੀ ਤੇ ਕੰਮ ਦੀ ਰਫਤਾਰ ਦਾ ਜਾਇਜ਼ਾ ਲੈਣ ਸਬੰਧੀ ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਮੈਨੇਜਮੈਂਟ ਦੀ ਮੀਟਿੰਗ ਕੱਲ੍ਹ 6 ਅਕਤੂਬਰ ਨੂੰ 3.30 ਵਜੇ ਕਮਿਸ਼ਨਰ ਨਗਰ ਨਿਗਮ ਸੁਰਿੰਦਰ ਸਿੰਘ ਵੱਲੋਂ ਬੁਲਾਈ ਗਈ ਹੈ ਜਿਸ ’ਚ ਨਗਰ ਨਿਗਮ ਦੇ ਓਐਂਡਐੱਮ ਦੇ ਐੱਸਈ ਤੇ ਸੀਵਰੇਜ ਬੋਰਡ ਦੇ ਐੱਸਈ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਹੋਣਗੇ। ਉਕਤ ਮੀਟਿੰਗ ’ਚ ਸਾਰੇ ਪ੍ਰਾਜੈਕਟ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਕਮਿਸ਼ਨਰ ਵੱਲੋਂ ਲਿਆ ਜਾਏਗਾ ਤੇ ਇਸ ਪ੍ਰਾਜੈਕਟ ਦੌਰਾਨ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਬਾਰੇ ਵਿਚਾਰ ਕੀਤਾ ਜਾਏਗਾ। ------------------------- ਜਗਰਾਓਂ ਪਿੰਡ ਦੇ ਟ੍ਰੀਟਮੈਂਟ ਪਲਾਂਟ ਦਾ ਕੰਮ 80 ਫ਼ੀਸਦੀ ਪੂਰਾ ਇਸ ਦੌਰਾਨ ਸੀਵਰੇਜ ਬੋਰਡ ਨੇ ਦਾਅਵਾ ਕੀਤਾ ਹੈ ਕਿ ਉਕਤ ਪ੍ਰਾਜੈਕਟ ਲਈ ਜਿਹੜਾ ਬਿਸਤ ਦੁਆਬ ਨਹਿਰ ਦਾ ਪਾਣੀ ਲੈਣਾ ਹੈ ਤੇ ਉਸ ਪਾਣੀ ਨੂੰ ਸਾਫ ਕਰਨ ਲਈ ਜਗਰਾਓਂ ਵਿਖੇ ਜਿਹੜਾ ਵਾਟਰ ਟ੍ਰੀਟਮੈਂਟ ਪਲਾਂਟ ਲਾਉਣਾ ਹੈ ਤੇ ਜਿਹੜੇ ਅੰਡਰਗਰਾਊਂਡ 5 ਵਾਟਰ ਟੈਂਕ ਪਾਣੀ ਦਾ ਭੰਡਾਰ ਕਰਨ ਲਈ ਬਣਾਏ ਜਾਣੇ ਸਨ, ਉਨ੍ਹਾਂ ਦਾ 80 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਤੇ ਕੇਵਲ ਸੂਰਿਆ ਇਨਕਲੇਵ ਦੇ ਟੈਂਕ ਬਣਾਉਣ ਲਈ ਵੈੱਲਫੇਅਰ ਸੁਸਾਇਟੀ ਵੱਲੋਂ ਪਾਈ ਗਈ ਪੀਆਈਐੱਲ ਕਾਰਨ ਉਹ ਕੰਮ ਰੁਕਿਆ ਹੋਇਆ ਹੈ। ਕੇਵਲ ਇਸ ਟੈਂਕ ਨੂੰ ਮੇਨ ਡਿਸਟ੍ਰੀਬਿਊਸ਼ਨ ਲਾਈਨ ਨਾਲ ਜੋੜਨ ਦਾ ਕੰਮ ਬਕਾਇਆ ਰਹਿੰਦਾ ਹੈ। --------------------------- ਪਹਿਲੇ ਪੜਾਅ ’ਚ 80 ਫ਼ੀਸਦੀ ਪਾਣੀ ਦੀ ਸਹੂਲਤ ਉਕਤ ਪ੍ਰਾਜੈਕਟ ਦੇ ਪਹਿਲੇ ਪੜਾਅ ’ਚ 80 ਫ਼ੀਸਦੀ ਸ਼ਹਿਰੀਆਂ ਨੂੰ ਪਾਣੀ ਦੀ ਸਹੂਲਤ ਮੁਹੱਈਆ ਹੋਵੇਗੀ ਜਦੋਂਕਿ 20 ਫ਼ੀਸਦੀ ਦੀ ਸਹੂਲਤ ਦੂਜੇ ਪੜਾਅ ’ਚ ਦਿੱਤੀ ਜਾਏਗੀ। ਨਗਰ ਨਿਗਮ ਦੇ ਓਐਂਡਐੱਮ ਦੇ ਇਕ ਇੰਜੀਨੀਅਰ ਅਨੁਸਾਰ ਜੇ ਪ੍ਰਾਜੈਕਟ ਸ਼ੁਰੂ ਵੀ ਹੋ ਜਾਂਦਾ ਹੈ ਤਾਂ ਨਗਰ ਨਿਗਮ ਦੇ 80 ਫ਼ੀਸਦੀ ਟਿਊਬਵੈੱਲ ਬੰਦ ਹੋ ਜਾਣਗੇ ਜਦੋਂਕਿ 20 ਫ਼ੀਸਦੀ ਟਿਊਬਵੈੱਲ ਐਮਰਜੈਂਸੀ ਸਪਲਾਈ ਲਈ ਰਿਜ਼ਰਵ ਰੱਖੇ ਜਾਣਗੇ। ਉਸ ਦਾ ਕਹਿਣਾ ਸੀ ਕਿ ਜੇ ਕਿਸੇ ਸਮੇਂ ਉਕਤ ਪ੍ਰਾਜੈਕਟ ਦੀ ਸਪਲਾਈ ’ਚ ਕਿਤੇ ਰੁਕਾਵਟ ਪੇਸ਼ ਆਉਂਦੀ ਹੈ ਤਾਂ ਫਿਰ ਜਿਹੜੇ ਰਿਜ਼ਰਵ ਰੱਖੇ 20 ਫ਼ੀਸਦੀ ਟਿਊਬਵੈੱਲ ਚਲਾ ਕੇ ਪਾਣੀ ਦੀ ਸਪਲਾਈ ਬਹਾਲ ਰੱਖੀ ਜਾ ਸਕੇਗੀ। -------------------------- 800 ਕਰੋੜ ਦਾ ਹੈ ਪ੍ਰਾਜੈਕਟ ਸਮਾਰਟ ਸਿਟੀ ਕੰਪਨੀ ਜਿਹੜੀ ਕਿ 2017 ’ਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਹੋਂਦ ’ਚ ਆਈ ਸੀ, ਉਸ ਨੇ ਇਹ 800 ਕਰੋੜ ਦਾ ਪ੍ਰਾਜੈਕਟ ਸ਼ਹਿਰ ਦੇ ਲੋਕਾਂ ਨੂੰ ਨਿਰਵਿਘਣ ਪਾਣੀ ਦੀ ਸਪਲਾਈ ਲਈ ਦੇਣ ਲਈ ਸ਼ੁਰੂ ਕੀਤਾ ਸੀ। ਕੰਪਨੀ ਨੇ ਪੰਜਾਬ ਸਰਕਾਰ ਨੂੰ ਉਕਤ ਪ੍ਰਾਜੈਕਟ ਦੀ ਡੀਟੇਲ ਪ੍ਰਾਜੈਕਟ ਰਿਪੋਰਟ\ਡੀਪੀਆਰ ਤਿਆਰ ਕਰਕੇ ਭੇਜਣ ਲਈ ਕਿਹਾ ਸੀ ਤੇ ਜਦੋਂ ਇਹ ਰਿਪੋਰਟ ਭੇਜੀ ਗਈ ਤਾਂ ਸਮਾਰਟ ਸਿਟੀ ਕੰਪਨੀ ਨੇ ਉਕਤ 800 ਕਰੋੜ ਦੀ ਰਕਮ ਵੀ ਜਾਰੀ ਕਰ ਦਿੱਤੀ ਸੀ, ਪਰ ਜਦੋਂ ਅਕਾਲੀ-ਭਾਜਪਾ ਸਰਕਾਰ ਚਲੀ ਗਈ ਤੇ ਕਾਂਗਰਸ ਸਰਕਾਰ ਆਈ ਤਾਂ ਉਸ ਨੇ ਉਕਤ ਪ੍ਰਾਜੈਕਟ ਨੂੰ ਨਜ਼ਰਅੰਦਾਜ਼ ਕੀਤਾ ਜਿਸ ਕਾਰਨ ਇਹ ਪ੍ਰਾਜੈਕਟ ਉਸ ਸਮੇਂ ਇਕ ਸਾਲ ਲਈ ਪਿੱਛੇ ਪੈ ਗਿਆ ਸੀ ਤੇ ਇਸ ਦੇ ਬਾਅਦ ਫਿਰ ਕਾਂਗਰਸ ਸਰਕਾਰ ਨੇ ਇਸ ਪ੍ਰਾਜੈਕਟ ਦੀ ਅਹਿਮੀਅਤ ਸਮਝੀ ਤਾਂ ਫਿਰ ਉਸ ਨੇ ਤੇਜ਼ੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ, ਪਰ ਉਹ ਸਰਕਾਰ ਵੀ ਚਲੀ ਗਈ ਤੇ ਫਿਰ ਆਈ ਆਪ ਪਾਰਟੀ ਦੀ ਸਰਕਾਰ ਹੁਣ ਉਸ ਦੀ ਮਿਆਦ ਵੀ ਖਤਮ ਹੋਣ ਜਾ ਰਹੀ ਹੈ ਤੇ ਅਗਲੀਆਂ ਚੋਣਾਂ ਆ ਗਈਆਂ ਹਨ। --------------------------- 2 ਸਾਲ ਪਿੱਛੇ ਪੈ ਚੁੱਕੈ ਪ੍ਰਾਜੈਕਟ ਇਸ ਤਰ੍ਹਾਂ ਇਹ ਪ੍ਰਾਜੇਕਟ ਜੋ ਸਾਲ 2024 ਤਕ ਪੂਰਾ ਹੋਣਾ ਸੀ, ਹੁਣ ਨਿਰਧਾਰਤ ਸਮੇਂ ਤੋਂ ਲਗਪਗ ਤਿੰਨ ਸਾਲ ਪਿੱਛੇ ਪੈ ਸਕਦਾ ਹੈ। ਜਿਸ ਰਫਤਾਰ ਨਾਲ ਪ੍ਰਾਜੈਕਟ ਦਾ ਕੰਮ ਚੱਲ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਇਹ ਪ੍ਰਾਜੈਕਟ 2027 ਦੇ ਅੰਤ ਤਕ ਹੀ ਪੂਰਾ ਹੋ ਸਕਦਾ ਹੈ। ਬਾਕੀ 6 ਅਕਤੂਬਰ ਦੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗ ਸਕੇਗਾ।