- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਹਾਗਣਾਂ ਨੇ ਰੱਖਿਆ ਕਰਵਾ ਚੌਥ ਦਾ ਵਰਤ, ਚੰਨ ਚੜ੍ਹਨ ’ਤੇ ਪਤੀ ਦੇ ਹੱਥੋਂ ਪਾਣੀ ਪੀ ਕੇ ਲੰਮੀ ਉਮਰ ਦੀ ਕੀਤੀ ਕਾਮਨਾ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਅੱਜ ਸ਼ਹਿਰ ’ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ। ਇਹ ਤਿਉਹਾਰ ਹਿੰਦੂ ਧਰਮ ’ਚ ਵਿਆਹੁਤਾ ਜੋੜਿਆਂ ਲਈ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਤਿਉਹਾਰ ਦੀਆਂ ਤਿਆਰੀਆਂ ਸੁਹਾਗਣਾਂ ਵੱਲੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਦੌਰਾਨ ਲੋਕ ਆਪਣੀਆਂ ਵਿਆਹੀਆਂ ਧੀਆਂ ਨੂੰ ਸਰਗੀ ਦੇ ਰੂਪ ’ਚ ਫੇਣੀਆਂ, ਮੱਠੀਆਂ ਤੇ ਫਲ ਆਦਿ ਦੇ ਕੇ ਜਾਂਦੇ ਹਨ। ਵਰਤ ਰੱਖਣ ਵਾਲੀਆਂ ਸੁਹਾਗਣਾਂ ਨੇ ਸਵੇਰੇ ਚਾਰ ਵਜੇ ਉੱਠ ਕੇ ਇਸ਼ਨਾਨ ਕੀਤਾ ਤੇ ਸਰਗੀ ਦੇ ਰੂਪ ’ਚ ਫੇਣੀਆਂ ਖਾਧੀਆਂ। ਸੁਹਾਗਣ ਨੇ ਆਪਣੇ ਪਤੀ ਦੀ ਲੰਮੀ ਉਮਰ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਨਿਰਜਲਾ ਵਰਤ ਰੱਖਿਆ। ਸ਼ਹਿਰ ’ਚ ਸਾਰਾ ਦਿਨ ਚਹਿਲ-ਪਹਿਲ ਵਾਲਾ ਮਾਹੌਲ ਰਿਹਾ। ਮਹਿੰਦੀ ਦੇ ਸਟਾਲਾਂ ’ਤੇ ਵੀ ਸਾਰਾ ਦਿਨ ਰੌਣਕਾਂ ਲੱਗੀਆਂ ਰਹੀਆਂ। ਸ਼ਾਮ ਨੂੰ ਵਰਤ ਰੱਖਣ ਵਾਲੀਆਂ ਸੁਹਾਗਣਾਂ ਆਪੋ-ਆਪਣੇ ਇਲਾਕਿਆਂ ’ਚ ਇਕ ਥਾਂ ’ਤੇ ਇਕੱਠੀਆਂ ਹੋਈਆਂ ਤੇ ਵਰਤ ਦੀ ਕਥਾ ਸੁਣੀ। ਇਸ ਦੌਰਾਨ ਜ਼ਿਆਦਾਤਰ ਔਰਤਾਂ ਨੇ ਮੰਦਰਾਂ ’ਚ ਜਾ ਕੇ ਵੀ ਕਥਾ ਸੁਣੀ ਤੇ ਪੂਜਾ ਕੀਤੀ। ਇਸ ਮੌਕੇ ਰਸਮਾਂ ਨਿਭਾਈਆਂ ਗਈਆਂ। ਪੂਜਾ ਤੋਂ ਬਾਅਦ ਸਾਰੀਆਂ ਸੁਹਾਗਣਾਂ ਨੂੰ ਚੰਨ ਚੜ੍ਹਨ ਦੀ ਉਡੀਕ ਰਹੀ। ਰਾਤ ਨੂੰ ਚੰਨ ਚੜ੍ਹਨ ਤੋਂ ਬਾਅਦ ਚੰਦਰਮਾ ਦੇ ਦਰਸ਼ਨ ਕਰਨ ਤੇ ਅਰਘ ਦੇਣ ਉਪਰੰਤ ਔਰਤਾਂ ਨੇ ਆਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹਿਆ। ਬਾਜ਼ਾਰਾਂ ’ਚ ਵੀ ਤਿਉਹਾਰ ਨੂੰ ਲੈ ਕੇ ਕਾਫ਼ੀ ਰੌਣਕ ਰਹੀ। ਸੁਹਾਗਣਾਂ ਵੱਲੋਂ ਵਰਤ ਖੋਲ੍ਹਣ ਤੋਂ ਬਾਅਦ ਸ਼ਹਿਰ ਭਰ ਦੀਆਂ ਖਾਣ-ਪੀਣ ਦੀਆਂ ਦੁਕਾਨਾਂ ਤੇ ਚੌਪਾਟੀਆਂ ’ਤੇ ਭਾਰੀ ਭੀੜ ਦੇਖਣ ਨੂੰ ਮਿਲੀ।
-------------------------
ਸ਼ਹਿਰ ਦੇ ਵੱਖ-ਵੱਖ ਹੋਟਲਾਂ ’ਚ ਵੀ ਮਨਾਇਆ ਗਿਆ ਕਰਵਾ ਚੌਥ ਦਾ ਤਿਉਹਾਰ
ਹੁਣ ਕਰਵਾ ਚੌਥ ਵੱਖ-ਵੱਖ ਤਰੀਕਿਆਂ ਨਾਲ ਵੀ ਮਨਾਇਆ ਜਾਣ ਲੱਗ ਪਿਆ ਹੈ। ਪਹਿਲਾਂ ਕਰਵਾ ਚੌਥ ਵਾਲੇ ਦਿਨ ਮੁਹੱਲੇ ਦੀਆਂ ਔਰਤਾਂ ਇਕ ਥਾਂ ’ਤੇ ਇਕੱਠੀਆਂ ਹੋ ਕੇ ਕਥਾ ਸੁਣਦੀਆਂ ਸਨ ਪਰ ਹੁਣ ਸਮਾਂ ਬਦਲਣ ਦੇ ਨਾਲ-ਨਾਲ ਤਿਉਹਾਰ ਮਨਾਉਣ ਦੇ ਢੰਗ ਵੀ ਬਦਲ ਰਹੇ ਹਨ। ਹੁਣ ਵੱਖ-ਵੱਖ ਕਲੱਬਾਂ ਵੱਲੋਂ ਕਰਵਾ ਚੌਥ ਸਬੰਧੀ ਸਮਾਗਮ ਹੋਟਲਾਂ ’ਚ ਕਰਵਾਏ ਜਾਣ ਲੱਗ ਪਏ ਹਨ। ਇਨ੍ਹਾਂ ਸਮਾਗਮਾਂ ’ਚ ਸੁਹਾਗਣਾਂ ਵੱਡੀ ਗਿਣਤੀ ’ਚ ਪਹੁੰਚ ਕੇ ਤੰਬੋਲਾ ਤੇ ਹੋਰ ਖੇਡਾਂ ਖੇਡਦੀਆਂ ਹਨ।
-----------------------------
ਗੈਦਰ ਐਂਡ ਗਲੋ ਵੱਲੋਂ ਕਰਵਾਇਆ ਗਿਆ ‘ਜਸ਼ਨ-ਏ-ਮੁਹੱਬਤ’ ਕਰਵਾ ਚੌਥ ਸਮਾਗਮ
ਗੈਦਰ ਐਂਡ ਗਲੋ ਵੱਲੋਂ ਕਾਵਲੀਨ ਤੇ ਤਰੁਣ ਸਚਦੇਵਾ ਦੀ ਅਗਵਾਈ ਹੇਠ ਕਰਵਾ ਚੌਥ ਦੇ ਮੌਕੇ ’ਤੇ ‘ਜਸ਼ਨ-ਏ-ਮੁਹੱਬਤ’ ਨਾਮਕ ਪ੍ਰੀਮੀਅਮ ਸਮਾਗਮ ਐਲਿਸੀਅਮ ਗ੍ਰੈਂਡ ਵਿਖੇ ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਕਰਵਾ ਚੌਥ ਦੇ ਤਿਉਹਾਰ ਨੂੰ ਪਿਆਰ, ਖੁਸ਼ੀਆਂ ਤੇ ਉਤਸ਼ਾਹ ਨਾਲ ਮਨਾਉਣਾ ਸੀ। ਇਸ ਮੌਕੇ ਔਰਤਾਂ ਨੂੰ ਤਿਉਹਾਰ ਦੇ ਰੰਗ ’ਚ ਰੰਗਣ ਤੇ ਯਾਦਗਾਰੀ ਪਲ ਸਾਂਝੇ ਕਰਨ ਦਾ ਮੌਕਾ ਮਿਲਿਆ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਸੁਹਾਗਣਾਂ ਨੇ ਸ਼ਮੂਲੀਅਤ ਕਰਕੇ ਆਨੰਦ ਮਾਣਿਆ। ਇਸ ਦੌਰਾਨ ਰਾਜਨ ਸਿਆਲ ਵੱਲੋਂ ਵੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਸਵੇਰੇ 11 ਵਜੇ ਤੋਂ ਹੀ ਸੁਹਾਗਣਾਂ ਤਿਆਰ ਹੋ ਕੇ ਸਮਾਗਮ ’ਚ ਹਿੱਸਾ ਲੈਣ ਲਈ ਹੋਟਲ ਪਹੁੰਚਣ ਲੱਗ ਪਈਆਂ। ਸਮਾਗਮ ਦੌਰਾਨ ਕਵਿਜ਼, ਤੰਬੋਲਾ ਤੇ ਹੋਰ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਪਹੁੰਚੀਆਂ ਸੁਹਾਗਣਾਂ ਨੂੰ ਵੱਖ-ਵੱਖ ਤੋਹਫ਼ੇ ਵੀ ਭੇਟ ਕੀਤੇ ਗਏ। ਜਾਣਕਾਰੀ ਦਿੰਦਿਆਂ ਕਾਵਲੀਨ ਤੇ ਤਰੁਣ ਸਚਦੇਵਾ ਨੇ ਦੱਸਿਆ ਕਿ ਸਮਾਗਮ ’ਚ ਵੱਖ-ਵੱਖ ਖੇਡਾਂ ਦੇ ਨਾਲ-ਨਾਲ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਕਰੀਬ 400 ਸੁਹਾਗਣਾਂ ਨੇ ਇਸ ਸਮਾਗਮ ’ਚ ਭਾਗ ਲਿਆ ਤੇ ਸਾਰਿਆਂ ਨੂੰ ਤੋਹਫ਼ੇ ਭੇਟ ਕੀਤੇ ਗਏ।
---------------------
ਹੈਲਪਿੰਗ ਸੋਲਜ਼ ਐੱਨਜੀਓ ਵੱਲੋਂ ਵੀ ਮਨਾਇਆ ਕਰਵਾ ਚੌਥ ਦਾ ਤਿਉਹਾਰ
ਜਲੰਧਰ ਦੀ ਹੈਲਪਿੰਗ ਸੋਲਜ਼ ਐੱਨਜੀਓ ਵੱਲੋਂ ਰੀਜੈਂਟ ਪਾਰਕ ’ਚ ਕਰਵਾ ਚੌਥ ਦਾ ਸਮਾਗਮ ਕਰਵਾਇਆ ਗਿਆ। ਇਸ ’ਚ ਸ਼ਹਿਰ ਦੀਆਂ ਪ੍ਰਮੁੱਖ ਔਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਮਹਿਲਾਵਾਂ ਨੇ ਵੱਖ-ਵੱਖ ਖੇਡਾਂ ਖੇਡੀਆਂ, ਤੋਹਫ਼ੇ ਪ੍ਰਾਪਤ ਕੀਤੇ ਤੇ ਆਪਸ ’ਚ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਤੋਂ ਇਕੱਠੀ ਹੋਣ ਵਾਲੀ ਰਕਮ ਲੋੜਵੰਦਾਂ ਦੀ ਮਦਦ ਲਈ ਵਰਤੀ ਜਾਵੇਗੀ। ਐੱਨਜੀਓ ਦੀ ਪ੍ਰਧਾਨ ਸ਼ੈਲਜਾ ਅਗਰਵਾਲ ਤੇ ਸਕੱਤਰ ਸ਼ਿਵਾਲੀ ਵਾਲੀਆ ਦਾ ਉਦੇਸ਼ ਸਮਾਜਿਕ ਸਮਾਗਮਾਂ ਰਾਹੀਂ ਇਕੱਠੇ ਕੀਤੇ ਪੈਸਿਆਂ ਨਾਲ ਗ਼ਰੀਬ ਬੱਚੀਆਂ ਦੀ ਪੜ੍ਹਾਈ, ਲੋੜਵੰਦ ਮਰੀਜ਼ਾਂ ਦੇ ਇਲਾਜ ਤੇ ਵਾਂਝੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣਾ ਹੈ। ਸੰਸਥਾ ਨੇ ਸੰਦੇਸ਼ ਦਿੱਤਾ ਕਿ ਔਰਤਾਂ ਨੂੰ ਖੁਸ਼ੀਆਂ ਮਨਾਉਣ ਦੇ ਨਾਲ-ਨਾਲ ਸਮਾਜ ਦੇ ਕਮਜ਼ੋਰ ਵਰਗਾਂ ਦੀ ਮਦਦ ਲਈ ਵੀ ਸਮਾਂ ਤੇ ਸਰੋਤ ਕੱਢਣੇ ਚਾਹੀਦੇ ਹਨ। ਇਹ ਸਮਾਗਮ ਤਿਉਹਾਰਾਂ ਨੂੰ ਸਮਾਜ ਸੇਵਾ ਨਾਲ ਜੋੜਨ ਦੀ ਇਕ ਸ਼ਲਾਘਾਯੋਗ ਪਹਿਲ ਸਾਬਤ ਹੋਇਆ। ਇਸ ਤੋਂ ਇਲਾਵਾ ਜਲੰਧਰ ਦੇ ਵੱਖ-ਵੱਖ ਹੋਟਲਾਂ ’ਚ ਵੀ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ।