ਪੰਜਾਬ ਪੁਲਿਸ ਅਕੈਡਮੀ ’ਚ ਪੁਲਿਸ ਕਮੈਮੋਰੇਸ਼ਨ ਡੇ ਮਨਾਇਆ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਪੁਲਿਸ ਕਮੈਮੋਰੇਸ਼ਨ ਡੇ ਮਨਾਇਆ
Publish Date: Wed, 21 Oct 2026 06:20 PM (IST)
Updated Date: Wed, 21 Oct 2026 06:21 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਪੰਜਾਬ ਪੁਲਿਸ ਅਕੈਡਮੀ ਮਹਾਰਾਜਾ ਰਣਜੀਤ ਸਿੰਘ ਵਿਖੇ 21 ਅਕਤੂਬਰ 2026 ਨੂੰ ਪੁਲਿਸ ਕਮੈਮੋਰੇਸ਼ਨ ਡੇ ਮਨਾਇਆ ਗਿਆ। ਇਸ ਮੌਕੇ ਡਿਊਟੀ ਦੌਰਾਨ ਦੇਸ਼ ਤੇ ਲੋਕਾਂ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਰਸਮੀ ਪਰੇਡ ਨਾਲ ਹੋਈ। ਇਸ ਦੌਰਾਨ ਡਿਊਟੀ ਨਿਭਾਉਂਦਿਆਂ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਨਾਂ ਪੜ੍ਹ ਕੇ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ। ਇਸ ਉਪਰੰਤ ਅਕੈਡਮੀ ਦੇ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿੱਥੇ ਅਕੈਡਮੀ ਦੇ ਡਾਇਰੈਕਟਰ ਧਨਪ੍ਰੀਤ ਕੌਰ, ਆਈਪੀਐੱਸ, ਸਮੇਤ ਹੋਰ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਅਕੈਡਮੀ ਦੇ ਡਾਇਰੈਕਟਰ ਧਨਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਦੀ ਵਰਦੀ ਪਹਿਨਣਾ ਮਾਣ ਤੇ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਪੁਲਿਸ ਮੁਲਾਜ਼ਮਾਂ ਦੀਆਂ ਮਹਾਨ ਕੁਰਬਾਨੀਆਂ ਸਾਨੂੰ ਹਮੇਸ਼ਾ ਆਪਣੀ ਡਿਊਟੀ ਇਮਾਨਦਾਰੀ, ਸੰਵੇਦਨਸ਼ੀਲਤਾ ਤੇ ਪੇਸ਼ੇਵਰ ਵਚਨਬੱਧਤਾ ਨਾਲ ਨਿਭਾਉਣ ਦੀ ਪ੍ਰੇਰਨਾ ਦਿੰਦੀਆਂ ਰਹਿਣਗੀਆਂ। ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਸ਼ਹੀਦਾਂ ਦੇ ਜੀਵਨ ਤੇ ਕੁਰਬਾਨੀਆਂ ਤੋਂ ਸਿੱਖਿਆ ਲੈਂਦਿਆਂ ਲੋਕਾਂ ਦੀ ਸੇਵਾ ਪੂਰੀ ਨਿਸ਼ਠਾ ਨਾਲ ਕਰਨ ਦਾ ਸੱਦਾ ਦਿੱਤਾ। ਸਮਾਗਮ ’ਚ ਅਮਨਦੀਪ ਕੌਰ, ਪੀਪੀਐੱਸ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਅਸ਼ੋਕ ਕੁਮਾਰ, ਪੀਪੀਐੱਸ, ਡੀਐੱਸਪੀ (ਪ੍ਰਸ਼ਾਸਨ) ਸਮੇਤ ਅਕੈਡਮੀ ਦੇ ਹੋਰ ਪੁਲਿਸ ਅਧਿਕਾਰੀ, ਕਰਮਚਾਰੀ, ਸਟਾਫ਼ ਮੈਂਬਰ ਤੇ ਸਿਖਿਆਰਥੀ ਹਾਜ਼ਰ ਸਨ। ਸਮਾਗਮ ਦੇ ਅਖੀਰ ’ਚ ਸ਼ਹੀਦ ਪੁਲਿਸ ਮੁਲਾਜ਼ਮਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਤੇ ਦੇਸ਼ ਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਸਮਰਪਿਤ ਰਹਿਣ ਦਾ ਸੰਦੇਸ਼ ਦਿੱਤਾ ਗਿਆ।