ਪੁਲਿਸ ਡੀਏਵੀ ਦੇ ਵਿਦਿਆਰਥੀਆਂ ਨੇ ਗੱਡੇ ਸਫਲਤਾ ਦੇ ਝੰਡੇ ਪੁਲਿਸ ਡੀਏਵੀ ਦੇ ਵਿਦਿਆਰਥੀਆਂ ਨੇ 'ਸਾਈਨਰਜੀ 2026' ’ਚ ਸਫਲਤਾ ਦੇ ਝੰਡੇ ਗੱਡੇ
Publish Date: Tue, 13 Oct 2026 08:59 PM (IST)
Updated Date: Tue, 13 Oct 2026 09:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਜਲੰਧਰ ਛਾਉਣੀ ਦੇ ਵਿਦਿਆਰਥੀਆਂ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ ਤੇ 10 ਅਕਤੂਬਰ 2026 ਨੂੰ ਐੱਚਐੱਮਵੀ ਵੱਲੋਂ ਕਰਵਾਈ ਸਾਈਨਰਜੀ ’ਚ ਮਨੋਵਿਗਿਆਨ ਪ੍ਰਸ਼ਨੋਤਰੀ (ਸਾਈਕੋਲੋਜੀ ਕੁਇਜ਼) ’ਚ ਪਹਿਲਾ ਇਨਾਮ ਤੇ ਵਾਦ-ਵਿਵਾਦ ਮੁਕਾਬਲੇ (ਡਿਬੇਟ) ’ਚ ਦੂਜਾ ਇਨਾਮ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਅਰਪਿਤਾ, ਮਿਤਾਰਥੀ ਤੇ ਸੀਆ ਨੇ ਕੁਇਜ਼ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਏਂਜਲ ਤੇ ਗਨਿਮ ਨੇ ਵਾਦ-ਵਿਵਾਦ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਵਿਦਿਆਰਥੀਆਂ ਨੇ ਆਪਣੇ ਸ਼ਲਾਘਾਯੋਗ ਪ੍ਰਦਰਸ਼ਨ ਰਾਹੀਂ ਮਾਨਸਿਕ ਸਿਹਤ ਪ੍ਰਤੀ ਆਪਣੀ ਜਾਗਰੂਕਤਾ, ਡੂੰਘੇ ਗਿਆਨ, ਵਿਚਾਰਸ਼ੀਲਤਾ ਤੇ ਸ਼ਾਨਦਾਰ ਸੰਚਾਰ ਕੌਸ਼ਲ ਦਾ ਪ੍ਰਗਟਾਵਾ ਕੀਤਾ। ਇਹ ਪ੍ਰਾਪਤੀ ਮਾਨਸਿਕ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਤੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਰਚਨਾਤਮਕਤਾ ਤੇ ਸਰਵਪੱਖੀ ਵਿਕਾਸ ਨੂੰ ਨਿਖਾਰਨ ਪ੍ਰਤੀ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਦੇ ਲਗਾਤਾਰ ਮਾਰਗਦਰਸ਼ਨ ਤੇ ਹੌਸਲਾ-ਅਫ਼ਜ਼ਾਈ ਨੇ ਇਸ ਸਫਲਤਾ ’ਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਤੇ ਸਮਰਪਿਤ ਅਧਿਆਪਕ ਵਰਗ ਨੂੰ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਤੇ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।