ਨਾਰਥ ‘ਚ ਸਿਆਸੀ ਯੂ-ਟਰਨ : ਭੰਡਾਰੀ ਲਈ ਤਾਕਤ ਜਾਂ ਚੁਣੌਤੀ ਬਣਨਗੇ ਢੱਲ ਨਾਰਥ ‘ਚ ਸਿਆਸੀ ਯੂ-ਟਰਨ : ਢੱਲ ਭੰਡਾਰੀ ਲਈ ਬਣਨਗੇ ਤਾਕਤ ਜਾਂ ਚੁਣੌਤੀ?
Publish Date: Thu, 03 Sep 2026 09:23 PM (IST)
Updated Date: Thu, 03 Sep 2026 09:25 PM (IST)
ਹਲਕਾ ਇੰਚਾਰਜ ਦੀ ਕੁਰਸੀ ਖੁੱਸਣ ਤੋਂ ਬਾਅਦ ਬਦਲਿਆ ਸਿਆਸੀ ਟਿਕਾਣਾ ‘ਆਪ’ ਦੀ ਲਹਿਰ ‘ਚ ਹਾਰ ਚੁੱਕੇ ਢੱਲ ਨੂੰ ਬੀਜੇਪੀ ‘ਚ ਸਿਆਸੀ ‘ਸੰਜੀਵਨੀ’ ਦੀ ਤਲਾਸ਼ ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਨਾਰਥ ਦੀ ਸਿਆਸਤ ’ਚ ਦਿਨੇਸ਼ ਢੱਲ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਕ ਪਾਸੇ ਆਮ ਆਦਮੀ ਪਾਰਟੀ ਲਈ ਇਸਨੂੰ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ, ਤਾਂ ਦੂਜੇ ਪਾਸੇ ਭਾਜਪਾ ਦੇ ਅੰਦਰ ਵੀ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਢੱਲ ਦਾ ਭਾਜਪਾ ’ਚ ਆਉਣਾ ਪਾਰਟੀ ਲਈ ਕਿੰਨਾ ਫਾਇਦੇਮੰਦ ਸਾਬਤ ਹੋਵੇਗਾ ਤੇ ਖੁਦ ਦਿਨੇਸ਼ ਢੱਲ ਦਾ ਸਿਆਸੀ ਕੱਦ ਇਸ ਨਾਲ ਕਿੰਨਾ ਵਧੇਗਾ? --- ਢੱਲ ਹਾਰ ਚੁੱਕੇ ਨੇ ਭੰਡਾਰੀ ਕੋਲੋਂ ਦਿਨੇਸ਼ ਢੱਲ ਕੋਈ ਨਵਾਂ ਸਿਆਸੀ ਚਿਹਰਾ ਨਹੀਂ ਹਨ। ਉਹ ਕਰੀਬ ਸਾਢੇ ਚਾਰ ਸਾਲ ਤੱਕ ਆਮ ਆਦਮੀ ਪਾਰਟੀ ’ਚ ਜਲੰਧਰ ਨਾਰਥ ਦੇ ਹਲਕਾ ਇੰਚਾਰਜ ਰਹੇ ਤੇ 2022 ’ਚ ਇਸੇ ਸੀਟ ਤੋਂ ‘ਆਪ’ ਦੀ ਟਿਕਟ ’ਤੇ ਚੋਣ ਵੀ ਲੜ ਚੁੱਕੇ ਹਨ ਪਰ ਉਸ ਸਮੇਂ ਜਦੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਲਹਿਰ ਚੱਲ ਰਹੀ ਸੀ, ਢੱਲ 32,685 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਸਨ। ਭਾਜਪਾ ਦੇ ਕੇਡੀ ਭੰਡਾਰੀ ਉਨ੍ਹਾਂ ਤੋਂ ਕਰੀਬ 5 ਹਜ਼ਾਰ ਵੋਟ ਅੱਗੇ ਰਹੇ ਸਨ, ਜਦਕਿ ਕਾਂਗਰਸ ਦੇ ਬਾਵਾ ਹੈਨਰੀ ਨੇ ਇਹ ਸੀਟ ਜਿੱਤੀ ਸੀ। ਦਿਲਚਸਪ ਗੱਲ ਇਹ ਹੈ ਕਿ ਜਿਸ ਭਾਜਪਾ ਨੂੰ ਹਰਾਉਣ ਲਈ ਢੱਲ 2022 ’ਚ ਮੈਦਾਨ ’ਚ ਉਤਰੇ ਸਨ, ਅੱਜ ਉਹੀ ਢੱਲ ਉਸੇ ਭਾਜਪਾ ’ਚ ਸ਼ਾਮਲ ਹੋ ਕੇ ਭੰਡਾਰੀ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। --- ਵਿਨੀਤ ਧੀਰ ’ਤੇ ਕੀ ਹੋਵੇਗਾ ਅਸਰ? ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਦਿਨੇਸ਼ ਢੱਲ ਦੀ ਥਾਂ ਜਲੰਧਰ ਦੇ ਮੇਅਰ ਵਿਨੀਤ ਧੀਰ ਨੂੰ ਨਾਰਥ ਹਲਕੇ ਦੀ ਕਮਾਨ ਸੌਂਪੀ ਸੀ। ਇਸ ਤੋਂ ਇਹ ਸੰਕੇਤ ਮਿਲਿਆ ਸੀ ਕਿ ਪਾਰਟੀ ਨਾਰਥ ‘ਚ ਨਵੇਂ ਸਿਆਸੀ ਚਿਹਰੇ ਤੇ ਨਵੀਂ ਲੀਡਰਸ਼ਿਪ ਨਾਲ ਅੱਗੇ ਵਧਣ ਦੀ ਤਿਆਰੀ ਕਰ ਰਹੀ ਹੈ। ਹੁਣ ਦਿਨੇਸ਼ ਢੱਲ ਦੇ ਭਾਜਪਾ ‘ਚ ਜਾਣ ਤੋਂ ਬਾਅਦ ਵਿਨੀਤ ਧੀਰ ਦੇ ਸਾਹਮਣੇ ਵੀ ਇਕ ਵੱਖਰੀ ਚੁਣੌਤੀ ਖੜ੍ਹੀ ਹੋ ਸਕਦੀ ਹੈ ਕਿਉਂਕਿ ਹੁਣ ਮੁਕਾਬਲਾ ਸਿਰਫ਼ ਭਾਜਪਾ ਬਨਾਮ ਆਮ ਆਦਮੀ ਪਾਰਟੀ ਦਾ ਨਹੀਂ ਰਹੇਗਾ, ਸਗੋਂ ‘ਆਪ’ ਛੱਡ ਕੇ ਗਏ ਇਕ ਅਜਿਹੇ ਆਗੂ ਨਾਲ ਵੀ ਹੋਵੇਗਾ, ਜੋ ਖੁਦ ਇਸੇ ਸੀਟ ਤੋਂ ਵਿਧਾਨ ਸਭਾ ਚੋਣ ਲੜ ਚੁੱਕਾ ਹੈ। --- ਇਹ ਵੀ ਬੈਠ ਚੁੱਕੇ ਨੇ ਭਾਜਪਾ ਦੀ ਝੋਲੀ ’ਚ ਦਿਨੇਸ਼ ਢੱਲ ਤੋਂ ਪਹਿਲਾਂ ਵੀ ਜਲੰਧਰ ਦੀ ਸਿਆਸਤ ’ਚ ਆਮ ਆਦਮੀ ਪਾਰਟੀ ਨੂੰ ਛੱਡਕੇ ਭਾਜਪਾ ’ਚ ਜਾਣ ਦਾ ਸਿਲਸਿਲਾ ਦੇਖਣ ਨੂੰ ਮਿਲ ਚੁੱਕਾ ਹੈ। 2024 ‘ਚ ਜਲੰਧਰ ਤੋਂ ‘ਆਪ’ ਦੇ ਤਤਕਾਲੀ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਜਲੰਧਰ ਵੈਸਟ ਤੋਂ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਇਕੱਠੇ ਭਾਜਪਾ ਦਾ ਦਾਮਨ ਫੜਿਆ ਸੀ। ਰਿੰਕੂ ਨੇ ਤਾਂ ਭਾਜਪਾ ‘ਚ ਜਾਣ ਤੋਂ ਕੁਝ ਦਿਨ ਪਹਿਲਾਂ ਹੀ ‘ਆਪ’ ਵੱਲੋਂ ਜਲੰਧਰ ਲੋਕ ਸਭਾ ਸੀਟ ਲਈ ਉਮੀਦਵਾਰ ਵਜੋਂ ਆਪਣਾ ਨਾਮ ਐਲਾਨਿਆ ਹੋਇਆ ਸੀ ਜਦਕਿ ਅੰਗੁਰਾਲ ਵੀ ਮੌਜੂਦਾ ਵਿਧਾਇਕ ਹੋਣ ਦੇ ਬਾਵਜੂਦ ਪਾਰਟੀ ਛੱਡ ਕੇ ਭਾਜਪਾ ‘ਚ ਚਲੇ ਗਏ ਸਨ।