ਸਰਵਿਸ ਰੋਡ ਦੀ ਹਾਲਤ ਵਿਗੜਨ 'ਤੇ ਪਾਈਪਲਾਈਨ ਦਾ ਕੰਮ ਰੋਕਿਆ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਦੀ ਹਾਲਤ ਵਿਗੜਣ 'ਤੇ ਪਾਈਪਲਾਈਨ ਕਰਾਸਿੰਗ ਦਾ ਕੰਮ ਰੋਕਿਆ, ਹੁਣ ਮਾਨਸੂਨ ਤੋਂ ਬਾਅਦ ਹੋਵੇਗਾ
Publish Date: Mon, 06 Jul 2026 10:07 PM (IST)
Updated Date: Mon, 06 Jul 2026 10:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਤੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਕ੍ਰਾਸਿੰਗ ਦਾ ਕੰਮ ਫਿਲਹਾਲ ਰੋਕ ਦਿੱਤਾ ਗਿਆ ਹੈ। ਹੁਣ ਇਹ ਕੰਮ ਮੌਨਸੂਨ ਮਗਰੋਂ ਕੀਤਾ ਜਾਵੇਗਾ। ਸਰਵਿਸ ਰੋਡ ਤੇ ਫੋਕਲ ਪੁਆਇੰਟ ਤੋਂ ਲੰਮਾ ਪਿੰਡ ਚੌਕ ਅਤੇ ਪਠਾਨਕੋਟ ਚੌਕ ਤੋਂ ਇੰਡਸਟ੍ਰੀਅਲ ਏਰੀਆ ਦੀ ਕੈਨਾਲ ਕ੍ਰਾਸਿੰਗ ਤੱਕ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ। ਇਸ ਕਾਰਨ ਸੜਕ ਤੇ ਡੂੰਘੇ ਟੋਏ ਪੈ ਗਏ ਹਨ ਤੇ ਬਰਸਾਤ ਕਾਰਨ ਇੱਥੇ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ। ਇਹ ਕੰਮ ਨੈਸ਼ਨਲ ਹਾਈਵੇ ਦੀ ਮਨਜ਼ੂਰੀ ਨਾਲ ਲਾਰਸਨ ਐਂਡ ਟੂਬਰੋ ਕੰਪਨੀ ਕਰ ਰਹੀ ਹੈ ਪਰ ਪ੍ਰੋਜੈਕਟ ਦੀ ਨੋਡਲ ਏਜੰਸੀ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਨੇ ਕੰਪਨੀ ਨੂੰ ਸਲਾਹ ਦਿੱਤੀ ਕਿ ਮੌਨਸੂਨ ਦੌਰਾਨ ਰੋਡ ਕ੍ਰਾਸਿੰਗ ਦਾ ਕੰਮ ਨਾ ਕੀਤਾ ਜਾਵੇ। ਇਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਮੀਂਹ ਦਾ ਮੌਸਮ ਖਤਮ ਹੋਣ ਉਪਰੰਤ ਹੀ ਇਹ ਕੰਮ ਅੱਗੇ ਵਧਾਇਆ ਜਾਵੇਗਾ। ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਦੇ ਦੋਵਾਂ ਪਾਸਿਆਂ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ ਤੇ ਹੁਣ ਦੋਵਾਂ ਪਾਸਿਆਂ ਦੀਆਂ ਪਾਈਪਾਂ ਨੂੰ ਆਪਸ ਵਿੱਚ ਜੋੜਿਆ ਜਾਣਾ ਹੈ। ਇਸ ਲਈ ਜ਼ਮੀਨ ਹੇਠਾਂ ਸੁਰੰਗ ਬਣਾਉਣੀ ਪਵੇਗੀ। ਮੌਨਸੂਨ ਦੌਰਾਨ ਇਸ ਸੁਰੰਗ ਵਿੱਚ ਪਾਣੀ ਭਰਨ ਦਾ ਖਤਰਾ ਰਹੇਗਾ, ਜਿਸ ਨਾਲ ਸੜਕ ਧਸ ਸਕਦੀ ਹੈ। ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਐੱਸਡੀਓ ਪਦਮਜੀਤ ਸਿੰਘ ਨੇ ਦੱਸਿਆ ਕਿ ਸਰਵਿਸ ਲੇਨ ਦੀ ਹਾਲਤ ਪਹਿਲਾਂ ਹੀ ਕਾਫ਼ੀ ਮਾੜੀ ਹੈ ਤੇ ਜੇ ਹੁਣ ਜ਼ਮੀਨ ਹੇਠਾਂ ਪਾਈਪ ਪਾਉਣ ਲਈ ਖੁਦਾਈ ਕੀਤੀ ਗਈ ਤਾਂ ਸੜਕ ਧਸਣ ਦਾ ਖਤਰਾ ਹੋਰ ਵੱਧ ਜਾਵੇਗਾ। ਸਰਵਿਸ ਰੋਡ ਤੇ ਕਰੀਬ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਪਠਾਨਕੋਟ ਚੌਕ, ਸੂਰੀਆ ਐਨਕਲੇਵ, ਡੀਏਵੀ ਕਾਲਜ, ਦਕੋਹਾ ਸਮੇਤ ਸੱਤ ਥਾਵਾਂ ਤੇ ਪਾਈਪਲਾਈਨ ਕਰਾਸਿੰਗ ਕੀਤੀ ਜਾਣੀ ਬਾਕੀ ਹੈ। ਸਰਵਿਸ ਰੋਡ ਤੇ ਵਧ ਰਹੀਆਂ ਮੁਸ਼ਕਲਾਂ ਦਾ ਇੱਕ ਵੱਡਾ ਕਾਰਨ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲਮੇਲ ਦੀ ਘਾਟ ਅਤੇ ਕੰਮ ਵਿੱਚ ਹੋ ਰਹੀ ਦੇਰੀ ਹੈ। ਜੇ ਪਾਈਪਲਾਈਨ ਵਿਛਾਉਣ ਦਾ ਕੰਮ 15 ਦਿਨ ਪਹਿਲਾਂ ਮੁਕੰਮਲ ਕਰ ਲਿਆ ਜਾਂਦਾ ਜਾਂ ਸਮੇਂ ਸਿਰ ਰੋਕ ਦਿੱਤਾ ਜਾਂਦਾ ਤਾਂ ਲੋਕਾਂ ਨੂੰ ਆਵਾਜਾਈ ਵਿੱਚ ਇੰਨੀ ਪਰੇਸ਼ਾਨੀ ਨਾ ਝੱਲਣੀ ਪੈਂਦੀ। ਟੋਇਆਂ ਕਾਰਨ ਇੱਥੇ ਲਗਾਤਾਰ ਹਾਦਸੇ ਵਾਪਰ ਰਹੇ ਹਨ ਅਤੇ ਬਰਸਾਤ ਤੋਂ ਬਾਅਦ ਤਾਂ ਆਵਾਜਾਈ ਲਗਪਗ ਠੱਪ ਹੋ ਜਾਂਦੀ ਹੈ। ਨੈਸ਼ਨਲ ਹਾਈਵੇ ਅਥਾਰਟੀ ਨੇ ਪਿਛਲੇ ਇੱਕ ਸਾਲ ਤੋਂ ਸਰਵਿਸ ਰੋਡ ਦੀ ਮੁਰੰਮਤ ਜਾਂ ਪਾਣੀ ਦੀ ਨਿਕਾਸੀ ਲਈ ਕੋਈ ਢੰਗ ਦਾ ਪ੍ਰਬੰਧ ਨਹੀਂ ਕੀਤਾ, ਜਿਸ ਕਾਰਨ ਹਾਲਾਤ ਹੋਰ ਵਿਗੜ ਰਹੇ ਹਨ। ---------------------------- ਇਕ ਪਾਸੇ ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਤੇਜ਼, ਦੂਜੇ ਪਾਸੇ ਭਰਿਆ ਪਾਣੀ ਨੈਸ਼ਨਲ ਹਾਈਵੇ ਅਥਾਰਟੀ ਨੇ ਟਰਾਂਸਪੋਰਟ ਨਗਰ ਚੌਕ ਤੋਂ ਫੋਕਲ ਪੁਆਇੰਟ ਤੱਕ ਪੁੱਟੀ ਗਈ ਸੜਕ ਤੇ ਇੰਟਰਲਾਕਿੰਗ ਟਾਈਲਾਂ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸੀਵਰੇਜ ਬੋਰਡ ਦੇ ਐੱਸਡੀਓ ਪਦਮਦੀਪ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਨਗਰ ਤੋਂ ਪਠਾਨਕੋਟ ਚੌਕ ਅਤੇ ਪਠਾਨਕੋਟ ਚੌਕ ਤੋਂ ਫੋਕਲ ਪੁਆਇੰਟ ਤੱਕ ਜਿੱਥੇ-ਜਿੱਥੇ ਪਾਈਪਲਾਈਨ ਵਿਛਾਈ ਗਈ ਸੀ, ਉੱਥੇ ਬੇਸ ਵਰਕ ਮੁਕੰਮਲ ਕਰਕੇ ਸੜਕ ਨਿਰਮਾਣ ਲਈ ਹਾਈਵੇ ਅਥਾਰਟੀ ਨੂੰ ਸੌਂਪ ਦਿੱਤੀ ਗਈ ਹੈ। ਅਥਾਰਟੀ ਨੇ ਲੰਮੇ ਹਿੱਸੇ ਤੇ ਟਾਈਲਾਂ ਵੀ ਵਿਛਾ ਦਿੱਤੀਆਂ ਹਨ। ਹਾਲਾਂਕਿ ਟਰਾਂਸਪੋਰਟ ਨਗਰ ਤੋਂ ਪਠਾਨਕੋਟ ਚੌਕ ਅਤੇ ਵਾਪਸੀ ਵਾਲੀ ਸਰਵਿਸ ਰੋਡ ਤੇ ਪਾਣੀ ਭਰਨ ਕਾਰਨ ਕੰਮ ਨਹੀਂ ਹੋ ਸਕਿਆ। ਜੇ ਅਗਲੇ ਇੱਕ ਹਫ਼ਤੇ ਤੱਕ ਮੀਂਹ ਜਾਰੀ ਰਿਹਾ ਤਾਂ ਇਨ੍ਹਾਂ ਸੜਕਾਂ ਤੇ ਟਾਈਲਾਂ ਵਿਛਾਉਣ ਦਾ ਕੰਮ ਹੋਰ ਲੰਮਾ ਖਿੱਚ ਸਕਦਾ ਹੈ। ਇਸ ਕਾਰਨ ਮੌਨਸੂਨ ਦੌਰਾਨ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ ਅਤੇ ਹਾਦਸਿਆਂ ਦਾ ਖਤਰਾ ਵੀ ਬਣਿਆ ਰਹੇਗਾ। ----------------------------- ਸੜਕ ਨਿਰਮਾਣ ਲਈ ਐੱਨਐੱਚਏਆਈ ਨੂੰ ਦਿੱਤੇ 19 ਕਰੋੜ ਰੁਪਏ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਪਾਈਪਲਾਈਨ ਵਿਛਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਨੂੰ 19 ਕਰੋੜ ਰੁਪਏ ਦਿੱਤੇ ਗਏ ਹਨ। ਇਸ ਪ੍ਰੋਜੈਕਟ ਤਹਿਤ ਜਿੱਥੇ ਵੀ ਨੈਸ਼ਨਲ ਹਾਈਵੇ ਜਾਂ ਸਰਵਿਸ ਲੇਨ ਨੂੰ ਤੋੜਿਆ ਜਾਵੇਗਾ, ਉਸ ਦੀ ਮੁਰੰਮਤ ਦਾ ਖਰਚਾ ਵੀ ਇਸੇ ਪ੍ਰੋਜੈਕਟ ਵਿੱਚੋਂ ਕੀਤਾ ਜਾਵੇਗਾ। ਸੜਕ ਦਾ ਨਿਰਮਾਣ ਐੱਨਐੱਚਏਆਈ ਵੱਲੋਂ ਹੀ ਕਰਵਾਇਆ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਜਿੱਥੇ-ਜਿੱਥੇ ਪਾਈਪਲਾਈਨ ਦੀ ਕਰਾਸਿੰਗ ਹੋਵੇਗੀ, ਉੱਥੇ ਸੁਰੰਗ ਬਣਾਉਣ ਕਾਰਨ ਸੜਕ ਨੂੰ ਹੋਰ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ। ----------------------------- ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਟੁੱਟੀ ਸੜਕ ਚ ਫਸੀ ਸਕੂਲ ਬੱਸ ਗੁਰੂ ਗੋਬਿੰਦ ਸਿੰਘ ਐਵੇਨਿਊ ’ਚ ਬਣ ਰਹੀ ਸੜਕ ਤੇ ਸੀਵਰੇਜ ਪਾਈਪਲਾਈਨ ਟੁੱਟਣ ਕਾਰਨ ਹਾਲਾਤ ਵਿਗੜ ਗਏ ਹਨ। ਇੱਥੇ ਸੜਕ ਦਲਦਲ ਵਿੱਚ ਤਬਦੀਲ ਹੋ ਗਈ ਹੈ ਅਤੇ ਸੋਮਵਾਰ ਨੂੰ ਇੱਕ ਸਕੂਲ ਬੱਸ ਖੱਡੇ ਵਿੱਚ ਫਸ ਗਈ। ਨਗਰ ਨਿਗਮ ਵੱਲੋਂ ਸੜਕ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਪਰ ਬੇਸ ਵਰਕ ਦੌਰਾਨ ਡਿਚ ਮਸ਼ੀਨ ਨਾਲ ਖੁਦਾਈ ਕਰਦੇ ਸਮੇਂ ਵਾਟਰ ਸਪਲਾਈ ਲਾਈਨ ਟੁੱਟ ਗਈ। ਇੱਕ ਹਫ਼ਤੇ ਤੋਂ ਇਹ ਲਾਈਨ ਠੀਕ ਨਾ ਹੋਣ ਕਾਰਨ ਲਗਾਤਾਰ ਪਾਣੀ ਭਰ ਰਿਹਾ ਹੈ ਅਤੇ ਸੜਕ ਕਾਫ਼ੀ ਨਰਮ ਹੋ ਗਈ ਹੈ। ਇਸੇ ਕਾਰਨ ਸੋਮਵਾਰ ਨੂੰ ਸਕੂਲ ਬੱਸ ਟੋਏ ਵਿੱਚ ਫਸ ਗਈ, ਜਿਸ ਨੂੰ ਕਾਫ਼ੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।