ਤਹਿਸੀਲ ਦੇ ਅਸ਼ਟਾਮ ਫਰੋਸ਼ ਨਿਤਿਨ ਪਾਠਕ ਖ਼ਿਲਾਫ਼ ਪ੍ਰਿਵੈਂਟਿਵ ਐਕਸ਼ਨ ਤਹਿਸੀਲ ਦੇ ਅਸ਼ਟਾਮ ਫਰੋਸ਼ ਨਿਤਿਨ ਪਾਠਕ ਖ਼ਿਲਾਫ਼ ਪ੍ਰਿਵੈਂਟਿਵ ਐਕਸ਼ਨ
Publish Date: Mon, 28 Sep 2026 07:37 PM (IST)
Updated Date: Mon, 28 Sep 2026 07:39 PM (IST)
ਮਲਿਕਾ ਚੌਕ ਵਿਵਾਦ ’ਚ ਪੁਲਿਸ ਦੀ ਕਾਰਵਾਈ, ਜੀਡੀ ਨੰਬਰ 020 ਦਰਜ ਗਾਲੀ-ਗਲੋਚ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦੋਸ਼ --------- ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਤਹਿਸੀਲ ਦੇ ਇਕ ਅਸ਼ਟਾਮ ਫਰੋਸ਼ ਨੂੰ ਕਿਸੇ ਨਾਲ ਗਾਲੀ-ਗਲੋਚ ਕਰਨਾ ਤੇ ਧਮਕੀਆਂ ਦੇਣਾ ਮਹਿੰਗਾ ਪੈ ਗਿਆ। ਜਾਣਕਾਰੀ ਅਨੁਸਾਰ ਮਲਿਕਾ ਚੌਕ ਇਲਾਕੇ ਵਿਚ ਤਹਿਸੀਲ ਦੇ ਹੋਰ ਨੌਜਵਾਨਾਂ ਨਾਲ ਹੋਏ ਵਿਵਾਦ ਨੂੰ ਲੈ ਕੇ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਕਾਰਵਾਈ ਕਰਦਿਆਂ ਸਰਸਵਤੀ ਵਿਹਾਰ ਵਾਸੀ ਅਸ਼ਟਾਮ ਫਰੋਸ਼ ਨਿਤਿਨ ਪਾਠਕ ਖ਼ਿਲਾਫ਼ ਪ੍ਰਿਵੈਂਟਿਵ ਐਕਸ਼ਨ ਅਮਲ ’ਚ ਲਿਆਂਦਾ ਹੈ। ਪੁਲਿਸ ਰਿਕਾਰਡ ਅਨੁਸਾਰ 17 ਸਤੰਬਰ 2026 ਨੂੰ ਜੀ.ਡੀ. ਨੰਬਰ 020 ਦਰਜ ਕੀਤੀ ਗਈ, ਜਿਸ ਵਿੱਚ ਕਾਰਵਾਈ ਵਜੋਂ ਪ੍ਰਿਵੈਂਟਿਵ ਐਕਸ਼ਨ ਦਾ ਜ਼ਿਕਰ ਹੈ ਤੇ ਧਾਰਾ 126/169 ਬੀਐੱਨਐੱਸਐੱਸ ਦਰਜ ਕੀਤੀ ਗਈ ਹੈ। ਪੁਲਿਸ ਮੁਤਾਬਕ ਸ਼ਿਕਾਇਤਕਰਤਾ ਵਿਸ਼ਾਲ ਅਤੇ ਦੀਪਕ ਨੇ ਦੋਸ਼ ਲਗਾਇਆ ਕਿ 22 ਅਗਸਤ 2026 ਦੀ ਸ਼ਾਮ ਕਰੀਬ 7:45 ਵਜੇ ਉਹ ਆਪਣੇ ਘਰ ਵੱਲ ਜਾ ਰਹੇ ਸਨ। ਇਸ ਦੌਰਾਨ ਨਿਤਿਨ ਪਾਠਕ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਰਸਤੇ ਵਿਚ ਰੋਕ ਲਿਆ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਦੋਵਾਂ ਸ਼ਿਕਾਇਤਕਰਤਾਵਾਂ ਨੇ ਪੁਲਿਸ ਕੋਲ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਖਦਸ਼ਾ ਜ਼ਾਹਰ ਕੀਤਾ। ਥਾਣਾ ਡਿਵੀਜ਼ਨ ਨੰਬਰ-2 ਦੇ ਏਐੱਸਆਈ ਜਰਮਨਜੀਤ ਸਿੰਘ ਵੱਲੋਂ ਮਾਮਲੇ ਵਿੱਚ ਕਾਰਵਾਈ ਅਮਲ ਵਿਚ ਲਿਆਂਦੀ ਗਈ ਤੇ ਪੁਲਿਸ ਰਿਕਾਰਡ ਵਿੱਚ ਪ੍ਰਿਵੈਂਟਿਵ ਐਕਸ਼ਨ ਦਰਜ ਕੀਤਾ ਗਿਆ। ---------- ਡੀਸੀ ਪਹਿਲਾਂ ਹੀ ਕਰ ਚੁੱਕੇ ਹਨ ਲਾਇਸੈਂਸ ਰੱਦ ਮਲਿਕਾ ਚੌਕ ਵਿਵਾਦ ਦੇ ਨਾਲ ਹੁਣ ਨਿਤਿਨ ਪਾਠਕ ਦੇ ਸਟਾਂਪ ਵਿਕਰੇਤਾ ਲਾਇਸੈਂਸ ਨੂੰ ਲੈ ਕੇ ਵੀ ਸਵਾਲ ਉੱਠਣ ਲੱਗੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ 2023 ਵਿੱਚ ਤਤਕਾਲੀ ਡੀਸੀ ਵੱਲੋਂ ਨਿਤਿਨ ਪਾਠਕ ਦਾ ਸਟਾਂਪ ਵਿਕਰੇਤਾ ਲਾਇਸੈਂਸ ਰੱਦ ਕੀਤਾ ਗਿਆ ਸੀ। ਦੋਸ਼ ਹੈ ਕਿ ਕੋਰੋਨਾ ਕਾਲ ਦੌਰਾਨ ਕਥਿਤ ਤੌਰ ’ਤੇ ਬੈਕਡੇਟ ਵਿੱਚ ਸਟਾਂਪ ਵੇਚਣ ਦੇ ਮਾਮਲੇ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਸੀ। ਹਾਲਾਂਕਿ ਲਾਇਸੈਂਸ ਰੱਦ ਕੀਤੇ ਜਾਣ ਦੇ ਕਾਰਨਾਂ ਅਤੇ ਤਤਕਾਲੀ ਹੁਕਮ ਦੀ ਅਸਲ ਸਥਿਤੀ ਸਬੰਧਤ ਸਰਕਾਰੀ ਰਿਕਾਰਡ ਤੋਂ ਸਪੱਸ਼ਟ ਹੋਣੀ ਬਾਕੀ ਹੈ। ------------ ਅਸ਼ਟਾਮ ਫਰੋਸ਼ ਗੁਰਾਇਆ ਦਾ, ਵੇਚਦਾ ਰਿਹਾ ਜਲੰਧਰ ’ਚ ਮਾਮਲੇ ਵਿਚ ਇੱਕ ਹੋਰ ਗੰਭੀਰ ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਨਿਤਿਨ ਪਾਠਕ ਨੂੰ ਕਥਿਤ ਤੌਰ ’ਤੇ ਗੁਰਾਇਆ ਦਾ ਸਟਾਂਪ ਵਿਕਰੇਤਾ ਲਾਇਸੈਂਸ ਮਿਲਿਆ ਹੋਇਆ ਸੀ, ਪਰ ਇਸਦੇ ਬਾਵਜੂਦ ਉਹ ਜਲੰਧਰ ਸ਼ਹਿਰ ਵਿਚ ਕਰੀਬ 22 ਸਾਲਾਂ ਤੱਕ ਸਟਾਂਪ ਵੇਚਣ ਦਾ ਕੰਮ ਕਰਦੇ ਰਹੇ। ਹੁਣ ਸਵਾਲ ਇਹ ਹੈ ਕਿ ਜੇਕਰ ਲਾਇਸੈਂਸ ਕਿਸੇ ਹੋਰ ਸਥਾਨ ਲਈ ਜਾਰੀ ਹੋਇਆ ਸੀ ਤਾਂ ਜਲੰਧਰ ਸ਼ਹਿਰ ਵਿੱਚ ਸਟਾਂਪ ਦੀ ਵਿਕਰੀ ਕਿਸ ਮਨਜ਼ੂਰੀ ਜਾਂ ਅਧਿਕਾਰ ਤਹਿਤ ਕੀਤੀ ਜਾਂਦੀ ਰਹੀ। ਇਸ ਸਬੰਧੀ ਲਾਇਸੈਂਸ ਰਿਕਾਰਡ, ਜਾਰੀ ਕੀਤੇ ਗਏ ਸਟਾਂਪਾਂ ਦਾ ਵੇਰਵਾ ਅਤੇ ਸਬੰਧਤ ਵਿਭਾਗ ਦੀ ਮਨਜ਼ੂਰੀ ਸਾਹਮਣੇ ਆਉਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ। ------------------------ ਇਕ ਵਿਵਾਦ ਨੇ ਖੜ੍ਹੇ ਕੀਤੇ ਕਈ ਸਵਾਲ ਮਲਿਕਾ ਚੌਕ ਵਿਵਾਦ ’ਚ ਪੁਲਿਸ ਕਾਰਵਾਈ ਤੋਂ ਬਾਅਦ ਹੁਣ ਮਾਮਲਾ ਸਿਰਫ਼ ਗਾਲੀ-ਗਲੋਚ ਅਤੇ ਧਮਕੀਆਂ ਦੇ ਦੋਸ਼ਾਂ ਤੱਕ ਸੀਮਤ ਨਹੀਂ ਰਹਿ ਗਿਆ। ਪੁਲਿਸ ਰਿਕਾਰਡ ਵਿੱਚ ਦਰਜ ਪ੍ਰਿਵੈਂਟਿਵ ਐਕਸ਼ਨ ਦੇ ਨਾਲ-ਨਾਲ ਸਟਾਂਪ ਵਿਕਰੇਤਾ ਲਾਇਸੈਂਸ ਰੱਦ ਹੋਣ ਦੇ ਦਾਅਵੇ ਅਤੇ ਜਲੰਧਰ ਵਿੱਚ ਲਾਇਸੈਂਸ ਦੇ ਆਧਾਰ ’ਤੇ ਲੰਬੇ ਸਮੇਂ ਤੱਕ ਸਟਾਂਪ ਵੇਚੇ ਜਾਣ ਦੇ ਦੋਸ਼ਾਂ ਨੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। -------------------------- ਫੋਨ ਕਰਨ ਤੋਂ ਬਾਅਦ ਵੀ ਨਹੀਂ ਆ ਰਿਹੈ : ਜਰਮਨਜੀਤ ਥਾਣਾ 2 ਦੇ ਏਐੱਸਆਈ ਜਰਮਨਜੀਤ ਸਿੰਘ ਨੇ ਕਿਹਾ ਕਿ ਨਿਤਿਨ ਪਾਠਕ ਨੂੰ ਵਾਰ-ਵਾਰ ਫੋਨ ਕਰਕੇ ਥਾਣੇ ਬੁਲਾਇਆ ਜਾ ਰਿਹਾ ਹੈ ਪਰ ਉਹ ਥਾਣੇ ਆਉਣ ਤੋਂ ਗੁਰੇਜ਼ ਕਰਦਾ ਆ ਰਿਹਾ ਹੈ। ਫਿਲਹਾਲ ਅਗਲੀ ਕਾਰਵਾਈ ਲਈ ਸੀਨੀਅਰ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ।