ਸਰਕਾਰ ਨੇ ਕੀਤਾ ਸ਼ਹੀਦ ਭਗਤ ਸਿੰਘ ਦਾ ਅਪਮਾਨ : ਲਾਡੀ ਜਸ਼ਨ-ਏ-ਇਨਕਲਾਬ ਪ੍ਰੋਗਰਾਮ ’ਚ ਲੱਚਰ ਗੀਤ ਵਜਾਉਣ ਨਾਲ ਭਗਤ ਸਿੰਘ ਦੀ ਵਿਚਾਰਧਾਰਾ ਦਾ ਅਪਮਾਨ ਹੋਇਆ : ਲਾਡੀ
Publish Date: Tue, 29 Sep 2026 07:33 PM (IST)
Updated Date: Tue, 29 Sep 2026 07:36 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ‘ਜਸ਼ਨ-ਏ-ਇਨਕਲਾਬ’ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲਾਡੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਵਰਗੇ ਇਤਿਹਾਸਕ ਮੌਕੇ ’ਤੇ ਲੱਚਰ ਗੀਤ ਵਜਾ ਕੇ ਨੌਜਵਾਨਾਂ ਨੂੰ ਨਚਾਉਣਾ ਸ਼ਹੀਦ ਦੀ ਸੋਚ ਤੇ ਵਿਚਾਰਧਾਰਾ ਦਾ ਅਪਮਾਨ ਕਰਨ ਦੇ ਬਰਾਬਰ ਹੈ। ਮੌਜੂਦਾ ਸਰਕਾਰ ਵੱਲੋਂ ਪ੍ਰੋਗਰਾਮ ਕਰਵਾਉਣ ਨੂੰ ਲੈ ਕੇ ਵੀ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜੇਕਰ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇਨਕਲਾਬੀ ਪਾਰਟੀ ਮੰਨਦੀ ਹੈ ਤਾਂ ਉਸ ਨੂੰ ਆਪਣੇ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ‘ਰੰਗਲਾ ਪੰਜਾਬ’ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂਆਂ ਵੱਲੋਂ ਖਟਕੜ ਕਲਾਂ ਵਿਖੇ ਮਾਰਚ ਕਰਕੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦਾ ਪ੍ਰਣ ਲਿਆ ਗਿਆ ਹੈ। ਲਾਡੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇ ਲੱਚਰ ਗੀਤ ਵਜਾਉਣ ਦੇ ਮਾਮਲੇ ਸਬੰਧੀ ਮੁਆਫ਼ੀ ਨਾ ਮੰਗੀ ਗਈ ਤਾਂ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਘਰਾਂ ਤੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਜੇ ਪੁੰਜ, ਮੀਡੀਆ ਇੰਚਾਰਜ ਜ਼ਿਲ੍ਹਾ ਜਲੰਧਰ, ਵਿਪਨ ਆਨੰਦ, ਮੰਡਲ ਪ੍ਰਧਾਨ ਗੁਰਾਇਆ, ਰਾਮਰਾਜ ਵਿਰਦੀ, ਮੰਡਲ ਪ੍ਰਧਾਨ ਪ੍ਰਤਾਪਪੁਰਾ, ਅਜੇ ਗੁਪਤਾ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।