- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਦਮਪੁਰ ’ਚ ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਵੱਡਾ ਸਰਚ ਅਪ੍ਰੇਸ਼ਨ, ਕਈ ਇਲਾਕਿਆਂ ’ਚ ਕੀਤੀ ਚੈਕਿੰਗ

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪੁਲਿਸ ਵੱਲੋਂ ਬੁੱਧਵਾਰ ਆਦਮਪੁਰ ’ਚ ਨਸ਼ੇ ਦੇ ਨੈੱਟਵਰਕ ਦੇ ਖਾਤਮੇ ਲਈ ਜਾਂਚ ਮੁਹਿੰਮ ਚਲਾਈ ਗਈ। ਇਸ ਜਾਂਚ ਟੀਮ ਦੀ ਅਗਵਾਈ ਜਲੰਧਰ ਦੇ ਐੱਸਪੀ ਤਜਿੰਦਰ ਸਿੰਘ, ਡੀਐੱਸਪੀ ਰਾਜੀਵ ਕੁਮਾਰ ਆਦਮਪੁਰ, ਐੱਸਡੀਐੱਮ ਲਾਲ ਵਿਸ਼ਵਾਸ਼ ਬੈਂਸ ਆਦਮਪੁਰ ਸਮੇਤ ਵੱਲੋਂ ਭਾਰੀ ਪੁਲਿਸ ਪਾਰਟੀ ਸਮੇਤ ਅਚਨਚੇਤ ਛਾਪੇਮਾਰੀ ਤੇ ਚੈਕਿੰਗ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਐੱਸਪੀ ਤਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਵਾਰਡ ਨੰਬਰ 2, ਬੇਗਮਪੁਰਾ ਮੁਹੱਲਾ ਦੀ ਘੇਰਾਬੰਦੀ ਕਰਕੇ ਸ਼ੱਕੀ ਘਰਾਂ ਤੇ ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ।
ਪੁਲਿਸ ਪ੍ਰਸ਼ਾਸਨ ਦਾ ਇਹ ਸਖ਼ਤ ਰੁਖ਼ ਦੇਖਦਿਆਂ ਇਲਾਕੇ ਦੇ ਲੋਕਾਂ ’ਚ ਪ੍ਰਸ਼ਾਸਨ ਪ੍ਰਤੀ ਭਰੋਸਾ ਵਧਿਆ ਹੈ ਤੇ ਉਨ੍ਹਾਂ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਲਾਕੇ ’ਚ ਨਸ਼ਾ ਵੇਚਣ ਜਾਂ ਗ਼ੈਰ-ਕਾਨੂੰਨੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਤੇ ਆਉਣ ਵਾਲੇ ਦਿਨਾਂ ’ਚ ਅਜਿਹੀਆਂ ਕਾਰਵਾਈਆਂ ਹੋਰ ਵੀ ਸਖ਼ਤੀ ਨਾਲ ਜਾਰੀ ਰਹਿਣਗੀਆਂ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਮੁਹੱਲਾ ਵਾਸੀਆਂ ਨੇ ਦੱਸਿਆ ਹੈ ਕਿ ਜੇਕਰ ਕਿਸੇ ਨਸ਼ਾ ਤਸਕਰ ਦੀ ਸ਼ਿਕਾਇਤ ਕਰਦੇ ਹਾਂ ਤਾਂ ਉਹ ਵਿਅਕਤੀ ਉਲਟ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਇਸ ਬਾਰੇ ਕਈ ਵਾਰ ਅਸੀਂ ਪੁਲਿਸ ਨੂੰ ਸ਼ਿਕਾਇਤ ਦੇ ਚੁੱਕੇ ਹਾਂ ਪਰ ਠੋਸ ਕਾਰਵਾਈ ਨਹੀਂ ਹੋਈ।