- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਸ਼ ਦੇ ਜਨਮ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬੀ ਦੇ ਸਿਰਮੌਰ ਕਵੀ ਅਵਤਾਰ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਪਾਸ਼ ਦੇ 76ਵੇਂ ਜਨਮ ਦਿਨ ਮੌਕੇ ਕੀਤੇ ਜਾ ਰਹੇ ਸੂਬਾਈ ਸਮਾਗਮ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ। 7 ਸਤੰਬਰ ਤੋਂ ਹੀ ਪੰਜਾਬ ਭਰ 'ਚੋਂ ਪਹੁੰਚੇ ਖੇਤ ਮਜ਼ਦੂਰ ਕਿਸਾਨ ਜੱਥੇਬੰਦੀਆਂ ਵਲੰਟੀਅਰਾਂ ਦੇ ਨਾਲ ਪਿੰਡ ਦੇ ਨੌਜਵਾਨ ਤੇ ਕਿਸਾਨ ਮਜ਼ਦੂਰ ਵੀ ਪ੍ਰਬੰਧਕੀ ਕੰਮਾਂ 'ਚ ਜੁਟੇ ਹੋਏ ਹਨ। ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਤੇ ਅਮੋਲਕ ਸਿੰਘ ਨੇ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਭਰ ’ਚੋਂ ਹਜ਼ਾਰਾਂ ਦੀ ਗਿਣਤੀ ’ਚ ਪਹੁੰਚ ਰਹੇ ਲੇਖਕਾਂ, ਬੁੱਧੀਜੀਵੀਆਂ, ਤਰਕਸ਼ੀਲਾਂ ਤੇ ਮਜ਼ਦੂਰਾਂ ਕਿਸਾਨਾਂ ਦੇ ਕਾਫ਼ਲਿਆਂ ਦੇ ਬੈਠਣ ਲਈ ਵਿਸ਼ਾਲ ਪੰਡਾਲ ਤਿਆਰ ਹੋ ਚੁੱਕਿਆ ਹੈ। ਸਮਾਗਮ ਦੌਰਾਨ ਨਾਟਕਕਾਰ ਸਵਰਾਜਬੀਰ ਹੋਰਾਂ ਦਾ ਲਿਖਿਆ ਨਾਟਕ ਅਸੀਂ ਲੜਾਂਗੇ ਸਾਥੀ ਉੱਘੇ ਰੰਗਕਰਮੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਉੱਘੇ ਲੇਖਕਾਂ ਤੇ ਵਿਦਵਾਨਾਂ ਸਮੇਤ ਮਜ਼ਦੂਰ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸਮਾਗਮ ਨੂੰ ਸੰਬੋਧਨ ਕਰਨਗੇ। ਪੰਜਾਬ ਭਰ ’ਚੋਂ ਜੁੜੇ ਵੱਖ-ਵੱਖ ਵਰਗਾਂ ਦੇ ਲੋਕ ਪਾਸ ਹੰਸਰਾਜ ਯਾਦਗਾਰੀ ਕੰਪਲੈਕਸ ਨੂੰ ਪੰਜਾਬ ਸਰਕਾਰ ਵੱਲੋਂ ਬਕਾਇਦਾ ਯਾਦਗਾਰ ਵਜੋਂ ਮਾਨਤਾ ਦੇਣ ਦੀ ਮੰਗ ਕਰਨਗੇ।