- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀਆਂ ਮੰਡੀਆਂ ’ਚ ਖਰੀਦ ਦਾ ਕੰਮ ਨਿਰਵਿਘਨ ਜਾਰੀ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਕੁਝ ਦਿਨ ਮੌਸਮ ਦਾ ਮਿਜ਼ਾਜ ਵਿਗੜਨ ਦੇ ਬਾਵਜੂਦ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀਆਂ 11 ਮੰਡੀਆਂ ’ਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। ਮਾਰਕੀਟ ਕਮੇਟੀ ਸ਼ਾਹਕੋਟ ਦੇ ਸੂਤਰਾਂ ਅਨੁਸਾਰ ਅਕਤੂਬਰ ਦੇ ਅੱਧ ਤੱਕ 43 ਫੀਸਦੀ ਖ਼ਰੀਦ ਹੋ ਚੁੱਕੀ ਹੈ। ਮਾਰਕੀਟ ਕਮੇਟੀ ਸ਼ਾਹਕੋਟ ਦੇ ਮੁੱਖ ਯਾਰਡ ਸਮੇਤ 11 ਮੰਡੀਆਂ ਸ਼ਾਹਕੋਟ. ਮਲਸੀਆਂ, ਪੂਨੀਆ, ਲਸੂੜੀ, ਪਰਜੀਆ ਕਲਾਂ, ਰੂਪੇਵਾਲ, ਕੁਲਾਰ, ਭੁੱਲਰ, ਤਲਵੰਡੀ, ਕੋਹਾੜ ਕਲਾਂ ਤੇ ਸੋਹਲ ਜਗੀਰ ਸ਼ਾਮਲ ਹਨ। ਖ਼ਰੀਦ ਏਜੰਸੀਆਂ ਵੱਲੋਂ ਸਾਰੀਆਂ ਮੰਡੀਆਂ ’ਚ ਖਰੀਦ ਕੀਤੀ ਜਾ ਰਹੀ ਹੈ। ਖਰੀਦ ਏਜੰਸੀ ਮਾਰਕਫੈੱਡ, ਪਨਸਪ, ਵੇਅਰਹਾਊਸ ਤੇ ਪਨਗਰੇਨ ਵੱਲੋਂ ਝੋਨਾ ਖ਼ਰੀਦਿਆ ਜਾ ਰਿਹਾ ਹੈ। ਹੁਣ ਤੱਕ ਮਾਰਕਫੈੱਡ ਵੱਲੋਂ 79619 ਕੁਇੰਟਲ, ਪਨਸਪ ਵੱਲੋਂ 2,74,772 ਕੁਇੰਟਲ, ਵੇਅਰਹਾਊਸ ਵੱਲੋਂ 89653 ਤੇ ਪਨਗਰੇਨ ਵੱਲੋ 98101 ਕੁਇੰਟਲ ਝੋਨਾ ਖ਼ਰੀਦਿਆ ਜਾ ਚੁੱਕਾ ਹੈ। ਮਾਰਕੀਟ ਕਮੇਟੀ ਅਧੀਨ ਆਉਂਦੀਆਂ ਸਾਰੀਆਂ ਮੰਡੀਆਂ ’ਚ ਪਿਛਲੇ ਸਾਲ 12 ਲੱਖ ਪਚਾਨਵੇਂ ਹਜ਼ਾਰ ਤਿੰਨ ਸੌ ਤਿੰਨ ਕੁਇੰਟਲ ਖ਼ਰੀਦ ਹੋਈ ਸੀ। ਇਸ ਸਾਲ 15 ਅਕਤੂਬਰ ਦੀ ਰਿਪੋਰਟ ਮੁਤਾਬਕ ਪੰਜ ਲੱਖ ਬਤਾਲੀ ਹਜ਼ਾਰ ਇਕ ਸੌ ਪੰਜਤਾਲੀ ਕੁਇੰਟਲ ਹੋਈ ਹੈ। 13 ਅਕਤੂਬਰ ਦੀ ਖਰੀਦ ਤੱਕ ਖਰੀਦ ਏਜੰਸੀਆਂ ਵੱਲੋਂ ਅਦਾਇਗੀ ਹੋ ਚੁੱਕੀ ਹੈ। ਖਰੀਦ ਕੀਤੇ ਗਏ ਝੋਨੇ ਦੀ ਮੰਡੀਆਂ ’ਚੋਂ 53 ਫੀਸਦੀ ਲਿਫਟਿੰਗ ਹੋਣ ਦੀ ਸੂਚਨਾ ਹੈ। ‘ਆਪ’ ਦੇ ਨਵੇਂ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਪਿਛਲੇ ਸਾਲ ਝੋਨੇ ਦਾ ਭਾਅ 2389 ਰੁਪਏ ਸੀ। ਇਸ ਵਾਰ ਝੋਨੇ ਦਾ ਭਾਅ 2461 ਰੁਪਏ ਹੈ, ਜੋ ਪਿਛਲੇ ਸਾਲ ਨਾਲੋਂ 72 ਰੁਪਏ ਵੱਧ ਹੈ।