- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਆਮੀ ਸੰਤ ਦਾਸ ਪਬਲਿਕ ਸਕੂਲ ਵੱਲੋਂ ‘ਕੱਲ੍ਹ, ਅੱਜ ਤੇ ਕੱਲ੍ਹ’ ਥੀਮ ਤਹਿਤ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

--ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਾਲੇ ਵਿਦਿਆਰਥੀਆਂ ਸਨਮਾਨਿਤ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ 41ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਮਹਾਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ, ਉਪ-ਪ੍ਰਧਾਨ ਬਾਬਾ ਰਾਮ ਦਾਸ, ਸਕੱਤਰ ਬਾਬਾ ਚਰਨ ਦਾਸ, ਮੈਨੇਜਰ ਡਾ. ਅਜੀਤ ਸਿੰਘ ਰਾਜਪਾਲ, ਸੀਏ ਆਰਐੱਸ ਕਾਲੜਾ, ਅੰਜੂ ਮਹਿਤਾ, ਟੀਪੀ ਕੌਰ, ਮੋਨਿਕਾ ਚੋਪੜਾ, ਦਰਸ਼ਨ ਚਾਵਲਾ, ਏਸੀਪੀ ਆਤਿਸ਼ ਭਾਟੀਆ, ਸਕੂਲ ਦੇ ਮਾਣਮੱਤੇ ਸਾਬਕਾ ਵਿਦਿਆਰਥੀ ਡਾ. ਰਿਭਵ ਪਸਰੀਚਾ ਤੇ ਸਮਾਰੋਹ ਦੇ ਵਿਸ਼ੇਸ਼ ਮੁੱਖ ਮਹਿਮਾਨ ਸੀਏ ਡਾ. ਅਮਰਜੀਤ ਚੋਪੜਾ ਸ਼ਾਮਲ ਹੋਏ। ‘ਕੱਲ੍ਹ, ਅੱਜ ਤੇ ਕੱਲ੍ਹ ਵਿਸ਼ੇ ਤਹਿਤ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਸਮੇਂ ਦੇ ਨਾਲ ਦਹਾਕਿਆਂ ਦੌਰਾਨ ਪੀੜ੍ਹੀਆਂ ਵਿਚਕਾਰ ਆਏ ਪਾੜੇ ਤੇ ਜੀਵਨ-ਸ਼ੈਲੀ, ਤਕਨਾਲੋਜੀ ਤੇ ਵਿਵਹਾਰ ’ਚ ਆਏ ਬਦਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।
ਸਮਾਰੋਹ ਦਾ ਆਗਾਜ਼ ਜੋਤ ਜਗਾ ਕੇ ਕੀਤਾ ਗਿਆ। ਸਕੂਲ ਦੀ ਹੈੱਡ ਗਰਲ ਰੀਵਾ ਧਵਨ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਰਾਹੀਂ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸ਼ਾਸਤਰੀ ਨ੍ਰਿਤ ਦੀ ਮਨਮੋਹਕ ਪੇਸ਼ਕਾਰੀ ’ਚ ਭਗਵਾਨ ਸ਼ਿਵ, ਗਣੇਸ਼ ਜੀ ਤੇ ਮਾਤਾ ਪਾਰਵਤੀ ਦੇ ਜੀਵਨ ਦੀਆਂ ਝਲਕੀਆਂ ਦਰਸਾਈਆਂ ਗਈਆਂ। ਮੁੱਖ ਮਹਿਮਾਨ ਸੀਏ ਡਾ. ਅਮਰਜੀਤ ਚੋਪੜਾ ਨੇ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਾਲ ਭਰ ਦੀਆਂ ਗਤੀਵਿਧੀਆਂ ’ਚ ਸਰਵੋਤਮ ਪ੍ਰਦਰਸ਼ਨ ਲਈ ਭਾਈ ਵੀਰ ਸਿੰਘ ਹਾਊਸ ਨੂੰ ਸਰਵੋਤਮ ਹਾਊਸ ਤੇ ਸਵੱਛਤਾ ਕਲੱਬ ਨੂੰ ਸਰਵੋਤਮ ਕਲੱਬ ਦੀਆਂ ਟਰਾਫ਼ੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਬਾਅਦ ਪੰਜਾਬੀ ਨਾਟਕ ਦੀ ਪੇਸ਼ਕਾਰੀ ਰਾਹੀਂ ਨੌਜਵਾਨ ਕਲਾਕਾਰਾਂ ਨੇ ਤਕਨਾਲੋਜੀ ਦੇ ਆਗਮਨ ਨਾਲ ਜੀਵਨ ’ਚ ਆ ਰਹੇ ਬਦਲਾਅ ਤੇ ਬਦਲਦੀਆਂ ਕਦਰਾਂ-ਕੀਮਤਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਇਸ ਪੇਸ਼ਕਾਰੀ ਰਾਹੀਂ ਵੱਖ-ਵੱਖ ਪੀੜ੍ਹੀਆਂ ਵਿਚਕਾਰ ਪੈਦਾ ਹੋ ਰਹੇ ਪਾੜੇ ਨੂੰ ਆਪਸੀ ਸਮਝ ਤੇ ਸਤਿਕਾਰ ਨਾਲ ਘਟਾਉਣ ਦਾ ਸੰਦੇਸ਼ ਦਿੱਤਾ ਗਿਆ। ਕਠਪੁਤਲੀ ਨਾਟਕ ‘ਅਨਸਟਾਪੇਬਲ, ਸ਼ੀ’ ਰਾਹੀਂ ਰਾਜਸਥਾਨੀ ਲੋਕ-ਸੱਭਿਆਚਾਰ ਦਾ ਮਨਮੋਹਕ ਮਾਹੌਲ ਸਿਰਜਿਆ ਗਿਆ।
ਅੰਗਰੇਜ਼ੀ ਨਾਟਕ ‘ਦਿ ਆਨੈਸਟੀ ਐਕਸਪੈਰੀਮੈਂਟ’ ਰਾਹੀਂ ਵਿਦਿਆਰਥੀਆਂ ਨੇ ਇਹ ਸੰਦੇਸ਼ ਦਿੱਤਾ ਕਿ ਔਖੇ ਤੋਂ ਔਖੇ ਹਾਲਾਤਾਂ ’ਚ ਵੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ‘ਮਿਊਜ਼ੀਕਲ ਮੋਜ਼ੇਕ’ ਸਿਰਲੇਖ ਹੇਠ ਪੇਸ਼ ਕੀਤੀ ਗਈ ਸੰਗੀਤਕ ਪੇਸ਼ਕਾਰੀ ’ਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸੰਗੀਤ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਬਹੁਤ ਹੀ ਮਨੋਰੰਜਕ ਖ਼ਬਰਾਂ ਦੇ ਬੁਲੇਟਿਨ ‘ਖ਼ਬਰਾਂ ਦੀ ਖਿਚੜੀ’ ਰਾਹੀਂ ਮਿਲੇਨੀਅਲਜ਼, ਬੂਮਰਜ਼, ਜਨਰੇਸ਼ਨ ਜ਼ੈੱਡ ਤੇ ਜਨਰੇਸ਼ਨ ਅਲਫ਼ਾ ਵਿਚਕਾਰ ਵਿਚਾਰਾਂ ਦੇ ਟਕਰਾਅ ਤੇ ਜੀਵਨ ਪ੍ਰਤੀ ਵੱਖੋ-ਵੱਖਰੇ ਨਜ਼ਰੀਏ ਨੂੰ ਹਾਸੇ-ਮਜ਼ਾਕ ਭਰੇ ਅੰਦਾਜ਼ ’ਚ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਸੀਏ ਡਾ. ਅਮਰਜੀਤ ਚੋਪੜਾ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਆਪਣੇ ਰਵਾਇਤੀ ਨੈਤਿਕ ਮੁੱਲਾਂ ਤੇ ਸੰਸਕਾਰਾਂ ਨਾਲ ਜੁੜੇ ਰਹਿੰਦੇ ਹੋਏ ਬਦਲਦੀ ਦੁਨੀਆ ਨੂੰ ਸਕਾਰਾਤਮਕ ਸੋਚ ਤੇ ਖੁੱਲ੍ਹੇ ਮਨ ਨਾਲ ਅਪਣਾਉਣਾ ਚਾਹੀਦਾ ਹੈ।
ਇਸ ਤੋਂ ਬਾਅਦ ‘ਰੰਗ, ਰਾਗ ਤੇ ਰਿਵਾਜ਼’ ਦੀ ਜੋਸ਼ੀਲੀ ਤੇ ਰੰਗਾਰੰਗ ਪੇਸ਼ਕਾਰੀ ਨੇ ਸਮਾਗਮ ’ਚ ਨਵਾਂ ਜੋਸ਼ ਭਰਿਆ। ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੇ ‘ਕੌਸ਼ਲ ਮੇਲੇ’ ਦਾ ਵੀ ਦੌਰਾ ਕੀਤਾ। ਇਸ ਪ੍ਰਦਰਸ਼ਨੀ ’ਚ ਮਿਡਲ ਪੜਾਅ ਦੇ ਵਿਦਿਆਰਥੀਆਂ ਵੱਲੋਂ ਸੀਬੀਐੱਸਈ ਦੀ ਕੌਸ਼ਲ ਸਿੱਖਿਆ ਪਹਿਲਕਦਮੀ ਅਧੀਨ ਸਿੱਖੇ ਗਏ ਵਿਹਾਰਕ ਹੁਨਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਸਵੈ-ਸਿਰਜਿਤ ਤੇ ਇਕੱਤਰ ਕੀਤਾ ਅਜਾਇਬ ਘਰ, ਰੀਸਾਈਕਲ ਕੀਤੀਆਂ ਵਸਤਾਂ ਤੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ, ਹੱਥਾਂ ਨਾਲ ਬਣਾਈਆਂ ਰੰਗ-ਬਿਰੰਗੀਆਂ ਕਲਾ ਤੇ ਸ਼ਿਲਪਕਾਰੀ ਦੀਆਂ ਵਸਤਾਂ, ਪ੍ਰਯੋਗਸ਼ਾਲਾ ’ਚ ਪ੍ਰਮਾਣਿਤ ਫਲਾਂ ਦੇ ਪਾਊਡਰ, ਨਾਮ-ਸਲਿੱਪ ਸਟਿੱਕਰ, ਪੋਸਟਰ ਤੇ ਸ਼ਾਨਦਾਰ ਹੋਮ ਆਟੋਮੇਸ਼ਨ ਉਪਕਰਨ ਪ੍ਰਦਰਸ਼ਿਤ ਕੀਤੇ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।