ਜੀਟੀਬੀ ਨਗਰ ’ਚ ਪਹਿਲਾਂ ਪਾਈਪਾਂ ਬਿਛਾਈਆਂ, ਹੁਣ ਉਖਾੜੀਆਂ ਜਾ ਰਹੀਆਂ, ਲੋਕ ਮੁੜ ਝੱਲ ਰਹੇ ਪਰੇਸ਼ਾਨੀ
ਜੀਟੀਬੀ ਨਗਰ ’ਚ ਪਹਿਲਾਂ ਪਾਈਪਾਂ ਬਿਛਾਈਆਂ, ਹੁਣ ਉਖਾੜੀਆਂ ਜਾ ਰਹੀਆਂ, ਲੋਕ ਮੁੜ ਝੱਲ ਰਹੇ ਪਰੇਸ਼ਾਨੀ
Publish Date: Thu, 19 Feb 2026 10:54 PM (IST)
Updated Date: Fri, 20 Feb 2026 04:13 AM (IST)

------------ਤਸਵੀਰਾਂ ਹਿੰਦੀ ਚੋਂ 20 ਤੋਂ 26, 30-------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਤੇਗ ਬਹਾਦੁਰ ਚੌਕ ਤੋਂ ਜੀਟੀਬੀ ਨਗਰ ਵੱਲ ਕੁਝ ਮਹੀਨੇ ਪਹਿਲਾਂ ਬਿਛਾਈ ਗਈ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਹੁਣ ਉਖਾੜੀ ਜਾ ਰਹੀ ਹੈ। ਪਾਈਪ ਲਾਈਨ ਪਾਉਣ ਸਮੇਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ ਸੀ ਤੇ ਹੁਣ ਇਸ ਨੂੰ ਉਖਾੜਣ ਨਾਲ ਵੀ ਮੁਸ਼ਕਲਾਂ ਵੱਧ ਰਹੀਆਂ ਹਨ। ਪਾਈਪਲਾਈਨ ਬਿਛਾਉਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਸੜਕ ਸਮਤਲ ਹੋਈ ਸੀ ਤੇ ਹੁਣ ਮੁੜ ਤੋਂ ਇਸ ਨੂੰ ਪੁੱਟਿਆ ਜਾ ਰਿਹਾ ਹੈ। ਇਹ ਇਸ ਲਈ ਕਰਨਾ ਪਿਆ ਕਿਉਂਕਿ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਦਾ ਪਹਿਲਾ ਰੂਟ ਲਤੀਫਪੁਰਾ ਤੋਂ ਸੀ। ਲਤੀਫਪੁਰਾ ਰੋਡ ’ਤੇ ਲੋਕਾਂ ਦੇ ਕਬਜ਼ੇ ਨਹੀਂ ਹਟ ਰਹੇ ਸਨ, ਇਸ ਲਈ ਪ੍ਰੋਜੈਕਟ ’ਤੇ ਕੰਮ ਕਰ ਰਹੀ ਐੱਲਐਂਡਟੀ ਕੰਪਨੀ ਨੇ ਪੰਜਾਬ ਸੀਵਰੇਜ ਬੋਰਡ ਤੇ ਨਗਰ ਨਿਗਮ ਦੀ ਸਹਿਮਤੀ ਨਾਲ ਫੈਸਲਾ ਕੀਤਾ ਸੀ ਕਿ ਇਸ ਪ੍ਰੋਜੈਕਟ ਦੀ ਪਾਈਪਲਾਈਨ ਲਤੀਫਪੁਰਾ ਦੀ ਬਜਾਏ ਗੁਰੂ ਤੇਗ ਬਹਾਦੁਰ ਨਗਰ ਵੱਲੋਂ ਪਾਈ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਲਤੀਫਪੁਰਾ ਰੋਡ ਤੋਂ ਕਬਜ਼ੇ ਨਹੀਂ ਹਟਾ ਸਕਿਆ ਸੀ। ਅਜਿਹੇ ’ਚ ਐੱਲਐਂਡਟੀ ਕੰਪਨੀ ਨੇ ਗੁਰੂ ਤੇਗ ਬਹਾਦੁਰ ਚੌਕ ਤੋਂ ਜੀਟੀਬੀ ਨਗਰ ਵੱਲ ਪਾਈਪਲਾਈਨ ਬਿਛਾ ਦਿੱਤੀ। ਹੁਣ ਲਤੀਫਪੁਰਾ ਤੋਂ ਕਬਜ਼ੇ ਹਟ ਜਾਣ ਕਾਰਨ ਜੀਟੀਬੀ ਨਗਰ ਤੋਂ ਇਹ ਪਾਈਪਲਾਈਨ ਪੁੱਟੀ ਜਾ ਰਹੀ ਹੈ। ਇਹ ਪਾਈਪਲਾਈਨ ਹੁਣ ਲਤੀਫਪੁਰਾ ਰੋਡ ’ਤੇ ਪਾਈ ਜਾ ਰਹੀ ਹੈ। ਜੇਕਰ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਲਤੀਫਪੁਰਾ ਤੋਂ ਕਬਜ਼ੇ ਹਟਾ ਦਿੰਦਾ ਤਾਂ ਜੀਟੀਬੀ ਨਗਰ ਦੇ ਲੋਕਾਂ ਨੂੰ ਇੰਨੀ ਪਰੇਸ਼ਾਨੀ ਨਾ ਝੱਲਣੀ ਪੈਂਦੀ ਤੇ ਨਾ ਹੀ ਇੰਨਾ ਇਨਫਰਾਸਟ੍ਰਕਚਰ ਬਰਬਾਦ ਹੁੰਦਾ। ਹੁਣ ਸੜਕ ’ਚੋਂ ਪਾਈਪਾਂ ਕੱਢੀਆਂ ਜਾ ਰਹੀਆਂ ਹਨ। ਵੀਰਵਾਰ ਨੂੰ ਇਸ ਰੋਡ ਨੂੰ ਬੈਰੀਕੇਡਿੰਗ ਕਰ ਕੇ ਬਲਾਕ ਕੀਤਾ ਗਿਆ ਤੇ ਸੜਕ ਪੁੱਟ ਕੇ ਪਾਈਪਾਂ ਕੱਢੀਆਂ ਜਾ ਰਹੀਆਂ ਸਨ। ਸੜਕ ਹੁਣ ਇਕ-ਦੋ ਮਹੀਨੇ ਮੁੜ ਖਰਾਬ ਹਾਲਤ ’ਚ ਰਹੇਗੀ ਤੇ ਲੋਕਾਂ ਨੂੰ ਦਿੱਕਤ ਆਵੇਗੀ। ਇਸ ਰੋਡ ’ਤੇ ਸਥਿਤ ਕੋਠੀਆਂ ਦੇ ਵਸਨੀਕਾਂ ਨੂੰ ਧੂੜ-ਮਿੱਟੀ ਨਾਲ ਪਰੇਸ਼ਾਨੀ ਹੋਵੇਗੀ ਤੇ ਘਰਾਂ ’ਚੋਂ ਗੱਡੀਆਂ ਕੱਢਣਾ ਵੀ ਔਖਾ ਹੋ ਜਾਵੇਗਾ। ਲਤੀਫਪੁਰਾ ਗੁਰੂ ਰਵਿਦਾਸ ਚੌਕ ਰੋਡ ਦੇ ਖੱਡਿਆਂ ਕਾਰਨ ਬੈਕ ਪੇਨ, ਧੂੜ-ਮਿੱਟੀ ਨਾਲ ਸਾਹ ਦੀਆਂ ਬਿਮਾਰੀਆਂ - ਲੋਕਾਂ ਦਾ ਕੰਮ ਵੀ ਠੱਪ ਹੋਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਾਡਲ ਟਾਊਨ ਦੇ ਟੈਲੀਫੋਨ ਐਕਸਚੇਂਜ ਲਤੀਫਪੁਰਾ ਚੌਰਾਹੇ ਤੋਂ ਗੁਰੂ ਰਵਿਦਾਸ ਚੌਕ ਤੱਕ ਦੀ ਸੜਕ ਦੀ ਹਾਲਤ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਰੋਡ ’ਤੇ ਸਥਿਤ ਹਸਪਤਾਲਾਂ, ਸਕੂਲਾਂ, ਕਮਰਸ਼ੀਅਲ ਸੈਂਟਰਾਂ ਤੇ ਆਲੇ-ਦੁਆਲੇ ਦੀਆਂ ਕਾਲੋਨੀਆਂ ’ਚ ਰਹਿੰਦੇ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਗੁਰੂ ਤੇਗ ਬਹਾਦੁਰ ਚੌਕ ਤੋਂ ਜੀਟੀਬੀ ਨਗਰ ਵਾਲੀ ਸੜਕ ਕਰੀਬ ਦੋ ਸਾਲ ਤੋਂ ਟੁੱਟੀ ਹੋਈ ਹੈ। ਉੱਥੇ ਹੀ ਟੈਲੀਫੋਨ ਐਕਸਚੇਂਜ ਚੌਕ ਤੋਂ ਗੁਰੂ ਰਵਿਦਾਸ ਚੌਕ ਤੱਕ ਦੀ ਸੜਕ ਕਰੀਬ ਇਕ ਸਾਲ ਤੋਂ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਪਾਉਣ ਲਈ ਤੋੜੀ ਹੋਈ ਹੈ। ਇਸ ਰੋਡ ’ਤੇ ਹਰ ਰੋਜ਼ ਹਜ਼ਾਰਾਂ ਵਾਹਨ ਲੰਘਦੇ ਹਨ। ਹੁਣ ਸਾਰਾ ਟ੍ਰੈਫਿਕ ਇਕ ਹੀ ਲੇਨ ’ਤੇ ਚੱਲ ਰਿਹਾ ਹੈ। ਖੁਦਾਈ ਕਾਰਨ ਟੁੱਟੀ ਸੜਕ ’ਤੇ ਵਾਹਨਾਂ ਦੀ ਆਵਾਜਾਈ ਲਗਭਗ ਬੰਦ ਰਹੀ। ਕਰੀਬ ਇਕ ਮਹੀਨਾ ਪਹਿਲਾਂ ਸੜਕ ਨੂੰ ਸਹੀ ਤਾਂ ਕਰ ਦਿੱਤਾ ਗਿਆ ਹੈ ਪਰ ਅਜੇ ਵੀ ਗਿਣਤੀ ਦੇ ਵਾਹਨ ਹੀ ਇੱਥੋਂ ਲੰਘ ਰਹੇ ਹਨ। ਪਿਛਲੇ ਇਕ ਸਾਲ ਤੋਂ ਇਸ ਰੋਡ ’ਤੇ ਸਥਿਤ ਹਸਪਤਾਲਾਂ ’ਚ ਆਉਣ ਵਾਲੇ ਮਰੀਜ਼, ਸਟਾਫ ਤੇ ਕਮਰਸ਼ੀਅਲ ਬਿਲਡਿੰਗਾਂ ’ਚ ਕੰਮ ਕਰਨ ਵਾਲੇ ਲੋਕ ਕਾਫੀ ਪਰੇਸ਼ਾਨ ਹਨ। ਖੁਦਾਈ ਕਾਰਨ ਇਹ ਸੜਕ ਉਬੜ-ਖਾਬੜ ਹੋ ਗਈ ਸੀ। ਮੀਂਹ ਦੇ ਦਿਨਾਂ ’ਚ ਤਾਂ ਹਾਲਤ ਦਲਦਲ ਵਰਗੀ ਹੋ ਜਾਂਦੀ ਸੀ। ਹੁਣ ਭਾਵੇਂ ਸੜਕ ਸਮਤਲ ਕਰ ਦਿੱਤੀ ਗਈ ਹੈ ਪਰ ਦਿਨ ਭਰ ਇੱਥੇ ਧੂੜ-ਮਿੱਟੀ ਉੱਡਦੀ ਰਹਿੰਦੀ ਹੈ, ਜੋ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਖੱਡਿਆਂ ਕਾਰਨ ਲੋਕਾਂ ਨੂੰ ਬੈਕ ਪੇਨ ਦੀ ਸਮੱਸਿਆ ਹੋ ਰਹੀ ਹੈ। ਦੋਪਹੀਆ ਵਾਹਨ ਚਲਾਉਣ ਵਾਲੇ ਧੂੜ ਵੀ ਸਹਿੰਦੇ ਹਨ ਤੇ ਕਮਰ ਦਰਦ ਤੋਂ ਵੀ ਪਰੇਸ਼ਾਨ ਹਨ। ਇਸ ਰੋਡ ਦੇ ਆਲੇ-ਦੁਆਲੇ ਗੁਰੂ ਤੇਗ ਬਹਾਦੁਰ ਨਗਰ, ਮਾਡਲ ਟਾਊਨ, ਗੁਰੂ ਗੋਬਿੰਦ ਸਿੰਘ ਐਵਿਨਿਊ, ਹਾਊਸਿੰਗ ਬੋਰਡ ਕਾਲੋਨੀ ਸਮੇਤ ਕਈ ਕਾਲੋਨੀਆਂ ਹਨ, ਜਿਨ੍ਹਾਂ ਦੇ ਵਸਨੀਕ ਮਹੀਨਿਆਂ ਤੋਂ ਪਰੇਸ਼ਾਨ ਹਨ। -------------------- ਧੂੜ-ਮਿੱਟੀ ਨਾਲ ਸਾਹ ਲੈਣਾ ਔਖਾ ਗੁਰੂ ਤੇਗ ਬਹਾਦੁਰ ਨਗਰ ਦੇ ਵਸਨੀਕ ਤੇ ਸੂਰਜ ਮੈਡੀਕਲ ਹਾਲ ਦੇ ਮਾਲਕ ਰਾਜਿੰਦਰ ਸਿੰਘ ਰਿੰਕੂ ਗੁੰਬਰ ਨੇ ਕਿਹਾ ਕਿ ਇੱਥੋਂ ਉੱਡਣ ਵਾਲੀ ਧੂੜ-ਮਿੱਟੀ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਗਲੇ ’ਚ ਇੰਫੈਕਸ਼ਨ ਤੇ ਸਾਹ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਲੋਕ ਮਾਸਕ ਪਾ ਕੇ ਲੰਘਦੇ ਹਨ ਪਰ ਫਿਰ ਵੀ ਰਾਹਤ ਨਹੀਂ ਮਿਲ ਰਹੀ। ਇਸ ਸੜਕ ਦਾ ਜਲਦੀ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ---------------- ਕਮਰ ਦਰਦ ਨਾਲ ਪਰੇਸ਼ਾਨ ਲੋਕ ਕਾਰੋਬਾਰੀ ਮਨਪ੍ਰੀਤ ਸਿੰਘ ਮੋਂਟੀ ਅਰੋੜਾ ਨੇ ਕਿਹਾ ਕਿ ਉਬੜ-ਖਾਬੜ ਸੜਕ ਕਾਰਨ ਕਈ ਲੋਕਾਂ ਨੂੰ ਬੈਕ ਪੇਨ ਦੀ ਸਮੱਸਿਆ ਹੋ ਗਈ ਹੈ। ਦੋਪਹੀਆ ਵਾਹਨ ’ਤੇ ਆਉਣਾ-ਜਾਣਾ ਸਭ ਤੋਂ ਮੁਸ਼ਕਲ ਹੈ। ਗਹਿਰੇ ਖੱਡੇ ਹਨ ਤੇ ਉੱਪਰੋਂ ਧੂੜ-ਮਿੱਟੀ ਉੱਡਦੀ ਹੈ। ਕਰੀਬ ਦੋ ਸਾਲ ਤੋਂ ਸੜਕ ਦੀ ਹਾਲਤ ਖਰਾਬ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਹ ਸੜਕ ਲੋਕਾਂ ਨੂੰ ਬਿਮਾਰ ਕਰ ਰਹੀ ਹੈ। -------------------- ਦੁਕਾਨ ’ਤੇ ਨਹੀਂ ਆ ਰਹੇ ਗਾਹਕ ਇਸੇ ਰੋਡ ’ਤੇ ਚਾਹ ਦੀ ਦੁਕਾਨ ਕਰਨ ਵਾਲੇ ਮਾਹੀ ਭਗਤ ਨੇ ਦੱਸਿਆ ਕਿ ਧੂੜ ਉੱਡਣ ਕਾਰਨ ਉਨ੍ਹਾਂ ਦਾ ਕੰਮ ਘੱਟ ਹੋ ਗਿਆ ਹੈ। ਧੂੜ-ਮਿੱਟੀ ਕਾਰਨ ਲੋਕ ਦੁਕਾਨ ’ਤੇ ਬੈਠਦੇ ਨਹੀਂ। ਇਸ ਪਾਸੇ ਆਵਾਜਾਈ ਘੱਟ ਹੋ ਗਈ ਹੈ। ਕਮਾਈ ਘੱਟ ਹੋਣ ਨਾਲ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਮੀਂਹ ਦੇ ਦਿਨਾਂ ’ਚ ਧੂੜ ਦੀ ਥਾਂ ਸੜਕਾਂ ’ਤੇ ਕੀਚੜ ਹੁੰਦਾ ਸੀ ਤਾਂ ਵੀ ਲੋਕ ਇੱਥੇ ਨਹੀਂ ਆਉਂਦੇ ਸਨ।