- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਆਰਆਈ ਮੌਤ ਤੋਂ ਬਾਅਦ ਵੀ ਚੱਲਦੀ ਰਹੀ ਪਾਵਰ ਆਫ਼ ਅਟਾਰਨੀ!

-ਇਕ ਦਿਨ ’ਚ ਹੋਈਆਂ 7 ਰਜਿਸਟਰੀਆਂ, ਡੀਸੀ ਤੋਂ ਈਡੀ ਤੱਕ ਸ਼ਿਕਾਇਤ
-ਦੀਨਾਨਾਥ ਨੇ ‘ਆਪ’ ਕੌਂਸਲਰ ਮਨਮੋਹਨ ਸਿੰਘ ਰਾਜੂ ਤੇ ਪਰਿਵਾਰ ’ਤੇ ਖੜ੍ਹੇ ਕੀਤੇ ਸਵਾਲ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਐੱਨਆਰਆਈ ਦੀ ਮੌਤ ਤੋਂ ਬਾਅਦ ਉਸ ਵੱਲੋਂ ਦਿੱਤੀ ਪਾਵਰ ਆਫ਼ ਅਟਾਰਨੀ ਦੇ ਆਧਾਰ ’ਤੇ ਜ਼ਮੀਨ ਦੀਆਂ ਕਥਿਤ 11 ਰਜਿਸਟਰੀਆਂ ਕਰਵਾਏ ਜਾਣ ਦੇ ਦੋਸ਼ ਨੇ ਜਲੰਧਰ ਦੀ ਸਿਆਸਤ ਅਤੇ ਜ਼ਮੀਨੀ ਰਜਿਸਟਰੀਆਂ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਦੀਨਾਨਾਥ ਪ੍ਰਧਾਨ ਨੇ ਪ੍ਰੈੱਸ ਕਾਨਫਰੰਸ ਕਰਕੇ ‘ਆਪ’ ਦੇ ਵਾਰਡ ਨੰਬਰ 20 ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ਅਤੇ ਉਨ੍ਹਾਂ ਦੇ ਪੁੱਤਰਾਂ ਸੁਮਿਤ ਸਿੰਘ ਤੇ ਜਸਮੀਤ ਸਿੰਘ ਉਰਫ਼ ਸ਼ੁਭਮ ’ਤੇ ਗੰਭੀਰ ਦੋਸ਼ ਲਗਾਏ ਹਨ। ਦੀਨਾਨਾਥ ਪ੍ਰਧਾਨ ਮੁਤਾਬਕ ਮਾਮਲਾ ਲੱਧੇਵਾਲੀ, ਕ੍ਰਿਸ਼ਨਾ ਸਵੀਟ ਦੇ ਪਿੱਛੇ ਸਥਿਤ ਕਰੀਬ 43 ਮਰਲੇ 469 ਵਰਗ ਫੁੱਟ ਜ਼ਮੀਨ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਅਮਰੀਕਾ ਰਹਿੰਦੇ ਐੱਨਆਰਆਈ ਦਲਮਿੰਦਰ ਸਿੰਘ ਮਿਨਹਾਸ ਨਾਲ ਸੰਬੰਧਤ ਹੈ ਅਤੇ ਉਸ ਵੱਲੋਂ ਸੁਮਿਤ ਸਿੰਘ ਦੇ ਹੱਕ ਵਿੱਚ ਪਾਵਰ ਆਫ਼ ਅਟਾਰਨੀ ਦਿੱਤੀ ਗਈ ਸੀ।
ਪ੍ਰਧਾਨ ਨੇ ਦਾਅਵਾ ਕੀਤਾ ਕਿ ਦਲਮਿੰਦਰ ਸਿੰਘ ਮਿਨਹਾਸ ਦੀ ਅਮਰੀਕਾ ਵਿੱਚ ਮੌਤ ਹੋ ਚੁੱਕੀ ਹੈ। ਉਨ੍ਹਾਂ ਮੁਤਾਬਕ ਉਸ ਦੇ ਭਰਾ ਵੱਲੋਂ ਪਹਿਲੀ ਸਤੰਬਰ ਨੂੰ ਫੇਸਬੁੱਕ ’ਤੇ ਮੌਤ ਸਬੰਧੀ ਸੁਨੇਹਾ ਪਾਇਆ ਗਿਆ ਅਤੇ 4 ਸਤੰਬਰ ਨੂੰ ਅੰਤਿਮ ਅਰਦਾਸ/ਭੋਗ ਦੀ ਵੀਡੀਓ ਲਾਈਵ ਕੀਤੀ ਗਈ। ਇਸ ਦੇ ਬਾਵਜੂਦ ਉਨ੍ਹਾਂ ਦੇ ਦੋਸ਼ ਅਨੁਸਾਰ 1 ਸਤੰਬਰ ਤੋਂ 15 ਸਤੰਬਰ ਦਰਮਿਆਨ ਇਸ ਪਾਵਰ ਆਫ਼ ਅਟਾਰਨੀ ਦੇ ਆਧਾਰ ’ਤੇ 11 ਰਜਿਸਟਰੀਆਂ ਕਰਵਾਈਆਂ ਗਈਆਂ।
---
ਪਹਿਲੀ ਤੋਂ 15 ਸਤੰਬਰ ਤੱਕ ਹੋਈਆਂ 11 ਰਜਿਸਟਰੀਆਂ
ਪਹਿਲੀ ਸਤੰਬਰ ਨੂੰ ਤਰਨਦੀਪ ਕੌਰ ਪਤਨੀ ਪਵਿੱਤਰ ਸਿੰਘ, ਮੋਤਾ ਸਿੰਘ ਨਗਰ ਦੇ ਨਾਂ 3 ਮਰਲੇ 229 ਵਰਗ ਫੁੱਟ ਜ਼ਮੀਨ ਦੀ ਰਜਿਸਟਰੀ ਹੋਈ।
2 ਸਤੰਬਰ ਨੂੰ ਮਨੀਸ਼ਾ ਪਤਨੀ ਸੰਜੀਵ ਕੁਮਾਰ, ਸਤਨਾਮ ਨਗਰ ਦੇ ਨਾਂ 3 ਮਰਲੇ 164 ਵਰਗ ਫੁੱਟ ਦੀ ਰਜਿਸਟਰੀ ਹੋਈ। ਇਸ ਵਿੱਚ ਜਸਮੀਤ ਸਿੰਘ ਉਰਫ਼ ਸ਼ੁਭਮ ਦੇ ਗਵਾਹ ਹੋਣ ਦਾ ਦਾਅਵਾ ਕੀਤਾ ਗਿਆ।
ਇਸੇ ਦਿਨ ਮਨੀਸ਼ਾ ਦੇ ਨਾਂ 4 ਮਰਲੇ 79 ਵਰਗ ਫੁੱਟ ਦੀ ਇੱਕ ਹੋਰ ਰਜਿਸਟਰੀ ਹੋਣ ਦੀ ਗੱਲ ਕਹੀ ਗਈ।
ਇਸ ਤੋਂ ਇਲਾਵਾ 2 ਸਤੰਬਰ ਨੂੰ ਹੀ ਜੋਤੀ ਦੇ ਨਾਂ 4 ਮਰਲੇ 232 ਵਰਗ ਫੁੱਟ, ਡੋਲੀ ਸ਼ਰਮਾ ਦੇ ਨਾਂ 4 ਮਰਲੇ 78 ਵਰਗ ਫੁੱਟ, ਬਲਵਿੰਦਰ ਕੌਰ ਦੇ ਨਾਂ 7 ਮਰਲੇ 228 ਵਰਗ ਫੁੱਟ, ਮਨੀਸ਼ ਕੁਮਾਰ ਦੇ ਨਾਂ 3 ਮਰਲੇ 234 ਵਰਗ ਫੁੱਟ ਅਤੇ ਸੱਨੀ ਤੇ ਤਮੰਨਾ ਦੇ ਨਾਂ 4 ਮਰਲੇ 9 ਵਰਗ ਫੁੱਟ ਜ਼ਮੀਨ ਦੀਆਂ ਰਜਿਸਟਰੀਆਂ ਹੋਣ ਦਾ ਦਾਅਵਾ ਕੀਤਾ ਗਿਆ।
3 ਸਤੰਬਰ ਨੂੰ ਮੁਸ਼ਤਾਕ ਆਲਮ ਦੇ ਨਾਂ 2 ਮਰਲੇ 86 ਵਰਗ ਫੁੱਟ, 8 ਸਤੰਬਰ ਨੂੰ ਜੈਸਿਕਾ ਸ਼ਰਮਾ ਦੇ ਨਾਂ 3 ਮਰਲੇ 235 ਵਰਗ ਫੁੱਟ ਅਤੇ 15 ਸਤੰਬਰ ਨੂੰ ਜੋਤੀ ਸੈਣੀ ਦੇ ਨਾਂ 4 ਮਰਲੇ 78 ਵਰਗ ਫੁੱਟ ਦੀ ਰਜਿਸਟਰੀ ਹੋਣ ਦੀ ਗੱਲ ਪ੍ਰਧਾਨ ਨੇ ਕਹੀ।
ਦਿਨਾਨਾਥ ਪ੍ਰਧਾਨ ਨੇ ਦੋਸ਼ ਲਗਾਇਆ ਕਿ ਇਨ੍ਹਾਂ ਰਜਿਸਟਰੀਆਂ ਵਿੱਚ ਸੁਮਿਤ ਸਿੰਘ ਦੀ ਭੂਮਿਕਾ ਪਾਵਰ ਆਫ ਅਟਾਰਨੀ ਧਾਰਕ ਵਜੋਂ ਰਹੀ, ਜਦਕਿ ਉਸਦਾ ਭਰਾ ਜਸਮੀਤ ਸਿੰਘ ਉਰਫ਼ ਸ਼ੁਭਮ ਕੁਝ ਰਜਿਸਟਰੀਆਂ ਵਿੱਚ ਗਵਾਹ ਬਣਿਆ। ਪ੍ਰਧਾਨ ਨੇ ਇਹ ਵੀ ਕਿਹਾ ਕਿ ਸੰਜੀਵ ਕੁਮਾਰ ਦਾ ਨਾਂ ਵੀ ਗਵਾਹ ਵਜੋਂ ਸਾਹਮਣੇ ਆਉਂਦਾ ਹੈ, ਜਦਕਿ ਉਸਦੀ ਪਤਨੀ ਮਨੀਸ਼ਾ ਦੇ ਨਾਂ 2 ਸਤੰਬਰ ਨੂੰ ਦੋ ਵੱਖ-ਵੱਖ ਰਜਿਸਟਰੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ।
---
40 ਮਰਲੇ ਦੀ ਅਟਾਰਨੀ, ਰਜਿਸਟਰੀਆਂ ਹੋਈਆਂ 43 ਮਰਲੇ ਤੋਂ ਵੱਧ
ਦਿਨਾਨਾਥ ਪ੍ਰਧਾਨ ਨੇ ਜ਼ਮੀਨ ਦੇ ਰਕਬੇ ਨੂੰ ਲੈ ਕੇ ਵੀ ਸਵਾਲ ਖੜ੍ਹਾ ਕੀਤਾ। ਉਨ੍ਹਾਂ ਦਾ ਦਾਅਵਾ ਹੈ ਕਿ ਦਲਮਿੰਦਰ ਸਿੰਘ ਮਿਨਹਾਸ ਨੇ ਕਰੀਬ 40 ਮਰਲੇ ਜ਼ਮੀਨ ਲਈ ਪਾਵਰ ਆਫ ਅਟਾਰਨੀ ਦਿੱਤੀ ਸੀ, ਪਰ ਇਸ ਦੇ ਆਧਾਰ 'ਤੇ ਕਰੀਬ 43 ਮਰਲੇ 469 ਵਰਗ ਫੁੱਟ ਜ਼ਮੀਨ ਦੀਆਂ ਰਜਿਸਟਰੀਆਂ ਕਰ ਦਿੱਤੀਆਂ ਗਈਆਂ। ਪ੍ਰਧਾਨ ਨੇ ਸਵਾਲ ਕੀਤਾ ਕਿ ਜੇਕਰ ਪਾਵਰ ਆਫ ਅਟਾਰਨੀ 40 ਮਰਲੇ ਲਈ ਸੀ ਤਾਂ ਵਾਧੂ ਰਕਬੇ ਦੀ ਵਿਕਰੀ ਕਿਸ ਦਸਤਾਵੇਜ਼ ਜਾਂ ਅਧਿਕਾਰ ਦੇ ਆਧਾਰ 'ਤੇ ਹੋਈ।
---
ਡੀਸੀ, ਵਿਜੀਲੈਂਸ ਅਤੇ ਈਡੀ ਤੱਕ ਸ਼ਿਕਾਇਤ
ਦਿਨਾਨਾਥ ਪ੍ਰਧਾਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸਿਰਫ਼ ਪ੍ਰੈੱਸ ਕਾਨਫਰੰਸ ਤੱਕ ਸੀਮਤ ਨਹੀਂ ਰੱਖਣਗੇ। ਉਨ੍ਹਾਂ ਮੁਤਾਬਕ ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਪੰਜਾਬ ਵਿਜੀਲੈਂਸ ਬਿਊਰੋ, ਮੁੱਖ ਮੰਤਰੀ ਦਫ਼ਤਰ, ਇਨਕਮ ਟੈਕਸ ਵਿਭਾਗ ਅਤੇ ਈਡੀ ਕੋਲ ਸ਼ਿਕਾਇਤ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਮਾਮਲੇ ਵਿੱਚ ਲੱਖਾਂ ਰੁਪਏ ਦੇ ਲੈਣ-ਦੇਣ ਦਾ ਮਾਮਲਾ ਵੀ ਜੁੜਿਆ ਹੋਇਆ ਹੈ। ਇਸ ਦਾਅਵੇ ਦੀ ਪੁਸ਼ਟੀ ਲਈ ਸਰਕਾਰੀ ਰਿਕਾਰਡ ਅਤੇ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਜ਼ਰੂਰੀ ਹੋਵੇਗੀ। ਮਾਮਲੇ ਸੰਬੰਧੀ ਸਬ ਰਜਿਸਟਰਾਰ-1 ਗੁਰਪ੍ਰੀਤ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਨਹੀਂ ਹੋ ਸਕੀ।
--
‘ਕੋਝੀ ਰਾਜਨੀਤੀ’, ਮਾਨਹਾਨੀ ਦਾ ਨੋਟਿਸ ਭੇਜਾਂਗੇ : ਰਾਜੂ
ਦੂਜੇ ਪਾਸੇ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਾਮਲੇ ਵਿੱਚ ਪਾਵਰ ਆਫ਼ ਅਟਾਰਨੀ ਤੋਂ ਇਲਾਵਾ ‘ਫੁੱਲ ਪੇਮੈਂਟ ਐਗਰੀਮੈਂਟ’ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ‘ਕੋਝੀ ਰਾਜਨੀਤੀ’ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜੂ ਮੁਤਾਬਕ ਜੇਕਰ ਕੋਈ ਗਲਤ ਕੰਮ ਹੋਇਆ ਹੁੰਦਾ ਤਾਂ ਜ਼ਮੀਨ ਮਾਲਕ ਦਾ ਪਰਿਵਾਰ ਇਤਰਾਜ਼ ਕਰਦਾ, ਜਦਕਿ ਉਨ੍ਹਾਂ ਦੇ ਉਸ ਪਰਿਵਾਰ ਨਾਲ ਚੰਗੇ ਸਬੰਧ ਹਨ। ਰਾਜੂ ਨੇ ਕਿਹਾ ਕਿ ਉਹ ਦੀਨਾਨਾਥ ਪ੍ਰਧਾਨ ਨੂੰ ਸੋਮਵਾਰ ਨੂੰ ਮਾਨਹਾਨੀ ਦਾ ਨੋਟਿਸ ਭੇਜਣਗੇ ਅਤੇ ਮਾਮਲਾ ਅਦਾਲਤ ਵਿੱਚ ਲੈ ਕੇ ਜਾਣਗੇ। ਹੁਣ ਇਸ ਮਾਮਲੇ ਵਿੱਚ ਮੁੱਖ ਸਵਾਲ ਇਹ ਹੈ ਕਿ ਰਜਿਸਟਰੀਆਂ ਵੇਲੇ ਪੇਸ਼ ਕੀਤੇ ਗਏ ਦਸਤਾਵੇਜ਼, ਪਾਵਰ ਆਫ਼ ਅਟਾਰਨੀ ਦੀ ਸਥਿਤੀ ਅਤੇ ਜ਼ਮੀਨ ਮਾਲਕ ਦੀ ਮੌਤ ਨਾਲ ਸਬੰਧਤ ਰਿਕਾਰਡ ਅਸਲ ਵਿੱਚ ਕੀ ਕਹਿੰਦੇ ਹਨ। ਇਨ੍ਹਾਂ ਦਸਤਾਵੇਜ਼ਾਂ ਦੀ ਅਧਿਕਾਰਤ ਜਾਂਚ ਤੋਂ ਬਾਅਦ ਹੀ ਦੋਸ਼ਾਂ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।