- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਲੌਰ ਹਲਕੇ 'ਚ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਚੜ੍ਹਿਆ, ਹਰ ਪਾਰਟੀ 'ਚ ਟਿਕਟ ਲਈ ਦਾਅਵੇਦਾਰਾਂ ਦੀ ਲੰਮੀ ਕਤਾਰ

-'ਆਪ' ਵੱਲੋਂ ਹਰਜੋਤ ਕੌਰ ਲੋਹਟੀਆ ਨੂੰ ਉਮੀਦਵਾਰ ਐਲਾਨਣ ਮਗਰੋਂ ਦੂਜੀਆਂ ਪਾਰਟੀਆਂ 'ਚ ਵੀ ਹਲਚਲ ਤੇਜ਼
ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ :
ਫਿਲੌਰ ਵਿਧਾਨ ਸਭਾ ਹਲਕੇ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੁਣ ਤੋਂ ਹੀ ਤੇਜ਼ ਹੋਣ ਲੱਗ ਪਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਹਰਜੋਤ ਕੌਰ ਲੋਟੀਆ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਲਕੇ ਦੀ ਸਿਆਸਤ ’ਚ ਨਵੀਂ ਹਲਚਲ ਪੈਦਾ ਹੋ ਗਈ ਹੈ। 'ਆਪ' ਨੇ ਸਮੇਂ ਤੋਂ ਪਹਿਲਾਂ ਪੱਤਾ ਖੋਲ੍ਹ ਕੇ ਦੂਜੀਆਂ ਪਾਰਟੀਆਂ ਸਾਹਮਣੇ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਸਾਰੀਆਂ ਵਿਰੋਧੀ ਪਾਰਟੀਆਂ ’ਚ ਵੀ ਟਿਕਟ ਦੀ ਦੌੜ ਤੇਜ਼ ਹੋਣ ਲੱਗੀ ਹੈ। ਕਈ ਆਗੂ ਹਲਕੇ ’ਚ ਆਪਣੀਆਂ ਸਰਗਰਮੀਆਂ ਵਧਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦਾ ਨਾਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਸਾਹਮਣੇ ਆ ਰਿਹਾ ਹੈ। ਖਹਿਰਾ ਪਹਿਲਾਂ ਵੀ ਫਿਲੌਰ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਹਲਕੇ ’ਚ ਉਨ੍ਹਾਂ ਦਾ ਆਪਣਾ ਸਿਆਸੀ ਆਧਾਰ ਮੰਨਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਹਾਈਕਮਾਂਡ ਮੁੜ ਉਨ੍ਹਾਂ 'ਤੇ ਭਰੋਸਾ ਜਤਾਉਂਦੀ ਹੈ।
ਕਾਂਗਰਸ ਪਾਰਟੀ ’ਚ ਵੀ ਟਿਕਟ ਨੂੰ ਲੈ ਕੇ ਮੁਕਾਬਲਾ ਦਿਲਚਸਪ ਬਣਦਾ ਦਿਖਾਈ ਦੇ ਰਿਹਾ ਹੈ। ਮੌਜੂਦਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਦੇ ਨਾਂ ਚਰਚਾ ’ਚ ਹਨ। ਚੌਧਰੀ ਸਾਬਕਾ ਸੰਸਦ ਮੈਂਬਰ ਮਰਹੂਮ ਸੰਤੋਖ ਸਿੰਘ ਚੌਧਰੀ ਦੇ ਪੁੱਤਰ ਹਨ ਤੇ ਲੰਮੇ ਸਮੇਂ ਤੋਂ ਕਾਂਗਰਸ ਦੀ ਸਿਆਸਤ ’ਚ ਸਰਗਰਮ ਹਨ। ਦੂਜੇ ਪਾਸੇ ਰਜਿੰਦਰ ਸੰਧੂ ਵੀ ਪਿਛਲੇ ਕੁਝ ਸਮੇਂ ਤੋਂ ਫਿਲੌਰ ਹਲਕੇ ’ਚ ਸਿਆਸੀ ਸਰਗਰਮੀਆਂ ਤੇਜ਼ ਕਰ ਰਹੇ ਹਨ। ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ। ਬਾਅਦ ’ਚ ਉਹ ਕਾਂਗਰਸ ’ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਸਿਆਸੀ ਧੜੇ ਨਾਲ ਜੁੜਿਆ ਹੋਇਆ ਵੀ ਮੰਨਿਆ ਜਾਂਦਾ ਹੈ। ਬਸਪਾ ਵੱਲੋਂ ਹਲਕਾ ਇੰਚਾਰਜ ਖੁਸ਼ੀ ਰਾਮ ਦਾ ਨਾਂ ਵੀ ਸੰਭਾਵੀ ਉਮੀਦਵਾਰ ਵਜੋਂ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਦੇ ਨਾਂ ਦੀ ਵੀ ਚਰਚਾ ਹੈ। ਹਾਲਾਂਕਿ ਦੋਵਾਂ ’ਚੋਂ ਕਿਸੇ ਇੱਕ ਨੂੰ ਮੈਦਾਨ ’ਚ ਉਤਾਰਨ ਜਾਂ ਕਿਸੇ ਹੋਰ ਚਿਹਰੇ ਨੂੰ ਮੌਕਾ ਦੇਣ ਬਾਰੇ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਹੀ ਲਿਆ ਜਾਣਾ ਹੈ।
ਭਾਜਪਾ ਵੱਲੋਂ ਵੀ ਫਿਲੌਰ ਹਲਕੇ ’ਚ ਸਿਆਸੀ ਪਕੜ ਮਜ਼ਬੂਤ ਕਰਨ ਲਈ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਵੱਲੋਂ ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਕਲੇਰ ਦਾ ਨਾਂ ਸੰਭਾਵੀ ਦਾਅਵੇਦਾਰਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਲੇਰ ਪਹਿਲਾਂ ਵੀ ਫਿਲੌਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਵਿਧਾਇਕ ਵਜੋਂ ਸਿਆਸੀ ਪਾਰੀ ਖੇਡ ਚੁੱਕੇ ਹਨ। ਉਨ੍ਹਾਂ ਦੇ ਪੁਰਾਣੇ ਸਿਆਸੀ ਤਜਰਬੇ ਤੇ ਹਲਕੇ ਨਾਲ ਜੁੜਾਅ ਨੂੰ ਦੇਖਦਿਆਂ ਉਨ੍ਹਾਂ ਦਾ ਨਾਂ ਭਾਜਪਾ ਦੇ ਸੰਭਾਵੀ ਚਿਹਰਿਆਂ ’ਚ ਲਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਫਿਲੌਰ ਹਲਕੇ ’ਚ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਪਾਰਟੀ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਖਾਲਿਸਤਾਨੀ ਦਾ ਨਾਂ ਸੰਭਾਵੀ ਉਮੀਦਵਾਰ ਵਜੋਂ ਚਰਚਾ ’ਚ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਵੀ ਫਿਲੌਰ ਹਲਕੇ ’ਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ।
ਹਾਲਾਂਕਿ ਵਾਰਸ ਪੰਜਾਬ ਦੇ ਵੱਲੋਂ ਅਜੇ ਤੱਕ ਕਿਸੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਇਕ ਚਿਹਰੇ ਦੀ ਦਾਅਵੇਦਾਰੀ ਸਪੱਸ਼ਟ ਤੌਰ 'ਤੇ ਸਾਹਮਣੇ ਆਈ ਹੈ। ‘ਆਪ’ ਨੇ ਹਰਜੋਤ ਕੌਰ ਲੋਟੀਆ ਨੂੰ ਟਿਕਟ ਦੇ ਕੇ ਪੱਤਾ ਖੋਲ੍ਹ ਦਿੱਤਾ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਫਿਲੌਰ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉੱਧਰ, ਪਾਰਟੀ ਦੇ ਪਹਿਲਾਂ ਹਲਕੇ ’ਚ ਸਰਗਰਮ ਰਹੇ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਟਿਕਟ ਕੱਟੇ ਜਾਣ ਨੂੰ ਵੀ ਸਿਆਸੀ ਹਲਕਿਆਂ ’ਚ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਕੁੱਲ ਮਿਲਾ ਕੇ ਫਿਲੌਰ ਦੀ ਸਿਆਸਤ ’ਚ ਇਸ ਵਾਰ ਚੋਣੀ ਮੁਕਾਬਲਾ ਕਈ ਪੱਖਾਂ ਤੋਂ ਦਿਲਚਸਪ ਬਣਨ ਦੇ ਆਸਾਰ ਹਨ।