- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਕਰੀਬ ਅੱਠ ਸਾਲ ਬਾਅਦ

-ਕਰੀਬ ਅੱਠ ਸਾਲ ਬਾਅਦ ਆਰਥੋ ਤੇ ਈਐੱਨਟੀ ਤੇ ਚਾਰ ਸਾਲ ਬਾਅਦ ਛੇਤੀ ਸ਼ੁਰੂ ਹੋਵੇਗਾ ਟ੍ਰੋਮਾ ਸੈਂਟਰ ਦਾ ਬਰਨ ਯੂਨਿਟ ਵਾਰਡ
ਜਾਸ, ਜਲੰਧਰ : ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਸਹੂਲਤ ਲਈ ਛੇਤੀ ਹੀ ਕਰੀਬ ਅੱਠ ਸਾਲ ਤੋਂ ਬੰਦ ਆਰਥੋ ਵਾਰਡ ਤੇ ਓਟੀ ਅਤੇ ਟ੍ਰੋਮਾ ਸੈਂਟਰ ’ਚ ਪਿਛਲੇ ਚਾਰ ਸਾਲ ਤੋਂ ਬੰਦ ਬਰਨ ਵਾਰਡ, ਜਿਸਨੂੰ ਸਪੈਸ਼ਲ ਆਈਸੀਯੂ ਵਜੋਂ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ, ਦੀਆਂ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਵਿਚ 18 ਨਵੀਆਂ ਨਰਸਾਂ ਦੀ ਭਰਤੀ ਮਗਰੋਂ ਹਸਪਤਾਲ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਹਾਲਾਂਕਿ 550 ਬੈੱਡ ਵਾਲੇ ਸਿਵਲ ਹਸਪਤਾਲ ’ਚ 250 ਦੇ ਕਰੀਬ ਨਰਸਾਂ ਦੀ ਲੋੜ ਹੈ ਪਰ ਸਿਰਫ 80 ਦੇ ਕਰੀਬ ਹੀ ਕੰਮ ਕਰ ਰਹੀਆਂ ਹਨ। ਇਸ ਤਰ੍ਹਾਂ ਹਸਪਤਾਲ ਵਿਚ 170 ਦੇ ਕਰੀਬ ਨਰਸਾਂ ਦੀ ਘਾਟ ਹੈ। ਨਵੇਂ ਵਾਰਡਾਂ ਤੇ ਓਟੀ ਦੀਆਂ ਸੇਵਾਵਾਂ ਸ਼ੁਰੂ ਕਰਨ ਮਗਰੋਂ ਮੁੜ ਤਾਲਾ ਲੱਗਣ ਦੀ ਸੰਭਾਵਨਾ ਹੈ। ਹਸਪਤਾਲ ਵਿਚ ਪਹਿਲਾਂ ਹੀ ਇਕ-ਇਕ ਨਰਸ ਨੂੰ ਦੋ-ਦੋ ਵਾਰਡਾਂ ’ਚ ਡਿਊਟੀ ਕਰਨੀ ਪੈ ਰਹੀ ਹੈ।
ਜਾਣਕਾਰੀ ਅਨੁਸਾਰ ਟ੍ਰੋਮਾ ਸੈਂਟਰ ’ਚ ਬਰਨ ਯੂਨਿਟ ਨੂੰ ਸਪੈਸ਼ਲ ਆਈਸੀਯੂ ਵਜੋਂ ਵਰਤਿਆ ਜਾਵੇਗਾ, ਜਿਸ ਨਾਲ ਬਰਨ ਮਰੀਜ਼ਾਂ ਦੇ ਨਾਲ-ਨਾਲ ਹੋਰ ਗੰਭੀਰ ਮਰੀਜ਼ਾਂ ਦਾ ਵੀ ਇਲਾਜ ਕੀਤਾ ਜਾਵੇਗਾ। ਇੱਥੇ ਘੱਟੋ-ਘੱਟ ਦਸ ਨਰਸਾਂ ਦੀ ਲੋੜ ਹੈ। ਇਸੇ ਤਰ੍ਹਾਂ, ਆਰਥੋ ਓਟੀ ਅਤੇ ਵਾਰਡਾਂ ਵਿਚ ਵੀ ਦਸ ਦੇ ਕਰੀਬ ਨਰਸਾਂ ਦੀ ਲੋੜ ਹੈ। ਹਾਲਾਂਕਿ ਵਿਸ਼ੇਸ਼ ਆਈਸੀਯੂ ਦੀਆਂ ਸੇਵਾਵਾਂ ਸ਼ੁਰੂ ਹੋਣ ਮਗਰੋਂ ਗੰਭੀਰ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਮਿਲੇਗੀ ਤੇ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਰੈਫਰ ਨਹੀਂ ਕਰਨਾ ਪਵੇਗਾ। ਹਸਪਤਾਲ ’ਚੋਂ ਹਰ ਮਹੀਨੇ 15 ਤੋਂ 20 ਮਰੀਜ਼ਾਂ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਰੈਫਰ ਕੀਤਾ ਜਾ ਰਿਹਾ ਹੈ।
ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਕਿਹਾ ਕਿ ਟ੍ਰੋਮਾ ਸੈਂਟਰ ਦੇ ਬਰਨ ਯੂਨਿਟ ’ਚ ਬਰਨ ਦੇ ਮਰੀਜ਼ਾਂ ਦੇ ਨਾਲ-ਨਾਲ ਸੜਕ ਹਾਦਸਿਆਂ, ਸੱਪ ਦੇ ਡੰਗੇ ਗੰਭੀਰ ਮਰੀਜ਼, ਹਾਰਟ ਤੇ ਸਟ੍ਰੋਕ ਸਮੇਤ ਹੋਰ ਗੰਭੀਰ ਮਰੀਜ਼ਾਂ ਲਈ ਸੁਵਿਧਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਵਿਭਾਗ ਨੇ 18 ਦੇ ਕਰੀਬ ਨਵੀਆਂ ਨਰਸਾਂ ਨੂੰ ਹਸਪਤਾਲ ਵਿਚ ਤਾਇਨਾਤ ਕੀਤਾ ਹੈ ਤੇ ਇਨ੍ਹਾਂ ਵਾਰਡਾਂ ਵਿਚ ਹੋਰ ਵਾਰਡਾਂ ਤੋਂ ਸਟਾਫ ਦੀ ਐਡਜਸਟਮੈਂਟ ਕਰ ਕੇ ਕੰਮ ਚਲਾਇਆ ਜਾਵੇਗਾ। ਹਾਲਾਂਕਿ ਵਿਭਾਗ ਨੇ ਘਾਟ ਪੂਰੀ ਕਰਨ ਲਈ ਹੋਰ ਵੀ ਨਰਸਾਂ ਦੀ ਭਰਤੀ ਕਰਨ ਦਾ ਵਾਅਦਾ ਕੀਤਾ ਹੈ। ਵਾਰਡ ਦੀ ਸਫਾਈ ਤੇ ਰੰਗ-ਰੋਗਨ ਕਰਵਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਰਥੋ ਓਟੀ ਲਈ ਨਵਾਂ ਓਟੀ ਟੇਬਲ ਮੰਗਵਾਇਆ ਗਿਆ ਹੈ। ਆਰਥੋ ਵਾਰਡ ਦੀ ਵੀ ਸਫਾਈ ਕਰਵਾ ਦਿੱਤੀ ਗਈ ਹੈ ਤੇ ਬੈੱਡ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਦੀ ਤੀਜੀ ਮੰਜ਼ਿਲ 'ਤੇ ਪਹਿਲਾਂ ਤੋਂ ਚੱਲ ਰਹੇ ਆਈਸੀਯੂ ਨੂੰ ਕੈਂਸਰ ਡੇ ਕੇਅਰ ’ਚ ਬਦਲ ਦਿੱਤਾ ਗਿਆ ਸੀ। ਗੰਭੀਰ ਮਰੀਜ਼ਾਂ ਲਈ ਟ੍ਰੋਮਾ ਸੈਂਟਰ ਵਿਚ ਬਣੇ ਬਰਨ ਵਾਰਡ ਨੂੰ ਸਪੈਸ਼ਲ ਆਈਸੀਯੂ ਬਣਾਇਆ ਗਿਆ ਹੈ। ਮਰੀਜ਼ਾਂ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪੀਜੀਆਈ ’ਚ ਰੈਫਰ ਕਰਨ ਦੀ ਘੱਟੋ-ਘੱਟ ਲੋੜ ਪਵੇਗੀ।