- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ’ਚ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ

-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀਆਂ ਸੇਵਾਵਾਂ ਦਿੱਤੀ ਜਾਣਕਾਰੀ
-ਸਵੈ-ਰੋਜ਼ਗਾਰ ਤਹਿਤ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਕਰਜ਼ਿਆਂ ਬਾਰੇ ਦੱਸਿਆ
ਪੱਤਰ ਪ੍ਰੇਰਕ, ਪੰਜਾਬ ਜਾਗਰਣ, ਜਲੰਧਰ
ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ’ਚ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਤੇ ਮਾਡਲ ਕਰੀਅਰ ਸੈਂਟਰ, ਜਲੰਧਰ ਦੀ ਟੀਮ ਵੱਲੋਂ ਅੱਜ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਵਿਸ਼ੇਸ਼ ਕਰੀਅਰ ਕੌਂਸਲਿੰਗ ਸੈਸ਼ਨ ਕਰਵਾਇਆ ਗਿਆ। ਸੈਸ਼ਨ ਦੌਰਾਨ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਕਰੀਅਰ ਪਲਾਨਿੰਗ ਸਬੰਧੀ ਵਿਦਿਆਰਥੀਆਂ ਨਾਲ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਉਪਰੰਤ ਭਾਰਤੀ ਫੌਜ ਤੋਂ ਜ਼ੋਨਲ ਭਰਤੀ ਅਫ਼ਸਰ ਕਰਨਲ ਰਸ਼ਮੀ ਨਾਰਾਇਣ ਵੱਲੋਂ ਵਿਦਿਆਰਥੀਆਂ ਨੂੰ ਅਗਨੀਵੀਰ ਭਰਤੀ ਰੈਲੀਆਂ ਬਾਬਤ ਵਿਸਥਾਰ ’ਚ ਜਾਣਕਾਰੀ ਦਿੰਦੇ ਹੋਏ ਫੌਜ ’ਚ ਬਤੌਰ ਅਗਨੀਵੀਰ ਭਰਤੀ ਹੋਣ ਲਈ ਲੋੜੀਂਦੀ ਵਿੱਦਿਅਕ ਯੋਗਤਾ, ਸਰੀਰਕ ਮਾਪਦੰਡ, ਅਪਲਾਈ ਕਰਨ ਦੀ ਵਿਧੀ ਤੇ ਭਰਤੀ ਸ਼ਡਿਊਲ ਬਾਰੇ ਜਾਣਕਾਰੀ ਦਿੱਤੀ ਗਈ। ਕਰੀਅਰ ਕੌਂਸਲਰ ਗੌਰਵ ਕੁਮਾਰ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ’ਚ ਮੌਜੂਦ ਰੋਜ਼ਗਾਰ ਦੇ ਮੌਕਿਆਂ ਤੋਂ ਜਾਣੂ ਕਰਵਾਇਆ ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਸਵੈ-ਰੋਜ਼ਗਾਰ ਸਕੀਮਾਂ ਤਹਿਤ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਕਰਜ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਦੱਸਿਆ ਗਿਆ। ਸੈਸ਼ਨ ’ਚ ਪ੍ਰਿੰਸੀਪਲ ਅਰਸ਼ਦੀਪ ਕੌਰ, ਜ਼ਿਲ੍ਹਾ ਗਾਈਡੈਂਸ ਕੌਂਸਲਰ ਨਰਿੰਦਰ ਭਗਤ, ਲੈਕਚਰਾਰ ਨਰੇਸ਼ ਕੁਮਾਰ ਸਰੋਆ ਤੇ ਲੈਕਚਰਾਰ ਹਰਿੰਦਰ ਸਿੰਘ ਵੀ ਮੌਜੂਦ ਸਨ।