- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਫਿਲੌਰ ਦੇ ਸਰਬਪੱਖੀ ਵਿਕਾਸ ਅਤੇ 2027 ਦੀਆਂ ਯੋਜਨਾਵਾਂ ਬਾਰੇ ਪੰਚਾਇਤਾਂ ਨਾਲ ਵਿਸਥਾਰਪੂਰਵਕ ਚਰਚਾ

2027 ਦੀਆਂ ਯੋਜਨਾਵਾਂ ਬਾਰੇ ਪੰਚਾਇਤਾਂ ਨਾਲ ਕੀਤੀ ਵਿਸਥਾਰਪੂਰਵਕ ਚਰਚਾ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਹਲਕਾ ਫਿਲੌਰ ਦੇ ਸਰਬਪੱਖੀ ਵਿਕਾਸ ਨੂੰ ਹੋਰ ਤੇਜ਼ ਕਰਨ ਤੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ 'ਤੇ ਹੱਲ ਕਰਨ ਦੇ ਮਕਸਦ ਨਾਲ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਹਲਕੇ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਤੇ ਸਰਪੰਚਾਂ ਨਾਲ ਲੋਕ ਮਿਲਣੀ ਕੀਤੀ ਗਈ। ਇਸ ਦੌਰਾਨ ਪਿੰਡਾਂ ਦੇ ਬੁਨਿਆਦੀ ਢਾਂਚੇ, ਚੱਲ ਰਹੇ ਵਿਕਾਸ ਕਾਰਜਾਂ ਅਤੇ ਸਾਲ 2027 ਲਈ ਵਿਕਾਸ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਤਰੱਕੀ ਤੋਂ ਬਿਨਾਂ ਸੂਬੇ ਦਾ ਵਿਕਾਸ ਅਧੂਰਾ ਹੈ। ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਹਲਕਾ ਫਿਲੌਰ ਵਿੱਚ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਿਆ, ਸਿਹਤ ਸਹੂਲਤਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਸੁਧਾਰ ਲਈ ਵੱਡੇ ਪੱਧਰ 'ਤੇ ਕੰਮ ਕੀਤੇ ਗਏ ਹਨ। ਉਨ੍ਹਾਂ ਪੰਚਾਇਤਾਂ ਨੂੰ ਮੌਜੂਦਾ ਲੋਕ-ਭਲਾਈ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ, ਤਾਂ ਜੋ ਹਰ ਲੋੜਵੰਦ ਪਰਿਵਾਰ ਤੱਕ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚ ਸਕੇ।
---
ਫਿਲੌਰ ਨੂੰ ਨੰਬਰ ਇੱਕ ਹਲਕਾ ਬਣਾਉਣ ਦਾ ਟੀਚਾ
ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ ਸਾਲ 2027 ਵਿੱਚ ਲੋਕਾਂ ਦੇ ਸਹਿਯੋਗ ਨਾਲ ਮੁੜ ਸਰਕਾਰ ਬਣਦੀ ਹੈ ਤਾਂ ਹਲਕਾ ਫਿਲੌਰ ਨੂੰ ਵਿਕਾਸ ਪੱਖੋਂ ਸੂਬੇ ਦਾ ਨੰਬਰ ਇੱਕ ਹਲਕਾ ਬਣਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ, ਨੌਜਵਾਨਾਂ ਲਈ ਖੇਡ ਮੈਦਾਨਾਂ ਦੀ ਉਸਾਰੀ, ਸੋਲਰ ਲਾਈਟਾਂ ਲਗਾਉਣ ਅਤੇ ਸੀਵਰੇਜ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਪਹਿਲ ਦੇ ਆਧਾਰ 'ਤੇ ਕੰਮ ਕੀਤਾ ਜਾਵੇਗਾ। ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੇ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ, ਮੰਗਾਂ ਤੇ ਸੁਝਾਅ ਪੇਸ਼ ਕੀਤੇ। ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੰਦਿਆਂ ਸਮੱਸਿਆਵਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਤੇ ਮਾਰਕੀਟ ਕਮੇਟੀ ਗੁਰਾਇਆ ਦੇ ਚੇਅਰਮੈਨ ਪ੍ਰਦੀਪ ਕੁਮਾਰ ਦੁੱਗਲ, ਮਾਰਕੀਟ ਕਮੇਟੀ ਫਿਲੌਰ ਦੇ ਚੇਅਰਮੈਨ ਸੁਖਦੀਪ ਸਿੰਘ ਅੱਪਰਾ, ਸਾਬਕਾ ਚੇਅਰਮੈਨ ਰੋਸ਼ਨ ਲਾਲ ਰੋਸ਼ੀ, ਡੀਐੱਸਪੀ ਫਿਲੌਰ ਭਾਰਤ ਮਸੀਹ, ਬੀਡੀਪੀਓ ਬਲਾਕ ਰੁੜਕਾ ਕਲਾਂ ਸਰਬਜੀਤ ਸਿੰਘ ਮੁੰਡੀ, ਨਾਇਬ ਤਹਿਸੀਲਦਾਰ ਅਰਸ਼ਪ੍ਰੀਤ ਕੌਰ, ਬੇਗਮਪੁਰ ਦੇ ਸਰਪੰਚ ਹਰਕਮਲ ਸਿੰਘ, ਬਲਾਕ ਪ੍ਰਧਾਨ ਫਿਲੌਰ ਰਮੇਸ਼ਵਰ ਪੰਡਿਤ, ਚੇਅਰਮੈਨ ਵੀਨਾ ਬਸਰਾ, ਪੰਚਾਇਤ ਅਫ਼ਸਰ ਹਰਜੀਤ ਸਿੰਘ, ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਚੌਹਾਨ, ਸੰਗਠਨ ਇੰਚਾਰਜ ਵਰਿੰਦਰ ਸੈਣੀ, ਰਾਜਵੀਰ ਸੋਢੀ, ਹਲਕਾ ਮੀਡੀਆ ਇੰਚਾਰਜ ਤੇ ਚੇਅਰਮੈਨ ਮਨਦੀਪ ਸਿੰਘ ਸ਼ਾਹਪੁਰ, ਕਿਸਾਨ ਵਿੰਗ ਹਲਕਾ ਫਿਲੌਰ ਦੇ ਕੋਆਰਡੀਨੇਟਰ ਦਲਜੀਤ ਸਿੰਘ ਅਤੇ ਗੌਰਵ ਬਾਵਾ ਬੈਰਾਗੀ, ਵੈਲਫੇਅਰ ਬੋਰਡ ਅਤੇ ਮੀਡੀਆ ਵਾਇਸ ਕੋਆਰਡੀਨੇਟਰ ਹਲਕਾ ਫਿਲੌਰ ਸਮੇਤ ਵੱਖ-ਵੱਖ ਬਲਾਕ ਪ੍ਰਧਾਨ ਤੇ ਪੰਚ ਸਰਪੰਚ ਆਦਿ ਹਾਜ਼ਰ ਸਨ।