- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਕੱਲ੍ਹ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ , ਢਿੱਲੋਂ

ਭਾਜਪਾ ਪ੍ਰਧਾਨ ਨੇ ਉਦਘਾਟਨੀ ਸਮਾਗਮ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਆਪਣੀ ਜਲੰਧਰ ਫੇਰੀ ਦੌਰਾਨ ਪੰਜਾਬ ਨੂੰ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਾ ਐਲਾਨ ਕਰਨਗੇ। ਇਹ ਇੰਕਸ਼ਾਫ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੇ 17 ਜੁਲਾਈ ਦੇ ਕੈਂਟ ਸਟੇਸ਼ਨ ਦੇ ਉਦਾਘਟਨ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੁਲਿਸ-ਜ਼ਿਲ੍ਹਾ ਪ੍ਰਸ਼ਾਸਨ ਤੇ ਰੇਲ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਪੂਰੀ ਪੰਜਾਬ ਭਾਜਪਾ ਤੇ ਸਾਰੇ ਪੰਜਾਬੀ ਉਡੀਕ ’ਚ ਹਨ। ਜਦੋਂ ਵੀ ਪੀਐੱਮ ਪੰਜਾਬ ਆਉਂਦੇ ਹਨ, ਸੂਬੇ ਲਈ ਕੋਈ ਨਾ ਕੋਈ ਵੱਡਾ ਤੋਹਫ਼ਾ ਲੈ ਕੇ ਆਉਂਦੇ ਹਨ।
ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਇਸ ਦੌਰੇ ਦੌਰਾਨ ਪੰਜਾਬ ਦੇ ਚਾਰ ਵੱਡੇ ਰੇਲਵੇ ਸਟੇਸ਼ਨਾਂ ਜਲੰਧਰ, ਮੋਹਾਲੀ, ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨਵੀਨੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਸਟੇਸ਼ਨਾਂ ਨੂੰ ਪੂਰੀ ਤਰ੍ਹਾਂ ਵਿਸ਼ਵ ਪੱਧਰੀ ਬਣਾਇਆ ਜਾ ਰਿਹਾ ਹੈ, ਜਿੱਥੇ ਆਧੁਨਿਕ ਵੇਟਿੰਗ ਹਾਲ, ਮੁਫ਼ਤ ਵਾਈ-ਫਾਈ, ਅਪਗ੍ਰੇਡ ਕੀਤੇ ਪਲੇਟਫਾਰਮ, ਫੂਡ ਕੋਰਟ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਸਹੂਲਤ ਲਈ ਐਸਕੇਲੇਟਰ ਸਮੇਤ ਹੋਰ ਕਈ ਹਾਈਟੈਕ ਸਹੂਲਤਾਂ ਮਿਲਣਗੀਆਂ। ਇਸੇ ਦੌਰਾਨ ਜਲੰਧਰ ’ਚ ਖਾਸ ਤੌਰ 'ਤੇ 'ਸੰਤ ਰਵਿਦਾਸ ਜੀ ਐਕਸਪ੍ਰੈੱਸ' ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।
ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਸੂਬੇ ਦੇ ਵਿਕਾਸ ਲਈ ਹੋਰ ਵੀ ਕਈ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਦਾ ਵਿਸਥਾਰ ਕਰਦੇ ਹੋਏ ਪੀ.ਜੀ.ਆਈ. ਚੰਡੀਗੜ੍ਹ ’ਚ ਵੀ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਇੱਕ ਮਲਟੀਪਰਪਜ਼ ਆਡੀਟੋਰੀਅਮ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਦਾ ਇੱਕੋ-ਇੱਕ ਮੁੱਖ ਟੀਚਾ ਭਾਰਤ ਨੂੰ ਦੁਨੀਆ ਦਾ ਨੰਬਰ-1 ਮੁਲਕ ਬਣਾਉਣਾ ਹੈ, ਜਿਸ ਵਿੱਚ ਪੰਜਾਬ ਦੀ ਤਰੱਕੀ ਬੇਹੱਦ ਅਹਿਮ ਯੋਗਦਾਨ ਪਾਵੇਗੀ। ਪੰਜਾਬ’ਚ ਅੱਜ ਜੋ ਵੀ ਵਿਕਾਸ ਹੋ ਰਿਹਾ ਹੈ ਉਹ ਕੇਂਦਰ ਦੀਆਂ ਸਕੀਮਾਂ ਨਾਲ ਹੋ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਭਾਜਪਾ ਦੀ ਇਸ ਵਿਕਾਸ ਯਾਤਰਾ ਦਾ ਸਾਥ ਦੇਣ ਲਈ ਤਿਆਰ ਹਨ।