- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਦੇ ਕੈਂਟ ਦੇ ਉਦਘਾਟਨ ਨੂੰ ਲੈ ਕੇ ਐਸਪੀਜੀ ਸਮੇਤ ਤਮਾਮ ਸੁੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਤਿਆਰੀਆਂ ਦਾ ਲਿਆ ਜਾਇਜ਼ਾ
ਪਹਿਲਾਂ ਆਦਮਪੁਰ ਹਵਾਈ ਅੱਡੇ ’ਤੇ ਹੈਲੀਕਾਪਟਰ ਰਾਹੀਂ ਪੁੱਜਣਗੇ ਫਿਰ ਪੀਏਪੀ
ਅੰਮ੍ਰਿਤਸਰ-ਵਾਰਾਨਸੀ ਸੰਤ ਰਵਿਦਾਸ ਰੇਲ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ
---
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਦੇ ਕੈਂਟ ਸਟੇਸ਼ਨ ਦੇ ਉਦਘਾਟਨ ਨੂੰ ਲੈ ਕੇ ਮੰਗਲਵਾਰ ਨੂੰ ਐੱਸਪੀਜੀ ਸਮੇਤ ਤਮਾਮ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਦੀ ਆਮਦ ਸਬੰਧੀ ਪ੍ਰੋਗਰਾਮ ਅਨੁਸਾਰ ਉਹ ਦੁਪਹਿਰ ਬਾਅਦ 3.40 ਵਜੇ ਆਦਮਪੁਰ ਹਵਾਈ ਅੱਡੇ ’ਤੇ ਉਤਰਨਗੇ ਤੇ ਉਥੋਂ ਹੈਲੀਕਾਪਟਰ ਰਾਹੀਂ ਪੀਏਪੀ ਗਰਾਉਂਡ ਦੇ ਹੈਲੀਪੈਡ ’ਤੇ ਉਤਰਨਗੇ। ਉਸ ਦੇ ਬਾਅਦ ਉਹ ਸੜਕੀ ਮਾਰਗ ਰਾਹੀਂ 3.55 ਵਜੇ ਕੈਂਟ ਸਟੇਸ਼ਨ ਪੁੱਜਣਗੇ, ਜਿਥੇ ਉਹ ਕੈਂਟ ਸਟੇਸ਼ਨ ਸਮੇਤ 75 ਸਟੇਸ਼ਨਾਂ ਦਾ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਵਰਚੁਅਲ ਉਦਘਾਟਨ ਕਰਨਗੇ, ਉਥੇ ਜਲੰਧਰ ਸਿਟੀ ਸਟੇਸ਼ਨ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਦਘਾਟਨ ਮਗਰੋਂ ਪ੍ਰਧਾਨ ਮੰਤਰੀ ਕੈਂਟ ਸਟੇਸ਼ਨ ਦੇ ਬਾਹਰ ਰੈਲੀ ਨੂੰ ਵੀ ਸੰਬੋਧਨ ਕਰਨਗੇ•। ਇਸ ਦੌਰਾਨ ਉਹ ਅੰਮ੍ਰਿਤਸਰ-ਵਾਰਾਨਸੀ ਲਈ ਚਲਾਈ ਜਾਣ ਵਾਲੀ ਸੰਤ ਰਵਿਦਾਸ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪ੍ਰਧਾਨ ਮੰਤਰੀ ਦੀ ਆਮਦ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਵੀ ਕੈਂਟ ਸਟੇਸ਼ਨ ’ਤੇ ਪੁੱਜੇ ਤੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਸਾਰੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਮੀਟਿੰਗ ਵੀ ਕੀਤੀ। ਪ੍ਰਧਾਨ ਮੰਤਰੀ ਦੇ ਕੈਂਟ ਸਟੇਸਨ ਦੇ ਉਦਘਾਟਨ ਨੂੰ ਲੈ ਕੇ ਰੇਲ ਅਧਿਕਾਰੀ ਦਿਨ ਰਾਤ ਤਿਆਰੀਆਂ ’ਚ ਲੱਗੇ ਹੋਏ ਹਨ ਤੇ ਸਟੇਸ਼ਨ ਦੇ ਆਲੇ-ਦੁਆਲੇ ਨਾਜਾਇਜ਼ ਕਬਜ਼ੇ ਹਟਾਏ ਗਏ ਹਨ।
---
ਕੁਝ ਸਮੇਂ ਲਈ ਲਿਆ ਜਾਏਗਾ ਬਲਾਕ
ਪ੍ਰਧਾਨ ਮੰਤਰੀ ਦੀ ਆਮਦ ’ਤੇ ਸੁਰੱਖਿਆ ਨੂੰ ਲੈ ਕੇ ਪਹਿਲਾਂ ਤੇ ਬਾਅਦ ਤੱਕ ਕੁਝ ਸਮੇਂ ਲਈ ਕੈਂਟ ਆਉਣ ਵਾਲੀਆਂ ਰੇਲਾਂ ਲਈ ਬਲਾਕ ਲਿਆ ਜਾ ਸਕਦਾ ਹੈ ਤੇ ਉਦਘਾਟਨ ਦੌਰਾਨ ਆਉਣ-ਜਾਣ ਵਾਲੀਆਂ ਗੱਡੀਆਂ ਨੂੰ ਕਝ ਸਮੇਂ ਲਈ ਪਿਛਲੇ ਸਟੇਸ਼ਨਾਂ ’ਤੇ ਰੋਕਿਆ ਜਾ ਸਕਦਾ ਹੈ। ਨਾਲ ਹੀ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ਵੀ ਰੋਕੀ ਜਾ ਸਕਦੀ ਹੈ। ਕੈਂਟ ਸਟੇਸ਼ਨ ਨੂੰ ਆਉਣ ਜਾਣ ਵਾਲੇ ਰਸਤੇ ਨੂੰ ਨਗਰ ਨਿਗਮ ਤੇ ਕੌਮੀ ਮਾਰਗ ਅਥਾਰਿਟੀ ਨੇ ਸਾਫ ਕਰਾ ਦਿੱਤਾ ਹੈ। ਸਟੇਸ਼ਨ ਦੇ ਗੇਟ ਦੇ ਸਾਹਮਣੇ ਜਿਹੜੇ ਢਾਬੇ ਜਾਂ ਸ਼ਰਾਬ ਦੇ ਠੇਕੇ ਹਨ, ਨੂੰ ਫਲੈਕਸ ਬੋਰਡ ਲਾ ਕੇ ਢੱਕ ਦਿੱਤਾ ਗਿਆ ਹੈ ਤੇ ਕੁਝ ਕੰਧਾਂ ’ਤੇ ਰੰਗ-ਰੋਗਨ ਤੇ ਸਫਾਈ ਦਾ ਕੰਮ ਜਾਰੀ ਹੈ।
---
ਨੀਂਹ ਪੱਥਰ ਦਾ ਪ੍ਰੋਗਰਾਮ ਮੁਲਤਵੀ
ਇਸ ਦੌਰਾਨ ਰੇਲਵੇ ਦੇ ਉੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਅਨਸਾਰ ਜਲੰਧਰ ਸਿਟੀ ਸਟੇਸ਼ਨ ਦੇ ਨਵੀਨੀਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜਲੰਧਰ ਸਿਟੀ ਰੇਲਵੇ ਅਥਾਰਿਟੀ ਵੱਲੋਂ ਨੀਹ ਪੱਥਰ ਦੇ ਪ੍ਰੋਗਰਾਮ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਤੇ ਜੀਆਰਪੀ ਥਾਣਾ ਦੇ ਪਿਛਲੇ ਪਾਸੇ ਦੇ ਸਾਰੇ ਰੇਲਵੇ ਕੁਆਰਟਰਾਂ ਨੂੰ ਢਾਹ ਦਿੱਤਾ ਗਿਆ ਸੀ।
---
ਰੇਲ ਰਾਜ ਮੰਤਰੀ ਦੀ ਸੁਰੱਖਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ
ਰੇਲ ਰਾਜ ਮੰਤਰੀ ਜਲੰਧਰ ਕੈਂਟ ਸਟੇਸ਼ਨ ’ਤੇ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਸਨ, ਨੇ ਸੁਰੱਖਿਆ ਏਜੰਸੀਆਂ, ਸਥਾਨਕ ਪੁਲਿਸ ਤੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ, ਜਿਸ ’ਚ ਸਪੈਸ਼ਲ ਡੀਜੀਪੀ ਅਮਨ ਤੇ ਕਾਨੂੰਨ ਪ੍ਰਵੀਨ ਸਿਨਹਾ, ਡੀਆਈਜੀ ਨਵੀਨ ਸਿੰਗਲਾ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐੱਸਪੀਜੀ ਦੇ ਸੀਨੀਅਰ ਅਧਿਕਾਰੀ ਤੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਸਟੇਸਨ ਦੀ ਡਰਾਇੰਗ ਅਨੁਸਾਰ ਬਾਹਰ ਤੇ ਅੰਦਰ ਆਉਣ ਵਾਲੇ ਪੁਆਇੰਟਾਂ ਦਾ ਮੁਆਇਨਾ ਕੀਤਾ। ਰੇਲ ਰਾਜ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ 17 ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ’ਚ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ, ਵਾਹਨਾਂ ਦੇ ਆਉਣ-ਜਾਣ ਵਾਲੇ ਰਸਤੇ ਲਈ ਪ੍ਰਬੰਧ ਕੀਤੇ ਗਏ ਹਨ। ਉਸ ਦਿਨ ਪ੍ਰਧਾਨ ਮੰਤਰੀ ਸਟੇਸ਼ਨ ਦੇ ਉਦਘਾਟਨ ਪਿਛੋਂ ਸਟੇਸ਼ਨ ਦੇ ਬਾਹਰੀ ਇਲਾਕੇ ’ਚ ਰੈਲੀ ਨੂੰ ਵੀ ਸੰਬੋਧਨ ਕਰਨਗੇ, ਜਿਸ ਲਈ ਪੰਡਾਲ ਬਣਾਇਆ ਗਿਆ ਤੇ ਖਾਸ ਸ਼ਾਮਿਆਨਾ ਲਾਇਆ ਗਿਆ ਹੈ।