
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਰੋੜਾਂ ਦੇ ਵਿਕਾਸ ਦੇ ਦਾਅਵੇ, ਪਰ ਕੂਰੋ ਮਾਲ ਦੇ ਸਾਹਮਣੇ ਸੜਕ ਧੱਸਣ ਨਾਲ ਲੋਕ ਰੱਬ ਆਸਰੇ - ਹਰਜਾਪ ਸਿੰਘ ਸੰਘਾ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਕਯੂਰੋ ਮਾਲ ਦੇ ਸਾਹਮਣੇ ਸੜਕ ਦੇ ਧੱਸ ਜਾਣਾ ਤੇ ਮੈਨਹੋਲ/ਸੜਕ ਦੇ ਹਿੱਸੇ ਦੇ ਖਤਰਨਾਕ ਢੰਗ ਨਾਲ ਬੈਠ ਜਾਣ ਦੀ ਘਟਨਾ ਨੇ ਪ੍ਰਸ਼ਾਸਨ ਤੇ ਸਥਾਨਕ ਸੱਤਾਧਾਰੀ ਆਗੂਆਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਰਸਤੇ ਤੋਂ ਹਰ ਰੋਜ਼ ਵੱਡੀ ਗਿਣਤੀ ’ਚ ਲੋਕ ਲੰਘਦੇ ਹਨ ਤੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਨਾਲ ਇਸ ਤਰ੍ਹਾਂ ਦਾ ਖਿਲਵਾੜ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੰਘਾ ਨੇ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਲੋਕ ਰੱਬ ਦੇ ਆਸਰੇ ਸੜਕਾਂ ’ਤੇ ਚੱਲ ਰਹੇ ਹਨ।
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਿਸੇ ਆਮ ਨਾਗਰਿਕ ਦੇ ਘਰ ਜਾਂ ਦੁਕਾਨ ਦੇ ਸਾਹਮਣੇ ਅਜਿਹੀ ਸਥਿਤੀ ਪੈਦਾ ਹੋਵੇ ਤਾਂ ਕੀ ਉਹ ਵੀ ਹਫ਼ਤਿਆਂ ਤੱਕ ਸਿਰਫ਼ ਭਰੋਸਿਆਂ ਦੇ ਸਹਾਰੇ ਬੈਠਾ ਰਹੇਗਾ। ਸੰਘਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਥਾਂ ਤੋਂ ਐੱਮਐੱਲਏ ਦਾ ਘਰ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦਾ ਦਫ਼ਤਰ/ਠਿਕਾਣਾ ਤੇ ਡਿਪਟੀ ਮੇਅਰ ਦੀ ਰਿਹਾਇਸ਼ ਲਗਭਗ ਦੋ ਮਿੰਟ ਦੀ ਡਰਾਈਵ ’ਤੇ ਹਨ ਫਿਰ ਵੀ ਜੇਕਰ ਇੰਨੀ ਨੇੜੇ ਹੋਣ ਦੇ ਬਾਵਜੂਦ ਜ਼ਮੀਨੀ ਹਕੀਕਤ ਇਹ ਹੈ ਕਿ ਸੜਕ ਧੱਸ ਰਹੀ ਹੈ ਅਤੇ ਲੋਕਾਂ ਨੂੰ ਖਤਰੇ ’ਚੋਂ ਲੰਘਣਾ ਪੈ ਰਿਹਾ ਹੈ ਤਾਂ ਫਿਰ ਸਰਕਾਰ ਦੀ ‘ਵਿਕਾਸ’ ਵਾਲੀ ਕਾਰਗੁਜ਼ਾਰੀ ਦਾ ਅੰਦਾਜ਼ਾ ਖੁਦ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਮੌਕੇ ’ਤੇ ਜਾ ਕੇ ਤਸਵੀਰਾਂ ਖਿਚਵਾਉਣ ਜਾਂ ਅਧਿਕਾਰੀਆਂ ਨੂੰ ਫੋਨ ਕਰਨ ਨਾਲ ਸਮੱਸਿਆ ਹੱਲ ਨਹੀਂ ਹੁੰਦੀ ਬਲਕਿ ਲੋਕਾਂ ਨੂੰ ਸੁਰੱਖਿਅਤ ਰਸਤਾ ਚਾਹੀਦਾ ਹੈ ਤੇ ਉਹ ਵੀ ਫੌਰੀ।
ਸੰਘਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੁਰੰਤ ਮੌਕੇ ਦੀ ਤਕਨੀਕੀ ਜਾਂਚ ਕਰਵਾਈ ਜਾਵੇ, ਖਤਰਨਾਕ ਹਿੱਸੇ ਨੂੰ ਸੁਰੱਖਿਅਤ ਕੀਤਾ ਜਾਵੇ, ਆਵਾਜਾਈ ਲਈ ਯੋਗ ਬੈਰੀਕੇਡਿੰਗ ਕੀਤੀ ਜਾਵੇ ਤੇ ਸੜਕ ਧੱਸਣ ਦੇ ਅਸਲ ਕਾਰਨ ਦੀ ਜਾਂਚ ਕਰਕੇ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਖਤਰਨਾਕ ਸਥਿਤੀ ਕਾਰਨ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਿਰਫ਼ ਕੁਦਰਤ ਜਾਂ ਤਕਨੀਕੀ ਖਰਾਬੀ ’ਤੇ ਨਹੀਂ ਸੁੱਟੀ ਜਾ ਸਕਦੀ, ਜਿਨ੍ਹਾਂ ਅਧਿਕਾਰੀਆਂ ਤੇ ਸਥਾਨਕ ਜ਼ਿੰਮੇਵਾਰ ਨੁਮਾਇੰਦਿਆਂ ਨੂੰ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨ੍ਹਾਂ ਨੂੰ ਜਵਾਬਦੇਹ ਬਣਾਉਣਾ ਪਵੇਗਾ। ਲੋਕਾਂ ਨੂੰ ਭਾਸ਼ਣ ਨਹੀਂ, ਸੁਰੱਖਿਅਤ ਸੜਕਾਂ ਚਾਹੀਦੀਆਂ ਹਨ।