ਪੀ.ਆਈ.ਐੱਸ. ਜਲੰਧਰ ਦੇ 3 ਮੁੱਕੇਬਾਜ਼ਾਂ ਨੇ ਮਾਰੀ ਬਾਜ਼ੀ ਪੀ.ਆਈ.ਐੱਸ. ਜਲੰਧਰ ਦੇ 3 ਮੁੱਕੇਬਾਜ਼ਾਂ ਨੇ ਮਾਰੀ ਬਾਜ਼ੀ
Publish Date: Mon, 31 Aug 2026 09:00 PM (IST)
Updated Date: Mon, 31 Aug 2026 09:01 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਜਲੰਧਰ ਦੇ ਬਾਕਸਿੰਗ ਸੈਂਟਰ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਖੇਡ ਕਲਾ ਤੇ ਬੁਲੰਦ ਹੌਸਲੇ ਦਾ ਲੋਹਾ ਮਨਵਾਉਂਦੇ ਹੋਏ ਪੂਰੇ ਜ਼ਿਲ੍ਹੇ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਪਟਿਆਲਾ ’ਚ ਹੋਏ ਅੰਡਰ-19 ਵਰਲਡ ਚੈਂਪੀਅਨਸ਼ਿਪ ਦੇ ਟਰਾਇਲਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਂਟਰ ਦੇ ਤਿੰਨ ਹੋਣਹਾਰ ਮੁੱਕੇਬਾਜ਼ਾਂ ਨੇ ਰਾਸ਼ਟਰੀ ਟੀਮ ਦੇ ਕੈਂਪ ’ਚ ਥਾਂ ਪੱਕੀ ਕਰ ਲਈ ਹੈ ਜਦਕਿ 2 ਹੋਰ ਮੁੱਕੇਬਾਜ਼ਾਂ ਸਣੇ ਪੰਜਾਬ ਦੇ ਕੁੱਲ 5 ਬਾਕਸਰ ਇੰਡੀਆ ਕੈਂਪ ’ਚ ਹਿੱਸਾ ਲੈਣਗੇ। ਇਨ੍ਹਾਂ ਖਿਡਾਰੀਆਾਂ ਵਿਚ 70 ਕਿੱਲੋ ਭਾਰ ਵਿਚ ਸਿਮਰਨਜੀਤ ਕੌਰ, 80 ਕਿੱਲੋ ਭਾਰ ਵਿਚ ਅਕਸ਼ਰਾ ਭਾਰਦਵਾਜ ਤੇ ਹਰਸ਼ਜੋਤ ਸਿੰਘ, 85 ਕਿੱਲੋ ਭਾਰ ਵਿਚ ਸ੍ਰਿਆਂਸ਼ ਤੇ 90 ਕਿੱਲੋ ਭਾਰ ਵਿਚ ਅਸ਼ੀਸ਼ ਦੀ ਚੋਣ ਹੋਈ ਹੈ। ਇਹ ਸਿਖਲਾਈ ਕੈਂਪ 20 ਸਤੰਬਰ ਤੋਂ 12 ਅਕਤੂਬਰ ਤੱਕ ਪਟਿਆਲਾ ’ਚ ਲਗਾਇਆ ਜਾਵੇਗਾ। --- ਹਾਰਦਿਕ ਤੇ ਜਸਨੂਰ ਨੇ ਵੀ ਦਿਖਾਇਆ ਜਜ਼ਬਾ ਇਨ੍ਹਾਂ ਟਰਾਇਲਾਂ ’ਚ ਪੀਆਈਐੱਸ ਜਲੰਧਰ ਦੇ ਦੋ ਹੋਰ ਉੱਭਰਦੇ ਮੁੱਕੇਬਾਜ਼ਾਂ ਹਾਰਦਿਕ ਤੇ ਜਸਨੂਰ ਸਿੰਘ ਨੇ ਵੀ ਦਮਦਾਰ ਹਾਜ਼ਰੀ ਲਗਵਾਈ। ਜਸਨੂਰ ਨੇ ਹਰਿਆਣਾ ਦੇ ਮਜ਼ਬੂਤ ਖਿਡਾਰੀ ਖ਼ਿਲਾਫ਼ ਫਸਵੇਂ ਮੁਕਾਬਲੇ ’ਚ ਭਾਵੇਂ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸਦੀ ਤਕਨੀਕ ਅਤੇ ਜਜ਼ਬੇ ਦੀ ਸਭ ਨੇ ਤਾਰੀਫ਼ ਕੀਤੀ। ਇਸਦੇ ਨਾਲ ਹੀ ਹਾਰਦਿਕ ਨੇ ਸਰਵਿਸਿਜ਼ ਦੇ ਤਜ਼ਰਬੇਕਾਰ ਖਿਡਾਰੀ ਵਿਰੁੱਧ ਪੂਰੇ ਹੌਸਲੇ ਨਾਲ ਰਿੰਗ ਵਿੱਚ ਲੜਾਈ ਲੜੀ ਤੇ ਆਪਣੀ ਖੇਡ ਦਾ ਪ੍ਰਭਾਵ ਛੱਡਿਆ। ਜ਼ਿਕਰਯੋਗ ਹੈ ਕਿ ਜਸਨੂਰ ਸਿੰਘ ਤੇ ਅਸ਼ੀਸ਼ ਦੋਵੇਂ ਖਿਡਾਰੀ ਸਪੋਰਟਸ ਸਕੂਲ ਜਲੰਧਰ ਦੇ ਵਿਦਿਆਰਥੀ ਹਨ। ਜਦਕਿ ਸ੍ਰਿਆਂਸ਼ ਐਲਪੀਯੂ ਵਿਚ ਬੀਏ ਭਾਗ ਪਹਿਲਾ ਦਾ ਵਿਦਿਆਰਥੀ ਹੈ ਤੇ ਅਕਸ਼ਰਾ 12ਵੀਂ ਨਾਨ ਮੈਡੀਕਲ ਦੀ ਵਿਦਿਆਰਥਣ ਹੈ। ਇਕੋ ਸੈਂਟਰ ਤੋਂ ਤਿੰਨ ਖਿਡਾਰੀਆਂ ਦਾ ਰਾਸ਼ਟਰੀ ਕੈਂਪ ਲਈ ਚੁਣਿਆ ਜਾਣਾ ਪੀਆਈਐੱਸ ਜਲੰਧਰ ਬਾਕਸਿੰਗ ਸੈਂਟਰ ਲਈ ਇਕ ਇਤਿਹਾਸਕ ਤੇ ਮਾਣਮੱਤੀ ਉਪਲਬਧੀ ਹੈ। ਸੈਂਟਰ ਦੇ ਪ੍ਰਬੰਧਕਾਂ ਅਤੇ ਕੋਚਾਂ ਨੇ ਸਾਰੇ ਖਿਡਾਰੀਆਂ ਦੀ ਅਣਥੱਕ ਮਿਹਨਤ, ਸਮਰਪਣ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਕੋਚ ਅਰਿਹੰਤ ਕੁਮਾਰ ਨੇ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਨਿਰੰਤਰ ਜਾਰੀ ਹੈ ਤੇ ਸਾਰਿਆਂ ਦਾ ਇੱਕੋ-ਇੱਕ ਨਿਸ਼ਾਨਾ ਵਰਲਡ ਚੈਂਪੀਅਨਸ਼ਿਪ ’ਚ ਦੇਸ਼ ਲਈ ਤਗਮੇ ਜਿੱਤਣਾ ਹੈ।