- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਤ ਸਿੰਘ ਕਾਲੋਨੀ ਵਿੱਚ 20 ਘੰਟੇ ਬਿਜਲੀ ਬੰਦ, ਲੋਕ ਪ੍ਰੇਸ਼ਾਨ, 1785 ਸ਼ਿਕਾਇਤਾਂ ਦਾ ਨਿਪਟਾਰਾ

ਜਾਗਰਣ ਸੰਵਾਦਾਤਾ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਹਵਾ ਚੱਲਣ ਅਤੇ ਮੀਂਹ ਪੈਣ ਕਾਰਨ ਟਰਾਂਸਫਾਰਮਰਾਂ ਦੇ ਨਾਲ-ਨਾਲ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਬੀਤੇ ਸੋਮਵਾਰ ਰਾਤ ਨੂੰ ਮੀਂਹ ਤੇ ਤੇਜ਼ ਹਨੇਰੀ ਕਾਰਨ ਭਗਤ ਸਿੰਘ ਕਾਲੋਨੀ ਇਲਾਕੇ ਵਿੱਚੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਉਪਰ ਦਰੱਖਤਾਂ ਦੀਆਂ ਟਾਹਣੀਆਂ ਡਿੱਗ ਪਈਆਂ। ਟਾਹਣੀਆਂ ਡਿੱਗਣ ਕਾਰਨ ਬਿਜਲੀ ਦੇ ਖੰਭੇ ਟੁੱਟ ਗਏ ਤੇ ਤਾਰਾਂ ਡਿੱਗ ਪਈਆਂ। ਸੋਮਵਾਰ ਸ਼ਾਮ 5 ਵਜੇ ਬਿਜਲੀ ਦੀ ਸਪਲਾਈ ਬੰਦ ਹੋ ਗਈ, ਜੋ ਮੰਗਲਵਾਰ ਦੁਪਹਿਰ ਇਕ ਵਜੇ ਬਹਾਲ ਹੋਈ। ਕਰੀਬ 20 ਘੰਟੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਨਹੀਂ ਮਿਲ ਸਕੀ ਤੇ ਰੋਜ਼ਾਨਾ ਦੀ ਜ਼ਿੰਦਗੀ ਪ੍ਰਭਾਵਿਤ ਰਹੀ। ਕੁਝ ਦਰੱਖਤ ਘਰਾਂ ਉਪਰ ਵੀ ਡਿੱਗ ਗਏ ਸਨ। ਪਾਵਰਕਾਮ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਟੁੱਟੀਆਂ ਤਾਰਾਂ ਨੂੰ ਬਦਲਿਆ ਤੇ ਨਵੇਂ ਖੰਭੇ ਲਗਾਏ। ਬਿਜਲੀ ਬੰਦ ਰਹਿਣ ਕਾਰਨ ਘਰਾਂ ਵਿੱਚ ਲੱਗੇ ਇਨਵਰਟਰ ਵੀ ਜਵਾਬ ਦੇ ਗਏ ਸਨ। ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ। ਐੱਸਡੀਓ ਪ੍ਰਦੀਪ ਕੁਮਾਰ ਸੈਣੀ ਨੇ ਦੱਸਿਆ ਕਿ ਤਾਰਾਂ ਬਦਲਣ ਤੇ ਖੰਭਿਆਂ ਦੀ ਮੁਰੰਮਤ ਤੋਂ ਬਾਅਦ ਦੁਪਹਿਰ 1 ਵਜੇ ਬਿਜਲੀ ਦੀ ਸਪਲਾਈ ਚਾਲੂ ਕਰ ਦਿੱਤੀ ਗਈ।
---
ਕਈ ਇਲਾਕਿਆਂ ’ਚ ਬਿਜਲੀ ਬੰਦ ਰਹੀ, 1785 ਸ਼ਿਕਾਇਤਾਂ ਪੁੱਜੀਆਂ
ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੀ। ਟਰਾਂਸਫਾਰਮਰ ਤੇ ਜੰਪਰ ਟੁੱਟਣ ਦੇ ਨਾਲ-ਨਾਲ ਕੇਬਲ ਵਿੱਚ ਫਾਲਟ ਆਉਣ ਕਾਰਨ ਕਈ ਥਾਵਾਂ ’ਤੇ ਕਰੀਬ ਦੋ ਘੰਟੇ ਬਿਜਲੀ ਬੰਦ ਰਹੀ। ਮਾਡਲ ਹਾਊਸ, ਬਚਿੰਤ ਨਗਰ, ਜਲੰਧਰ ਕੈਂਟ, ਮਿੱਠਾਪੁਰ, ਅਰਬਨ ਅਸਟੇਟ, ਗੁਰੂ ਨਾਨਕ ਪੁਰਾ ਵੈਸਟ, ਕਾਲੀਆ ਕਾਲੋਨੀ, ਸੋਢਲ ਨਗਰ, ਪ੍ਰੀਤ ਨਗਰ, ਸ਼ਿਵ ਵਿਹਾਰ, ਸ਼ਿਵ ਨਗਰ, ਇੰਡਸਟਰੀ ਏਰੀਆ, ਕੇਐੱਮਵੀ ਰੋਡ, ਲਕਸ਼ਮੀਪੁਰਾ, ਕੋਟ ਕਿਸ਼ਨ ਚੰਦ ਅਤੇ ਕਿਸ਼ਨਪੁਰਾ ਇਲਾਕਿਆਂ ਵਿੱਚ ਦੁਪਹਿਰ 2 ਤੋਂ 4 ਵਜੇ ਤੱਕ ਬਿਜਲੀ ਬੰਦ ਰਹੀ। ਬਿਜਲੀ ਸਬੰਧੀ ਸ਼ਿਕਾਇਤ ਕੇਂਦਰਾਂ ਵਿੱਚ ਕੁੱਲ 1785 ਸ਼ਿਕਾਇਤਾਂ ਪਹੁੰਚੀਆਂ। ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਇਨ੍ਹਾਂ ਸ਼ਿਕਾਇਤਾਂ ਦਾ ਰਾਤ 7 ਵਜੇ ਤੱਕ ਨਿਪਟਾਰਾ ਕਰ ਦਿੱਤਾ ਗਿਆ। ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਮੀਂਹ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਫਾਲਟ ਆਏ ਸਨ। ਕਈ ਥਾਵਾਂ ’ਤੇ ਦਰੱਖਤ ਬਿਜਲੀ ਦੀਆਂ ਤਾਰਾਂ ਉਪਰ ਡਿੱਗ ਗਏ ਸਨ, ਜਿਸ ਕਾਰਨ ਪਾਵਰਕਾਮ ਦੇ ਸਾਮਾਨ ਨੂੰ ਵੀ ਨੁਕਸਾਨ ਪਹੁੰਚਿਆ। ਤਾਰਾਂ ਉਪਰ ਡਿੱਗੇ ਦਰੱਖਤਾਂ ਨੂੰ ਹਟਾ ਕੇ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਸ਼ਿਕਾਇਤ ਕੇਂਦਰਾਂ ਵਿੱਚ ਪਹੁੰਚੀਆਂ ਸ਼ਿਕਾਇਤਾਂ ਦਾ ਵੀ ਨਿਪਟਾਰਾ ਕਰ ਦਿੱਤਾ ਗਿਆ ਹੈ।