ਪਿਮਸ ਸੇਵਾ ਕੇਂਦਰ ’ਚ ‘ਸੇਵਾ’ ਦਾ ਸ਼ਰਮਨਾਕ ਚਿਹਰਾ! ਪਿਮਸ ਸੇਵਾ ਕੇਂਦਰ ਵਿੱਚ ‘ਸੇਵਾ’ ਦਾ ਸ਼ਰਮਨਾਕ ਚਿਹਰਾ!
Publish Date: Sat, 08 Aug 2026 08:33 PM (IST)
Updated Date: Sat, 08 Aug 2026 08:35 PM (IST)
ਸਵੇਰੇ 8:30 ਵਜੇ ਟੋਕਨ, ਸ਼ਾਮ ਸਾਢੇ 4 ਵਜੇ ਵਾਰੀ… ਫਿਰ ਵੀ ਸਟਾਫ ਨੇ ਕੰਮ ਕਰਨ ਤੋਂ ਕੀਤਾ ਇਨਕਾਰ! ਸਬਹੈਡਿੰਗ ਐੱਸਸੀ ਸਰਟੀਫਿਕੇਟ ਬਣਵਾਉਣ ਪਹੁੰਚੀ ਔਰਤ ਨੇ ਮਹਿਲਾ ਸਟਾਫ ’ਤੇ ਬਦਤਮੀਜ਼ੀ ਕਰਨ ਦੇ ਲਗਾਏ ਦੋਸ਼ ਲਖਬੀਰ, ਪੰਜਾਬੀ ਜਗਾਰਣ ਜਲੰਧਰ : ਸਰਕਾਰ ਵੱਲੋਂ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੇਵਾਵਾਂ ਆਸਾਨੀ ਨਾਲ ਮੁਹੱਈਆ ਕਰਵਾਉਣ ਲਈ ਬਣਾਏ ਗਏ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ’ਤੇ ਇੱਕ ਵਾਰ ਮੁੜ ਸਵਾਲ ਖੜ੍ਹੇ ਹੋ ਗਏ ਹਨ। ਜਲੰਧਰ ਦੇ ਪਿਮਸ ਹਸਪਤਾਲ ਸਥਿਤ ਸੇਵਾ ਕੇਂਦਰ ਵਿਚ ਇਕ ਔਰਤ ਨੇ ਕਾਊਂਟਰ ਨੰਬਰ-2 ’ਤੇ ਤਾਇਨਾਤ ਮਹਿਲਾ ਸਟਾਫ ’ਤੇ ਉਸ ਨੂੰ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕਰਨ, ਕੰਮ ਕਰਨ ਤੋਂ ਇਨਕਾਰ ਕਰਨ ਅਤੇ ਵਿਰੋਧ ਕਰਨ ’ਤੇ ਬਦਤਮੀਜ਼ੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਗੜ੍ਹਾ ਵਾਸੀ ਸੱਤਿਆ ਪਤਨੀ ਆਲੋਕ ਚੰਦ ਨੇ ਦੱਸਿਆ ਕਿ ਉਹ ਐੱਸਸੀ ਸਰਟੀਫਿਕੇਟ ਬਣਵਾਉਣ ਅਤੇ ਜਨਮ ਸਰਟੀਫਿਕੇਟ ਦੀ ਅਪਡੇਸ਼ਨ ਕਰਵਾਉਣ ਲਈ ਪਿਮਸ ਸਥਿਤ ਸੇਵਾ ਕੇਂਦਰ ਪਹੁੰਚੀ ਸੀ। ਉਸ ਨੇ ਬਕਾਇਦਾ ਟੋਕਨ ਲਿਆ ਸੀ ਅਤੇ ਸਵੇਰੇ ਕਰੀਬ 8:30 ਵਜੇ ਸੇਵਾ ਕੇਂਦਰ ਪਹੁੰਚ ਗਈ ਸੀ ਪਰ ਕਈ ਘੰਟੇ ਉਡੀਕ ਕਰਨ ਤੋਂ ਬਾਅਦ ਉਸ ਦੀ ਵਾਰੀ ਕਰੀਬ ਸ਼ਾਮ ਸਾਢੇ 4 ਵਜੇ ਆਈ। ਕਾਊਂਟਰ ’ਤੇ ਪਹੁੰਚਦੇ ਹੀ ਕੰਮ ਕਰਨ ਤੋਂ ਕਰ ਦਿੱਤਾ ਇਨਕਾਰ ਸੱਤਿਆ ਮੁਤਾਬਕ ਜਦੋਂ ਉਹ ਕਾਊਂਟਰ ਨੰਬਰ-2 ’ਤੇ ਪਹੁੰਚੀ ਤਾਂ ਉੱਥੇ ਤਾਇਨਾਤ ਮਹਿਲਾ ਸਟਾਫ ਨੇ ਉਸ ਦਾ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੋਸ਼ ਲਗਾਇਆ ਕਿ ਸਟਾਫ ਨੇ ਕਿਹਾ ਕਿ ਇਹ ਟੋਕਨ ਉਸ ਦਾ ਨਹੀਂ ਹੈ, ਬਲਕਿ ਉਸ ਨੇ ਕਿਸੇ ਹੋਰ ਵਿਅਕਤੀ ਤੋਂ ਲਿਆ ਹੈ, ਇਸ ਲਈ ਉਸ ਦਾ ਕੰਮ ਨਹੀਂ ਕੀਤਾ ਜਾਵੇਗਾ। ਔਰਤ ਦਾ ਕਹਿਣਾ ਹੈ ਕਿ ਉਸ ਨੇ ਕਾਫ਼ੀ ਵਾਰ ਬੇਨਤੀ ਕੀਤੀ ਅਤੇ ਆਪਣੀ ਸਮੱਸਿਆ ਦੱਸੀ, ਪਰ ਇਸ ਦੇ ਬਾਵਜੂਦ ਉਸਦਾ ਐੱਸਸੀ ਸਰਟੀਫਿਕੇਟ ਨਹੀਂ ਬਣਾਇਆ ਗਿਆ। ਸੱਤਿਆ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਇਸ ਰਵੱਈਏ ਦਾ ਵਿਰੋਧ ਕੀਤਾ ਤਾਂ ਉਕਤ ਮਹਿਲਾ ਸਟਾਫ ਨੇ ਉਸ ਨਾਲ ਕਥਿਤ ਤੌਰ ’ਤੇ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਸਟਾਫ ਨੂੰ ਵੀ ਮੇਰਾ ਕੰਮ ਕਰਨ ਤੋਂ ਰੋਕ ਦਿੱਤਾ ਸੱਤਿਆ ਨੇ ਦੋਸ਼ ਲਗਾਇਆ ਕਿ ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ। ਉਸ ਦੇ ਮੁਤਾਬਕ ਕਾਊਂਟਰ-2 ’ਤੇ ਤਾਇਨਾਤ ਮਹਿਲਾ ਸਟਾਫ ਨੇ ਸੇਵਾ ਕੇਂਦਰ ਦੇ ਹੋਰ ਕਰਮਚਾਰੀਆਂ ਨੂੰ ਵੀ ਉਸ ਦਾ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ। ਔਰਤ ਦਾ ਕਹਿਣਾ ਹੈ ਕਿ ਸਟਾਫ ਦਾ ਉਸ ਦੇ ਪ੍ਰਤੀ ਰਵੱਈਆ ਅਜਿਹਾ ਸੀ, ਜਿਵੇਂ ਉਸ ਨਾਲ ਕੋਈ ਪੁਰਾਣੀ ਦੁਸ਼ਮਣੀ ਹੋਵੇ। ਸੱਤਿਆ ਨੇ ਕਿਹਾ ਕਿ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਆਸਾਨੀ ਨਾਲ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜੇਕਰ ਸੇਵਾ ਕੇਂਦਰ ਵਿੱਚ ਘੰਟਿਆਂ ਉਡੀਕ ਕਰਨ ਤੋਂ ਬਾਅਦ ਵੀ ਕਰਮਚਾਰੀ ਲੋਕਾਂ ਦਾ ਕੰਮ ਕਰਨ ਤੋਂ ਇਨਕਾਰ ਕਰਨ ਅਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਦੁਰਵਿਹਾਰ ਕੀਤਾ ਜਾਵੇ ਤਾਂ ਅਜਿਹੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਆਪਣੇ ਆਪ ਸਾਹਮਣੇ ਆ ਜਾਂਦੀ ਹੈ। ਉਸ ਨੇ ਕਿਹਾ ਕਿ ਤਰਸ ਕਰ ਕੇ ਨਾਲ ਦੀ ਕਾਊਂਟਰ ਵਾਲੀ ਮੈਡਮ ਨੇ ਜਨਮ ਸਰਟੀਫਿਕੇਟ ਦੀ ਅਪਡੇਸ਼ਨ ਵਾਲਾ ਕੰਮ ਕੀਤਾ। ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ : ਡੀਐੱਮ ਮਾਮਲੇ ਸਬੰਧੀ ਜਦੋਂ ਡੀਐੱਮ ਹਰਜੋਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਸੇਵਾ ਕੇਂਦਰ ਦੇ ਸਟਾਫ ਦੀ ਗਲਤੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਕਰਮਚਾਰੀ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਜਾਵੇਗੀ।