- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਾਕਾ ਮਾਰਕੀਟ ’ਚ ਬਾਰੂਦ ਦੇ ਢੇਰ ’ਤੇ ਲੋਕ, ਅੱਗ ਲੱਗੀ ਤਾਂ ਕਿਵੇਂ ਬਚਣਗੀਆਂ ਜਾਨਾਂ!

ਹਾਈਵੇ ਨਾਲ ਲੱਗੀ ਮਾਰਕੀਟ ਨੇ ਲੋਕਾਂ ਦਾ ਰੋਕਿਆ ਰਾਹ, ਦੇਰ ਰਾਤ ਤੱਕ ਲੱਗੇ ਜਾਮ ਨੇ ਖੋਲ੍ਹੀ ਟਰੈਫਿਕ ਪ੍ਰਬੰਧਾਂ ਦੀ ਪੋਲ
ਲਖਬੀਰ, ਪੰਜਾਬੀ ਜਾਗਰਣ ਜਲੰਧਰ
ਦੀਵਾਲੀ ਦੀਆਂ ਖੁਸ਼ੀਆਂ ਵਿਚਕਾਰ ਜਲੰਧਰ ਦੀ ਪਟਾਕਾ ਮਾਰਕੀਟ ਆਮ ਲੋਕਾਂ ਲਈ ਪਰੇਸ਼ਾਨੀ ਤੇ ਸੁਰੱਖਿਆ ਦੇ ਲਿਹਾਜ਼ ਨਾਲ ਗੰਭੀਰ ਸਵਾਲਾਂ ਦਾ ਕੇਂਦਰ ਬਣ ਗਈ। ਪਟਾਕੇ ਖਰੀਦਣ ਲਈ ਉਮੜੀ ਭੀੜ ਨੇ ਜਿੱਥੇ ਮੁੱਖ ਹਾਈਵੇ ’ਤੇ ਆਵਾਜਾਈ ਦਾ ਬੁਰਾ ਹਾਲ ਕਰ ਦਿੱਤਾ, ਉੱਥੇ ਹੀ ਮਾਰਕੀਟ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਘਾਟ ਨੇ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਵਧਾ ਦਿੱਤੀ। ਹਾਲਾਤ ਇਹ ਹਨ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਦੇਰ ਰਾਤ ਤੱਕ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਤੇ ਜਲੰਧਰ ਤੋਂ ਪਠਾਨਕੋਟ ਤੇ ਜੰਮੂ ਵੱਲ ਆਉਣ-ਜਾਣ ਵਾਲੇ ਰਾਹਗੀਰ ਵੀ ਜਾਮ ਵਿਚ ਫਸੇ ਰਹੇ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪਟਾਕਿਆਂ ਨਾਲ ਭਰੀ ਮਾਰਕੀਟ ’ਚ ਜੇ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਉਸ ’ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਕੋਲ ਕੀ ਪ੍ਰਬੰਧ ਹਨ। ਕਰੀਬ 10 ਫੁੱਟ ਚੌੜੀ ਸੜਕ ਲੋਕਾਂ ਅਤੇ ਵਾਹਨਾਂ ਨਾਲ ਖਚਾਖਚ ਭਰੀ ਹੋਣ ਕਾਰਨ ਐਮਰਜੈਂਸੀ ਵਿਚ ਫਾਇਰ ਬ੍ਰਿਗੇਡ ਦੀ ਗੱਡੀ ਦਾ ਮੌਕੇ ਤੱਕ ਪਹੁੰਚਣਾ ਵੀ ਵੱਡੀ ਚੁਣੌਤੀ ਬਣ ਸਕਦਾ ਹੈ। ਵਪਾਰੀਆਂ ਨੂੰ ਕਈ ਦਿਨਾਂ ਤੱਕ ਲਾਇਸੈਂਸਾਂ ਅਤੇ ਮਾਰਕੀਟ ਦੀ ਜਗ੍ਹਾ ਨੂੰ ਲੈ ਕੇ ਉਲਝਣਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਮਾਰਕੀਟ ਲੱਗਣ ਤੋਂ ਬਾਅਦ ਟਰੈਫਿਕ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਤਿਆਰੀ ’ਤੇ ਸਵਾਲ ਉੱਠ ਰਹੇ ਹਨ। ਦੂਜੇ ਪਾਸੇ ਪਟਾਕਿਆਂ ਦੇ ਰੇਟਾਂ ਵਿਚ ਵੀ ਪਿਛਲੇ ਸਾਲ ਦੇ ਮੁਕਾਬਲੇ ਕਰੀਬ 30 ਫੀਸਦੀ ਤੱਕ ਵਾਧੇ ਦੀ ਗੱਲ ਸਾਹਮਣੇ ਆਈ ਹੈ।
---
ਹਾਈਵੇ ’ਤੇ ਜਾਮ, ਰਾਹਗੀਰਾਂ ਦੀ ਪਰੇਸ਼ਾਨੀ ਬੇਹਿਸਾਬ
ਦੀਵਾਲੀ ਤੋਂ ਇਕ ਦਿਨ ਪਹਿਲਾਂ ਪਟਾਕਾ ਮਾਰਕੀਟ ’ਚ ਖਰੀਦਦਾਰਾਂ ਦੀ ਭਾਰੀ ਭੀੜ ਉਮੜ ਪਈ। ਲੋਕਾਂ ਦੇ ਵਾਹਨ ਮਾਰਕੀਟ ਵੱਲ ਆਉਣ ਕਾਰਨ ਆਲੇ-ਦੁਆਲੇ ਦੀਆਂ ਸੜਕਾਂ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਦੇਰ ਰਾਤ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਮੁੱਖ ਹਾਈਵੇ ਦੇ ਬਿਲਕੁਲ ਨਾਲ ਮਾਰਕੀਟ ਹੋਣ ਕਾਰਨ ਜਲੰਧਰ ਤੋਂ ਪਠਾਨਕੋਟ ਤੇ ਜੰਮੂ ਵੱਲ ਜਾਣ ਵਾਲੇ ਜਾਂ ਓਧਰੋਂ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
---
10 ਫੁੱਟ ਦੀ ਸੜਕ, ਅੱਗ ਲੱਗੀ ਤਾਂ...
ਪਟਾਕਾ ਮਾਰਕੀਟ ਵਿਚ ਲੋਕਾਂ ਦੀ ਸੁਰੱਖਿਆ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਮਾਰਕੀਟ ਵਿਚ ਪਟਾਕਿਆਂ ਦੀਆਂ ਦੁਕਾਨਾਂ ਅਤੇ ਖਰੀਦਦਾਰਾਂ ਦੀ ਭਾਰੀ ਭੀੜ ਦੇ ਬਾਵਜੂਦ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧ ਨਜ਼ਰ ਨਾ ਆਉਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕਰੀਬ 10 ਫੁੱਟ ਚੌੜੀ ਸੜਕ ’ਤੇ ਲੋਕਾਂ ਅਤੇ ਵਾਹਨਾਂ ਦੀ ਖਚਾਖਚ ਭੀੜ ਰਹਿਣ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਰਾਹਤ ਕਾਰਜ ਸ਼ੁਰੂ ਕਰਨਾ ਮੁਸ਼ਕਲ ਹੋ ਸਕਦਾ ਹੈ। ਜੇਕਰ ਕਿਸੇ ਦੁਕਾਨ ਵਿਚ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਕੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚ ਸਕੇਗੀ।
---
ਪਟਾਕਿਆਂ ਲਈ ਲੋਕਾਂ ‘ਚ ਉਤਸ਼ਾਹ
ਪਟਾਕਾ ਮਾਰਕੀਟ ਵਿਚ ਲੋਕਾਂ ਦੀ ਭੀੜ ਨੇ ਇਸ ਵਾਰ ਪਟਾਕਿਆਂ ਦੀ ਖਰੀਦਦਾਰੀ ਪ੍ਰਤੀ ਭਾਰੀ ਉਤਸ਼ਾਹ ਦਿਖਾਇਆ ਪਰ ਭੀੜ ਨੂੰ ਸੰਭਾਲਣ ਲਈ ਪਾਰਕਿੰਗ, ਵਾਹਨਾਂ ਦੀ ਆਵਾਜਾਈ ਅਤੇ ਪੈਦਲ ਆਉਣ-ਜਾਣ ਵਾਲਿਆਂ ਲਈ ਵੱਖਰੇ ਪ੍ਰਬੰਧ ਕਿੰਨੇ ਪ੍ਰਭਾਵਸ਼ਾਲੀ ਰਹੇ, ਇਹ ਵੀ ਜਾਂਚ ਦਾ ਵਿਸ਼ਾ ਹੈ। ਮਾਰਕੀਟ ’ਚ ਲੋਕਾਂ ਦੀ ਆਮਦ ਦੇ ਨਾਲ ਹੀ ਆਵਾਜਾਈ ਦਾ ਦਬਾਅ ਵਧਦਾ ਰਿਹਾ ਪਰ ਇਸ ਨੂੰ ਕਾਬੂ ਕਰਨ ਲਈ ਕੀਤੇ ਗਏ ਪ੍ਰਬੰਧ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਦਿਖਾਈ ਨਹੀਂ ਦਿੱਤੇ।
---
ਰੇਟ ’ਚ 30 ਫੀਸਦੀ ਤੱਕ ਵਾਧਾ
ਇਸ ਵਾਰ ਪਟਾਕਿਆਂ ਦੀ ਖਰੀਦਦਾਰੀ ਕਰਨ ਆਏ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਵੀ ਕਰਨਾ ਪਿਆ। ਇਹ ਗੱਲ ਕਿਸ਼ਨਗੜ੍ਹ ਰਵੀ ਕੁਮਾਰ, ਕਿਸ਼ਨ ਲਾਲ, ਅਨੂਪ ਸ਼ਰਮਾ, ਜਲੰਧਰ ਦੇ ਪਵਨ, ਗੁਰਮੀਤ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਪਟਾਕਿਆਂ ਦੇ ਰੇਟਾਂ ਵਿਚ ਕਰੀਬ 30 ਫੀਸਦੀ ਤੱਕ ਵਾਧਾ ਦੇਖਣ ਨੂੰ ਮਿਲਿਆ। ਤਿਉਹਾਰ ਦੀ ਖੁਸ਼ੀ ਵਿਚ ਖਰੀਦਦਾਰੀ ਕਰਨ ਆਏ ਲੋਕਾਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਈ।
---
ਗ੍ਰੀਨ ਦੀਵਾਲੀ ਦਾ ਨਾਅਰਾ ਪਰ ਅਮਲ ਸਿਫ਼ਰ
ਹਰ ਸਾਲ ਪ੍ਰਸ਼ਾਸਨ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਜਾਂਦੀ ਹੈ। ਲੋਕਾਂ ਨੂੰ ਘੱਟ ਪ੍ਰਦੂਸ਼ਣ ਵਾਲੇ ਤਰੀਕੇ ਅਪਣਾਉਣ ਅਤੇ ਵਾਤਾਵਰਣ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ ਪਰ ਪਟਾਕਾ ਮਾਰਕੀਟ ਵਿਚ ਭਾਰੀ ਭੀੜ ਅਤੇ ਪਟਾਕਿਆਂ ਦੀ ਖਰੀਦਦਾਰੀ ਦੇ ਮਾਹੌਲ ਵਿਚ ਇਹ ਸਵਾਲ ਵੀ ਅਹਿਮ ਹੈ ਕਿ ਗ੍ਰੀਨ ਦੀਵਾਲੀ ਦੇ ਸੰਦੇਸ਼ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਕਿਹੜੇ ਠੋਸ ਉਪਰਾਲੇ ਕੀਤੇ ਗਏ। ਸਿਰਫ਼ ਅਪੀਲਾਂ ਅਤੇ ਜਾਗਰੂਕਤਾ ਮੁਹਿੰਮਾਂ ਨਾਲ ਵਾਤਾਵਰਣ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਸਕਦੀ।