- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੈਕ ’ਤੇ ਬਿਜਲੀ ਗੁੱਲ, ਜਨਰੇਟਰ ਵੀ ਤੇਲ ਨਾ ਹੋਣ ਕਾਰਨ ਹੋਇਆ ਬੰਦ

-ਗੱਡੀਆਂ ਦੀਆਂ ਲੰਮੀਆਂ ਕਤਾਰਾਂ, ਟੈਸਟ ਲਈ ਆਏ ਲੋਕ ਹੁੰਦੇ ਰਹੇ ਖੱਜਲ-ਖੁਆਰ
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਆਰਟੀਏ ਅਧੀਨ ਡਰਾਈਵਿੰਗ ਟੈਸਟ ਟਰੈਕ ’ਤੇ ਬੁੱਧਵਾਰ ਨੂੰ ਇਕ ਵਾਰ ਫਿਰ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਟਰੈਕ ’ਤੇ ਬਿਜਲੀ ਬੰਦ ਹੋਣ ਕਾਰਨ ਡਰਾਈਵਿੰਗ ਟੈਸਟ ਸਮੇਤ ਹੋਰ ਕੰਮ ਪ੍ਰਭਾਵਿਤ ਰਹੇ ਤੇ ਟੈਸਟ ਦੇਣ ਲਈ ਪਹੁੰਚੇ ਲੋਕਾਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਟਰੈਕ ਦੇ ਬਾਹਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਹੈਰਾਨੀ ਦੀ ਗੱਲ ਇਹ ਰਹੀ ਕਿ ਬਿਜਲੀ ਜਾਣ ਤੋਂ ਬਾਅਦ ਬੈਕਅੱਪ ਲਈ ਰੱਖਿਆ ਜਨਰੇਟਰ ਵੀ ਨਹੀਂ ਚੱਲ ਸਕਿਆ। ਦੱਸਿਆ ਗਿਆ ਕਿ ਜਨਰੇਟਰ ’ਚ ਤੇਲ ਨਾ ਹੋਣ ਕਾਰਨ ਉਸਨੂੰ ਚਲਾਉਣਾ ਸੰਭਵ ਨਹੀਂ ਸੀ।
-----------------------
ਜਨਰੇਟਰ ’ਚ ਤੇਲ ਖਤਮ
ਟੈਸਟ ਦੇਣ ਆਏ ਲੋਕਾਂ ਨੇ ਸਵਾਲ ਖੜ੍ਹਾ ਕੀਤਾ ਕਿ ਜਦੋਂ ਸਰਕਾਰ ਵੱਲੋਂ ਹਰ ਕੰਮ ਲਈ ਫੀਸ ਵਸੂਲੀ ਜਾਂਦੀ ਹੈ ਤਾਂ ਟਰੈਕ ’ਤੇ ਬਿਜਲੀ ਵਰਗੀ ਬੁਨਿਆਦੀ ਸਹੂਲਤ ਦਾ ਬਦਲ ਵੀ ਉਪਲੱਬਧ ਕਿਉਂ ਨਹੀਂ ਹੈ। ਲੋਕਾਂ ਦਾ ਕਹਿਣਾ ਸੀ ਕਿ ਜੇ ਜਨਰੇਟਰ ਹੀ ਚਲਾਉਣ ਲਈ ਤੇਲ ਨਹੀਂ ਹੈ ਤਾਂ ਐਮਰਜੈਂਸੀ ਪ੍ਰਬੰਧਾਂ ਦੀ ਤਿਆਰੀ ’ਤੇ ਸਵਾਲ ਉੱਠਣਾ ਸੁਭਾਵਿਕ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੁਝ ਦਿਨ ਪਹਿਲਾਂ ਵੀ ਜਦੋਂ ਬਿਜਲੀ ਬੰਦ ਹੋਈ ਸੀ ਤਾਂ ਜਨਰੇਟਰ ਨਹੀਂ ਚੱਲ ਸਕਿਆ ਸੀ, ਉਦੋਂ ਉਸ ਵਿਚ ਤਕਨੀਕੀ ਖਰਾਬੀ ਆਈ ਸੀ।
-------------------------
ਲੰਮੀਆਂ ਕਤਾਰਾਂ ਦੇਖ ਕੇ ਵਧੀ ਲੋਕਾਂ ਦੀ ਬੇਚੈਨੀ
ਬਿਜਲੀ ਬੰਦ ਰਹਿਣ ਕਾਰਨ ਟੈਸਟ ਤੇ ਦਫ਼ਤਰੀ ਕੰਮ ਪ੍ਰਭਾਵਿਤ ਹੋਇਆ। ਟਰੈਕ ’ਤੇ ਪਹੁੰਚੇ ਲੋਕਾਂ ਨੂੰ ਆਪਣੀ ਵਾਰੀ ਲਈ ਲੰਮਾ ਇੰਤਜ਼ਾਰ ਕਰਨਾ ਪਿਆ, ਜਦਕਿ ਵਾਹਨਾਂ ਦੀ ਗਿਣਤੀ ਵਧਣ ਨਾਲ ਕਤਾਰਾਂ ਵੀ ਲੰਮੀਆਂ ਹੁੰਦੀਆਂ ਗਈਆਂ। ਕਈ ਲੋਕਾਂ ਨੇ ਕਿਹਾ ਕਿ ਉਹ ਆਪਣਾ ਸਮਾਂ ਤੇ ਕੰਮ ਛੱਡ ਕੇ ਸਰਕਾਰੀ ਪ੍ਰਕਿਰਿਆ ਪੂਰੀ ਕਰਨ ਆਉਂਦੇ ਹਨ ਪਰ ਟਰੈਕ ’ਤੇ ਪ੍ਰਬੰਧਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਹੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਲੋਕਾਂ ਨੇ ਆਰਟੀਏ ਤੋਂ ਮੰਗ ਕੀਤੀ ਹੈ ਕਿ ਟਰੈਕ ’ਤੇ ਬਿਜਲੀ ਤੇ ਜਨਰੇਟਰ ਦੇ ਪੱਕੇ ਪ੍ਰਬੰਧ ਕੀਤੇ ਜਾਣ ਤੇ ਅਜਿਹੀ ਲਾਪਰਵਾਹੀ ਲਈ ਜਵਾਬਦੇਹੀ ਤੈਅ ਕੀਤੀ ਜਾਵੇ।