- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਟ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਉਦਘਾਟਨ ਦੀਆਂ ਤਿਆਰੀਆਂ ਸ਼ੁਰੂ, ਡੀਆਰਐਮ ਨੇ ਕੀਤਾ ਸਟੇਸ਼ਨ ਦਾ ਮੁਆਇਨਾ

ਪ੍ਰਧਾਨ ਮੰਤਰੀ ਦੇ ਓਐੱਸਡੀ ਨੇ ਸਟੇਸ਼ਨ ਦੀ ਸਥਿਤੀ ਦਾ ਲਿਆ ਜਾਇਜ਼ਾ
3 ਹਫਤਿਆਂ ਅੰਦਰ ਸਾਰਾ ਸਟੇਸ਼ਨ ਦਾ ਕੰਮ ਹੋਵੇਗਾ ਪੂਰਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਕੈਂਟ ਰੇਲਵੇ ਸਟੇਸ਼ਨ ਦਾ ਅਗਲੇ 3 ਹਫਤਿਆਂ ਅੰਦਰ ਉਦਘਾਟਨ ਹੋ ਸਕਦਾ ਹੈ ਅਤੇ ਉਦਘਾਟਨ ਪ੍ਰਧਾਨ ਮੰਤਰੀ ਜਾਂ ਰੇਲਵੇ ਮੰਤਰੀ ਖੁਦ ਆ ਕੇ ਜਾਂ ਵਰਚੁਅਲ ਉਦਘਾਟਨ ਕਰ ਸਕਦੇ ਹਨ। ਇਸ ਦਾ ਸੰਕੇਤ ਫਿਰੋਜ਼ਪੁਰ ਮੰਡਲ ਦੇ ਜਨਰਲ ਮੈਨੇਜਰ ਸੰਜੀਵ ਕੁਮਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਓਐਸਡੀ ਵਲੋਂ ਸਟੇਸ਼ਨ ਦਾ ਮੁਆਇਨਾ ਕਰਨ ਤੋਂ ਮਿਲਦਾ ਹੈ। ਫਿਲਹਾਲ ਇਸ ਦੀ ਸਰਕਾਰੀ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਸਟੇਸ਼ਨ ’ਤੇ ਉਦਘਾਟਨ ਸਬੰਧੀ ਤਿਆਰੀਆਂ ਜ਼ੋਰਾਂ ਨਾਲ ਜਾਰੀ ਹਨ। ਕੈਂਟ ਸਟੇਸ਼ਨ ਦੇ ਨਵੀਨੀਕਰਨ ਦਾ ਉਦਘਾਟਨ ਮਗਰੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਵੀ ਨੀਂਹ ਪੱਥਰ ਰੱਖਿਆ ਜਾ ਸਕਦਾ ਹੈ। ਡੀਆਰਐੱਮ ਸੰਜੀਵ ਕਮਾਰ ਨੇ ਕਿਹਾ ਹੈ ਕਿ ਰੇਲਵੇ ਸਟੇਸ਼ਨ ਦਾ ਲਗਪਗ ਸਾਰਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਜਿਹੜਾ ਥੋੜ੍ਹਾ ਬਹੁਤ ਰਹਿੰਦਾ ਹੈ ਉਹ 3 ਹਫਤਿਆਂ ਅੰਦਰ ਪੂਰਾ ਕਰ ਲਿਆ ਜਾਏਗਾ।
---
2 ਸਾਲ ਦੀ ਦੇਰੀ ਨਾਲ ਚੱਲ ਰਿਹਾ ਪ੍ਰਾਜੈਕਟ
ਕੈਂਟ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ 98.89 ਕਰੋੜ ਦਾ ਪ੍ਰਾਜੈਕਟ ਹੈ ਅਤੇ ਪਹਿਲਾਂ ਹੀ ਤੈਅ ਸਮੇ ਤੋਂ 2 ਸਾਲ ਦੀ ਦੇਰੀ ਨਾਲ ਚੱਲ ਰਿਹਾ ਹੈ। ਹੁਣ ਇਹ ਆਖਰੀ ਪੜਾਅ ’ਤੇ ਜ਼ਰੂਰ ਹੈ ਪਰ ਉਥੇ ਅਜੇ ਤਕ ਸੋਲਰ ਪੈਨਲ, ਪਾਰਕਿੰਗ, ਲਿਫਟ ਚਲਾਉੁਣ, ਐਕਸੇਲੇਟਰ ਦੇ ਕੰਮ ਅਧੂਰੇ ਪਏ ਹਨ, ਜਿਨ੍ਹਾਂ ਨੂੰ ਤੇਜ਼ੀ ਨਾਲ ਪੂਰਾ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਕੰਮ ਨੂੰ ਲੈ ਕੇ ਹੀ ਡੀਆਰਐੱਮ ਨੇ ਬੁੱਧਵਾਰ ਨੂੰ ਕੈਂਟ ਰੇਲਵੇ ਸਟੇਸ਼ਨ ਦਾ ਮੁਆਇਨਾ ਕੀਤਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਕਤ ਪ੍ਰਾਜੈਕਟ ਤਾਂ ਪਹਿਲਾਂ ਹੀ 2 ਸਾਲ ਦੀ ਦੇਰੀ ਨਾਲ ਚਲ ਰਿਹਾ ਹੈ ਤੇ ਹੋਰ ਕਿੰਨੀ ਦੇਰ ਲੱਗੇਗੀ ਤਾਂ ਉਨ੍ਹਾਂ ਨੇ ਉਕਤ ਸਵਾਲ ਨੂੰ ਟਾਲਦਿਆਂ ਕਿਹਾ ਕਿ ਸਟੇਸ਼ਨ ਦਾ ਕੰਮ ਅਧੂਰਾ ਨਹੀਂ ਸਗੋਂ ਪੂਰਾ ਹੈ ਅਤੇ ਇਸ ਦਾ ਉਦਘਾਟਨ ਛੇਤੀ ਹੀ ਕੀਤਾ ਜਾਣ ਵਾਲਾ ਹੈ।
---
ਅਫਵਾਹਾਂ ਦਾ ਦੌਰ ਜਾਰੀ
ਕੈਂਟ ਸਟੇਸ਼ਨ ਦਾ ਡੀਆਰਐੱਮ ਵੱਲੋਂ ਮੁਆਇਨਾ ਕਰਨ ਕਾਰਨ ਇਹ ਚਰਚਾ ਚਲ ਰਹੀ ਸੀ ਕਿ ਕੈਂਟ ਸਟੇਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਅਤੇ ਉਨ੍ਹਾਂ ਨਾਲ ਰੇਲ ਮੰਤਰੀ ਵੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਵੀ ਨੀਂਹ ਪੱਥਰ ਰੱਖਿਆ ਜਾਵੇਗਾ ਪਰ ਇਸ ਦੀ ਪੁਸ਼ਟੀ ਕਿਸੇ ਵੀ ਰੇਲ ਅਧਿਕਾਰੀ ਨੇ ਅਜੇ ਤਕ ਨਹੀਂ ਕੀਤੀ ਹੈ।