- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਸੰਕਟ ਸਰਕਾਰ ਦੀ ਨਾਕਾਮੀ ਦਾ ਨਤੀਜਾ: ਰਾਣਾ ਗੁਰਜੀਤ

ਤੇਜਿੰਦਰ ਦੌਰ ਥਿੰਦ ਪੰਜਾਬੀ ਜਾਗਰਣ ਜਲੰਧਰ
ਕਾਂਗਰਸ ਦੇ ਸੀਨੀਅਰ ਆਗੂ, ਕਪੂਰਥਲਾ ਦੇ ਵਿਧਾਇਕ ਤੇ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪੰਜਾਬ ’ਚ ਬਿਜਲੀ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਮੌਜੂਦਾ ਸੰਕਟ ਨੂੰ ਸਰਕਾਰ ਦੀ ਅਯੋਗਤਾ, ਤਜਰਬੇ ਦੀ ਘਾਟ ਅਤੇ ਕੁਪ੍ਰਬੰਧਨ ਦਾ ਨਤੀਜਾ ਦੱਸਦਿਆਂ ਕਿਹਾ ਕਿ ਇਸ ਦਾ ਖਮਿਆਜ਼ਾ ਕਿਸਾਨਾਂ, ਉਦਯੋਗਾਂ ਅਤੇ ਆਮ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਰਾਣਾ ਗੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਸਰਕਾਰ ਨੇ ਕਮਜ਼ੋਰ ਮੌਨਸੂਨ ਦੇ ਸੰਭਾਵੀ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਬਿਜਲੀ, ਕੋਲੇ ਦੇ ਸਟਾਕ ਅਤੇ ਗਰਿੱਡ ਪ੍ਰਬੰਧਨ ਲਈ ਲੋੜੀਂਦੀ ਤਿਆਰੀ ਨਹੀਂ ਕੀਤੀ। ਸਰਕਾਰੀ ਥਰਮਲ ਪਲਾਂਟਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਦੀ ਬਜਾਏ ਮਹਿੰਗੇ ਭਾਅ ’ਤੇ ਬਿਜਲੀ ਖਰੀਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲਹਿਰਾ ਮੁਹੱਬਤ, ਰੋਪੜ ਅਤੇ ਸ੍ਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਕੋਲ ਕ੍ਰਮਵਾਰ 13, 28 ਅਤੇ 18 ਦਿਨਾਂ ਦਾ ਕੋਲਾ ਸਟਾਕ ਮੌਜੂਦ ਹੈ। ਇਸ ਦੇ ਬਾਵਜੂਦ ਪਾਵਰ ਐਕਸਚੇਂਜ ਤੋਂ 10 ਰੁਪਏ ਤੋਂ ਵੱਧ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਘਰੇਲੂ ਉਤਪਾਦਨ ਲਗਭਗ 4 ਰੁਪਏ ਪ੍ਰਤੀ ਯੂਨਿਟ ਦੀ ਲਾਗਤ ਨਾਲ ਹੋ ਸਕਦਾ ਹੈ। ਸਾਬਕਾ ਬਿਜਲੀ ਮੰਤਰੀ ਨੇ ਪੀ.ਐਸ.ਪੀ.ਸੀ.ਐਲ ਦੀ ਬਕਾਇਆ ਸਬਸਿਡੀ ਨੂੰ ਲੈ ਕੇ ਵੀ ਸਵਾਲ ਚੁੱਕੇ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਪੂਰੀ ਬਕਾਇਆ ਰਕਮ ਜਾਰੀ ਨਾ ਕੀਤੇ ਜਾਣ ਕਾਰਨ ਪੀ.ਐੱਸ.ਪੀ.ਸੀ.ਐੱਲ ਨੂੰ ਰੋਜ਼ਾਨਾ ਦੇ ਖਰਚੇ ਪੂਰੇ ਕਰਨ ਲਈ ਕਰਜ਼ਾ ਲੈਣਾ ਪਿਆ ਹੈ। ਉਨ੍ਹਾਂ ਪੀ.ਐੱਸ.ਪੀ.ਸੀ.ਐੱਲ ਅਤੇ ਪੀਐੱਸਟੀਸੀਐੱਲ ਦੀ ਅਗਵਾਈ ਵਿੱਚ ਤਜਰਬੇਕਾਰ ਤਕਨੀਕੀ ਮਾਹਿਰਾਂ ਦੀ ਨਿਯੁਕਤੀ ਦੀ ਮੰਗ ਕੀਤੀ। ਰਾਣਾ ਗੁਰਜੀਤ ਸਿੰਘ ਨੇ ਸਰਕਾਰ ਤੋਂ ਬਿਜਲੀ ਪ੍ਰਬੰਧਨ ਸਬੰਧੀ ਵ੍ਹਾਈਟ ਪੇਪਰ ਜਾਰੀ ਕਰਨ, ਥਰਮਲ ਪਲਾਂਟਾਂ ਦੇ ਉਤਪਾਦਨ ਅਤੇ ਕੋਲੇ ਦੇ ਸਟਾਕ ਦਾ ਵੇਰਵਾ ਜਨਤਕ ਕਰਨ ਤੇ ਮਹਿੰਗੇ ਭਾਅ ’ਤੇ ਕੀਤੀ ਬਿਜਲੀ ਖਰੀਦ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਬਿਜਲੀ ਪ੍ਰਬੰਧ ’ਚ ਤੁਰੰਤ ਸੁਧਾਰ ਨਾ ਕੀਤਾ ਤਾਂ ਕਾਂਗਰਸ ਕਿਸਾਨਾਂ, ਉਦਯੋਗਪਤੀਆਂ ਅਤੇ ਆਮ ਲੋਕਾਂ ਦੇ ਨਾਲ ਮਿਲ ਕੇ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਸੰਘਰਸ਼ ਕਰੇਗੀ। ਇਸ ਮੌਕੇ ਐਮ.ਸੀ. ਰਾਣਾ ਦੀਪਕ ਸਲਵਾਨ, ਕੁਲਜੀਤ ਸਿੰਘ ਥਿੰਦ ਅਤੇ ਨਰੇਨ ਵਸ਼ਿਸ਼ਟ ਸਮੇਤ ਹੋਰ ਆਗੂ ਹਾਜ਼ਰ ਸਨ।