- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਠਜੋੜ ਬਣਦਿਆਂ ਹੀ ਸਿਆਸੀ ਘਮਾਸਾਣ, ਭੰਡਾਰੀ-ਹੈਨਰੀ ‘ਭਿੜੇ’

-ਜਦੋਂ-ਜਦੋਂ ਗਠਜੋੜ ਹੋਇਆ ਤਾਂ ਸ਼ਿਕਸਤ ਹੀ ਮਿਲੀ : ਹੈਨਰੀ
-ਆਪਣੀਆਂ ਬੱਸਾਂ ਚਲਾਉਣ ਵੱਲ ਧਿਆਨ ਦੇਣ ਹੈਨਰੀ : ਭੰਡਾਰੀ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੁੰਦਿਆਂ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮਾਹੌਲ ਗਰਮਾਉਣ ਲੱਗਾ ਹੈ। ਜਲੰਧਰ ਨਾਰਥ ਵਿੱਚ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਵਤਾਰ ਹੈਨਰੀ (ਸੀਨੀਅਰ) ਅਤੇ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਹੁਣ ਤਿੱਖੇ ਸਿਆਸੀ ਹਮਲਿਆਂ ਤੱਕ ਪਹੁੰਚ ਗਈ ਹੈ। ਦੋਵਾਂ ਨੇਤਾਵਾਂ ਨੇ 2027 ਵਿੱਚ ਇਕ-ਦੂਜੇ ਨੂੰ ਸਿਆਸੀ ਤੌਰ ’ਤੇ ਪਛਾੜਨ ਦੇ ਦਾਅਵੇ ਕਰਦਿਆਂ ਆਪਣੇ ਵਿਰੋਧੀ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ।
-------------------------
ਹੈਨਰੀ ਨੇ ਗਠਜੋੜ ਦੇ ਪੁਰਾਣੇ ਚੋਣ ਨਤੀਜੇ ਗਿਣਾਏ
ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਨੇ ਅਕਾਲੀ-ਭਾਜਪਾ ਗਠਜੋੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪੰਜਾਬ ਦੇ ਵੋਟਰ ਬਹੁਤ ਸਿਆਣੇ ਹਨ। ਜਦੋਂ ਵੀ ਦੋਵਾਂ ਪਾਰਟੀਆਂ ਨੇ ਇਕੱਠੇ ਚੋਣ ਲੜੀ ਹੈ, ਉਨ੍ਹਾਂ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਬੰਧੀ ਉਨ੍ਹਾਂ 2002 ਅਤੇ 2017 ਦੀਆਂ ਚੋਣਾਂ ਦਾ ਹਵਾਲਾ ਦਿੱਤਾ। ਹੈਨਰੀ ਅਨੁਸਾਰ ਇਕ ਪਾਰਟੀ ਸਿੱਖਾਂ ਅਤੇ ਦੂਜੀ ਹਿੰਦੂ ਧਰਮ ਦੇ ਨਾਂ ’ਤੇ ਵੋਟਾਂ ਮੰਗਦੀ ਹੈ, ਜਦਕਿ ਕਾਂਗਰਸ ਸਾਰੇ ਧਰਮਾਂ ਅਤੇ ਜਾਤਾਂ ਨੂੰ ਨਾਲ ਲੈ ਕੇ ਚੱਲਦੀ ਹੈ। ਉਨ੍ਹਾਂ ਕਾਂਗਰਸ ਨੂੰ ਇਕੋ-ਇਕ ਧਰਮ ਨਿਰਪੱਖ ਪਾਰਟੀ ਦੱਸਿਆ। ਗਠਜੋੜ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕਦਿਆਂ ਹੈਨਰੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਇਕ-ਦੂਜੇ ਦੀ ਆਲੋਚਨਾ ਕਰਦੇ ਸਨ, ਪਰ ਹੁਣ ਮੁੜ ਇਕੱਠੇ ਹੋ ਕੇ ਸ਼ਲਾਘਾ ਕਰਨ ਲੱਗੇ ਹਨ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਬਿਆਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਉਹ ਦਿੱਲੀ ਦੀਆਂ ਪਾਰਟੀਆਂ ’ਤੇ ਭਰੋਸਾ ਨਾ ਕਰਨ ਅਤੇ ਸਥਾਨਕ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰਦੇ ਸਨ।
-------------------------------
ਕਿਸਾਨ ਅੰਦੋਲਨ ਤੇ 2017 ਦੀ ਹਾਰ ਦਾ ਚੁੱਕਿਆ ਮੁੱਦਾ
ਕਿਸਾਨ ਅੰਦੋਲਨ ਦਾ ਹਵਾਲਾ ਦਿੰਦਿਆਂ ਹੈਨਰੀ ਨੇ ਕਿਹਾ ਕਿ ਧਰਨੇ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋਈ ਸੀ, ਪਰ ਹੁਣ ਬਾਦਲ ਪਰਿਵਾਰ ਇਸ ਗੱਲ ਨੂੰ ਭੁੱਲਦਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਉਸ ਸਮੇਂ ਗਠਜੋੜ ਸਿੱਖਾਂ ਜਾਂ ਪੰਜਾਬੀਆਂ ਦੇ ਮੁੱਦੇ ਕਾਰਨ ਨਹੀਂ, ਸਗੋਂ ਸਿਆਸੀ ਕਾਰਨਾਂ ਕਰਕੇ ਤੋੜਿਆ ਗਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਅਕਾਲੀ-ਭਾਜਪਾ ਗਠਜੋੜ ਕਾਇਮ ਸੀ, ਫਿਰ ਵੀ ਹਲਕਾ ਨਾਰਥ ਤੋਂ ਉਹ 33 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰੇ ਸਨ। ਹੈਨਰੀ ਨੇ ਦੋਵਾਂ ਪਾਰਟੀਆਂ ਦੇ ਸਿਆਸੀ ਸਟੈਂਡ ਨੂੰ ਅਸਪੱਸ਼ਟ ਕਰਾਰ ਦਿੱਤਾ।
-----------------------------
ਭੰਡਾਰੀ ਦਾ ਜਵਾਬ, ਹੈਨਰੀ ਨੂੰ ਹੁਣ ਕੌਣ ਪੁੱਛਦਾ
ਦੂਜੇ ਪਾਸੇ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਹੈਨਰੀ ਦੇ ਬਿਆਨਾਂ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੌਣ ਪੁੱਛਦਾ ਹੈ ਅਤੇ ਕੌਣ ਸੁਣਦਾ ਹੈ। ਉਹ ਆਪਣੇ ਦਫ਼ਤਰ ਵਿੱਚ ਵੜ੍ਹ ਕੇ ਬੈਠੇ ਰਹਿੰਦੇ ਹਨ। ਭੰਡਾਰੀ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਗਠਜੋੜ ਤੋਂ ਬਾਅਦ ਹੈਨਰੀ ਪਰਿਵਾਰ ਅਤੇ ਆਮ ਆਦਮੀ ਪਾਰਟੀ ਘਬਰਾਈ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਮਿਹਨਤ ਨਾਲ ਕੰਮ ਕਰਕੇ 2027 ਦੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਦਾ ਕਿਲਾ ਫਤਿਹ ਕਰੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਉਤਰੀ ਹਲਕੇ ਵਿਚੋਂ ਬਿਸਤਰਾ ਗੋਲ ਹੋਣ ਦਾ ਸਮਾਂ ਲਾਗੇ ਆ ਚੁਕਾ ਹੈ।
----------------------------
ਰਾਹੁਲ ਸਾਡੇ ਮੰਡਲ ਪ੍ਰਧਾਨ ਦੇ ਬਰਾਬਰ ਵੀ ਨਹੀਂ
ਭੰਡਾਰੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਦੀ ਪਾਰਟੀ ਦੇ ਮੰਡਲ ਪ੍ਰਧਾਨ ਦੇ ਬਰਾਬਰ ਵੀ ਨਹੀਂ ਹਨ। ਉਨ੍ਹਾਂ ਦਾ ਦਾਅਵਾ ਸੀ ਕਿ ਰਾਹੁਲ ਭਾਜਪਾ ਦੇ ਛੋਟੇ ਜਿਹੇ ਵਰਕਰ ਨਾਲ ਵੀ ਬਹਿਸ ਨਹੀਂ ਕਰ ਸਕਦੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਕਾਬਲਾ ਕਰਨਾ ਤਾਂ ਦੂਰ ਦੀ ਗੱਲ ਹੈ। ਹੈਨਰੀ ’ਤੇ ਨਿੱਜੀ ਤਨਜ਼ ਕੱਸਦਿਆਂ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਬੱਸਾਂ ਚਲਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਹੁਣ ਸਿਆਸਤ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ।